ਯੂ.ਐਨ. ਤਾਂ ਮਹਿਜ਼ ਗੱਪਾਂ ਮਾਰਨ ਵਾਲਾ ਕਲੱਬ ਬਣ ਗਿਐ : ਟਰੰਪ

ਯੂ.ਐਨ. ਤਾਂ ਮਹਿਜ਼ ਗੱਪਾਂ ਮਾਰਨ ਵਾਲਾ ਕਲੱਬ ਬਣ ਗਿਐ : ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਡੋਨਲਡ ਟਰੰਪ ਨੇ ਸੰਯੁਕਤ ਰਾਸ਼ਟਰ ਨੂੰ ਕਰੜੇ ਹੱਥੀਂ ਲੈਂਦਿਆਂ ਇਸ ਆਲਮੀ ਸੰਸਥਾ ਨੂੰ ‘ਲੋਕਾਂ ਲਈ ਗੱਲਾਂ ਮਾਰਨ ਅਤੇ ਚੰਗਾ ਸਮਾਂ ਬਿਤਾਉਣ ਵਾਲਾ ਕਲੱਬ ਦੱਸਿਆ ਹੈ’। ਟਰੰਪ ਨੇ ਟਵੀਟ ਕੀਤਾ, ‘ਯੂਐਨ ਬੇਹੱਦ  ਸੰਭਾਵਨਾ ਭਰਭੂਰ ਸੰਸਥਾ ਹੈ ਪਰ ਮੌਜੂਦਾ ਸਮੇਂ ਇਹ ਮਹਿਜ਼ ਲੋਕਾਂ ਲਈ  ਮਿਲਣ-ਗਿਲਣ, ਗੱਲਾਂ ਮਾਰਨ ਅਤੇ ਸੋਹਣਾ ਸਮਾਂ ਬਿਤਾਉਣ ਵਾਲਾ ਕਲੱਬ ਬਣ ਕੇ ਰਹਿ ਗਈ ਹੈ। ਇਹ ਬੇਹੱਦ ਨਿਰਾਸ਼ਾਜਨਕ ਹੈ।’
ਟਰੰਪ ਦੀਆਂ ਇਹ ਟਿੱਪਣੀਆਂ ਰਾਸ਼ਟਰਪਤੀ ਬਰਾਕ ਓਬਾਮਾ ਦੇ ਪੱਛਮੀ ਕਿਨਾਰੇ ਅਤੇ ਯੇਰੂਸ਼ਲਮ ਦੇ ਕੁੱਝ ਹਿੱਸਿਆਂ ਵਿੱਚ ਇਸਰਾਈਲ ਦੀਆਂ ਨਾਜਾਇਜ਼ ਬਸਤੀਆਂ ਖ਼ਿਲਾਫ਼ ਯੂਐਨ ਸੁਰੱਖਿਆ ਕੌਂਸਲ ਵਿਚ ਨਿੰਦਾ ਪ੍ਰਸਤਾਵ ਉਤੇ ਮਤਦਾਨ ਵਿੱਚ ਸ਼ਾਮਲ ਨਾ ਹੋਣ ਦੇ ਫ਼ੈਸਲੇ ਬਾਅਦ ਆਈਆਂ ਹਨ। ਅਮਰੀਕਾ ਦਾ ਮਤਦਾਨ ਵਿੱਚ ਸ਼ਾਮਲ ਨਾ ਹੋਣਾ ਨੀਤੀ ਵਿੱਚ ਉਸ ਇਤਿਹਾਸਕ ਬਦਲਾਅ ਦਾ ਸੰਕੇਤ ਹੈ ਜਿਸ ਤਹਿਤ ਪ੍ਰਸਤਾਵ ਪਾਸ ਹੋਣ ਨੂੰ ਮਨਜ਼ੂਰੀ ਮਿਲ ਜਾਂਦੀ ਹੈ। ਮਤਦਾਨ ਤੋਂ ਪਹਿਲਾਂ ਟਰੰਪ ਨੇ ਜਨਤਕ ਤੌਰ ‘ਤੇ ਅਮਰੀਕਾ ਨੂੰ ਕਿਹਾ ਸੀ ਕਿ ਉਹ ਪ੍ਰਸਤਾਵ ਨੂੰ ਵੀਟੋ ਕਰੇ।
‘ਵਾਸ਼ਿੰਗਟਨ ਪੋਸਟ’ ਮੁਤਾਬਕ ਟਰੰਪ ਦਾ ਟਵੀਟ ਇਸ ਗੱਲ ਦਾ ਸੰਕੇਤ ਹੈ ਕਿ ਉਹ ਕਾਰਜਭਾਰ ਸੰਭਾਲਣ ਬਾਅਦ ਪੱਛਮੀ ਏਸ਼ੀਆ ਪ੍ਰਤੀ 71 ਸਾਲਾਂ ਤੋਂ ਵੀ ਵੱਧ ਪੁਰਾਣੇ ਇਸ ਸੰਸਥਾਨ ਦੇ ਰੁਖ਼ ਨੂੰ ਚੁਣੌਤੀ ਦੇਵੇਗਾ। ਟਰੰਪ ਪਹਿਲਾਂ ਹੀ ਕਹਿ ਚੁੱਕਾ ਹੈ ਕਿ 20 ਜਨਵਰੀ ਬਾਅਦ ਯੂਐਨ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਦਲਣ ਵਾਲੀਆਂ ਹਨ। ਜ਼ਿਕਰਯੋਗ ਹੈ ਕਿ ਟਰੰਪ ਨੇ ਦੱਖਣੀ ਕੈਰੋਲਾਈਨਾ ਦੀ ਗਵਰਨਰ ਨਿੱਕੀ ਹੇਲੀ ਨੂੰ ਯੂਐਨ ਵਿੱਚ ਅਮਰੀਕਾ ਦੀ ਰਾਜਦੂਤ ਨਿਯੁਕਤ ਕੀਤਾ ਹੈ।

”ਮੈਨੂੰ ਤਾਂ ਓਬਾਮਾ ਵੀ ਨਹੀਂ ਸੀ ਹਰਾ ਸਕਦਾ”
ਟਰੰਪ ਦਾ ਕਹਿਣਾ ਹੈ ਕਿ ਇਸ ਵਾਰ ਰਾਸ਼ਟਰਪਤੀ ਦੀ ਚੋਣ ਵਿੱਚ ਉਸ ਨੂੰ ਬਰਾਕ ਓਬਾਮਾ ਵੀ ਨਹੀਂ ਹਰਾ ਸਕਦਾ ਸੀ। ਟਰੰਪ ਨੇ ਟਵੀਟ ਕੀਤਾ, ‘ਰਾਸ਼ਟਰਪਤੀ ਓਬਾਮਾ ਨੇ ਕਿਹਾ ਹੈ ਕਿ ਉਹ ਸੋਚਦਾ ਹੈ ਕਿ ਉਹ ਮੇਰੇ ਖ਼ਿਲਾਫ਼ ਜਿੱਤ ਜਾਂਦਾ। ਉਹ ਇਹ ਕਹਿ ਸਕਦਾ ਹੈ ਪਰ ਮੈਂ ਕਹਿੰਦਾ ਹਾਂ ਬਿਲਕੁਲ ਵੀ ਨਹੀਂ!’