ਜੀਐਚਜੀ. ਅਕੈਡਮੀ ਵੱਲੋਂ ਵਿਰਾਸਤੀ ਖੇਡਾਂ ਅਤੇ ਫੈਮਲੀ ਪਿਕਨਿਕ 9 ਮਾਰਚ ਨੂੰ

ਜੀਐਚਜੀ. ਅਕੈਡਮੀ ਵੱਲੋਂ ਵਿਰਾਸਤੀ ਖੇਡਾਂ ਅਤੇ ਫੈਮਲੀ ਪਿਕਨਿਕ 9 ਮਾਰਚ ਨੂੰ

ਫਰਿਜ਼ਨੋ/ਕੁਲਵੰਤ ਧਾਲੀਆਂ, ਨੀਟਾ ਮਾਛੀਕੇ :  
ਜੀਐਚਜੀ. ਅਕੈਡਮੀ ਵੱਲੋਂ ਸਮੂਹ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 'ਜਸਵੰਤ ਸਿੰਘ ਖਾਲੜਾ ਪਾਰਕ' ਫਰਿਜ਼ਨੋ ਵਿਖੇ 8ਵਾਂ ਸਲਾਨਾ ਵਿਰਾਸਤੀ ਖੇਡ ਮੇਲਾ ਅਤੇ ਪਰਿਵਾਰਕ ਪਿਕਨਿਕ ਇਸ ਸਾਲ 9 ਮਾਰਚ ਨੂੰ ਹੋਵੇਗੀ। ਇਸ ਸਬੰਧੀ ਅਕੈਡਮੀ ਵੱਲੋਂ ਸਹਿਯੋਗੀ ਮੈਂਬਰਾਂ ਲਈ ਰੱਖੇ ਗਏ ਦੁਪਹਿਰ ਦੇ ਖਾਣੇ ਦੌਰਾਨ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਸਮੇਂ ਬੱਚਿਆ ਨੇ ਮੰਨੋਰੰਜਨ ਲਈ ਗੀਤ ਗਾਏ ਅਤੇ ਖੇਡਾਂ ਖੇਡੀਆਂ। ਇਸ ਸਮੇਂ  ਬੁਲਾਰਿਆਂ ਵਿੱਚ ਗੁਰਦੀਪ ਸ਼ੇਰਗਿੱਲ, ਬਸੰਤ ਸਿੰਘ ਧਾਲੀਵਾਲ, ਸੁਖਦੇਵ ਸਿੱਧੂ ਪਰਮਜੀਤ ਧਾਲੀਵਾਲ ਅਤੇ ਬਾਕੀ ਮੈਂਬਰਾਂ ਨੇ ਵਿਚਾਰਾਂ ਦੀ ਸਾਂਝ ਪਾਈ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਅਤੇ ਬੱਚਿਆਂ ਨੂੰ ਆਪਣੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਲਈ ਨਵੇਂ ਪ੍ਰੋਗਰਾਮ ਵੀ ਉਲੀਕੇ ਗਏ। ਦੱਸਿਆ ਗਿਆ ਕਿ ਹਰ ਸਾਲ ਵਾਂਗ ਮਹੌਲ ਇਸ ਵਾਰ ਵੀ ਇਕ ਦੇਸੀ ਪੰਜਾਬੀ ਮੇਲੇ ਦੀ ਤਰ੍ਹਾਂ ਪੰਜਾਬੀ ਸੱਭਿਆਚਾਰ ਦੀ ਤਸਵੀਰ ਪੇਸ਼ ਕਰੇਗਾ, ਜਿਸ ਦੌਰਾਨ ਫਰੀ ਮੈਡੀਕਲ ਚੈੱਕਅੱਪ ਕੈਂਪ ਵੀ ਲਾਇਆ ਜਾਵੇਗਾ। ਇਸ ਵਿਰਾਸਤੀ  ਖੇਡ ਮੇਲੇ ਵਿੱਚ ਬੱਚਿਆਂ ਵੱਲੋਂ ਪੰਜਾਬੀ ਵਿਰਾਸਤੀ ਖੇਡਾਂ ਜਿਨ੍ਹਾਂ ਵਿੱਚ ਘੋੜਾ ਕਬੱਡੀ, ਪਿੱਠੂ, ਸਟਾਪੂ, ਬੰਟੇ, ਨਿੰਬੂ ਰੇਸ, ਗੁੱਲੀ ਡੰਡਾ, ਰੁਮਾਲ ਚੁੱਕਣਾ, ਬਾਂਦਰ-ਕੀਲਾ, ਖੋ-ਖੋ, ਬੋਲੀਆਂ ਮੁਕਾਬਲਾ, ਤਾਸ਼ ਦੀ ਖੇਡ ਅਤੇ ਹੋਰ ਖੇਡਾਂ ਦਾ ਭਰਪੂਰ ਪ੍ਰਦਰਸ਼ਨ ਕੀਤਾ ਜਾਵੇਗਾ। ਸਥਾਨਿਕ ਬਾਬਿਆਂ ਦੇ ਗਰੁੱਪਾਂ ਵੱਲੋਂ ਵੀ ਤਾਸ਼ ਦੀ ਸੀਪ ਖੇਡ ਦੇ ਮੁਕਾਬਲੇ ਦਿਖਾਏ ਜਾਣਗੇ। ਇਸੇ ਦੌਰਾਨ ਔਰਤਾਂ ਵੱਲੋਂ ਵੀ ਚਾਟੀ ਰੇਸ, ਮਿਊਜ਼ੀਕਲ ਚੇਅਰ, ਗੀਤ ਅਤੇ ਬੋਲੀਆਂ ਆਦਿਕ ਦੇ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਬਾਸਕਟਬਾਲ, ਵਾਲੀਬਾਲ ਅਤੇ ਸਾਕਰ ਦੇ ਮੁਕਾਬਲੇ ਵੀ ਹੋਣਗੇ। ਬਜ਼ੁਰਗਾਂ ਵੱਲੋਂ ਰੱਸਾਕਸ਼ੀ ਦੇ ਜੌਹਰ ਵੀ ਦਿਖਾਏ ਜਾਣਗੇ। ਇਸ ਮੌਕੇ ਸੰਨ 1972 ਉਲੰਿਪਕ ਦੇ 'ਟਰਿੱਪਲ ਜੰਪ' ਜੇਤੂ ਸ. ਮਹਿੰਦਰ ਸਿੰਘ ਗਿੱਲ ਦਾ ਸਨਮਾਨ ਕੀਤਾ ਜਾਵੇਗਾ। ਪ੍ਰੋਗਰਾਮ ਦੌਰਾਨ ਹਾਜ਼ਰੀਨ ਲਈ ਜਲੇਬੀਆਂ, ਪਕੌੜਿਆਂ ਅਤੇ ਫਰੂਟ ਆਦਿਕ ਦੇ ਲੰਗਰਾਂ ਦੇ ਖੁੱਲ੍ਹੇ ਪ੍ਰਬੰਧ ਹੋਣਗੇ। ਪ੍ਰਬੰਧਕਾਂ ਵੱਲੋਂ ਸਮੁੱਚੇ ਭਾਈਚਾਰੇ ਨੂੰ ਇਸ ਮੇਲੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਪੋਸਟਰ ਰਿਲੀਜ਼ ਪ੍ਰੋਗਰਾਮ ਵਿਚ ਉਦੈਦੀਪ ਸਿੱਧੂ, ਪਰਮਜੀਤ ਧਾਲੀਵਾਲ, ਗੁਰਪ੍ਰੀਤ ਸ਼ੇਰਗਿੱਲ, ਬਸੰਤ ਧਾਲੀਵਾਲ, ਸੁਖਦੇਵ ਸਿੱਧੂ, ਸੁਖਮਿੰਦਰ ਸਰੋਏ, ਜਗਰੂਪ ਧਾਲੀਵਾਲ, ਅਰਵਿੰਦਰ ਕਾਹਲੋਂ, ਪ੍ਰੀਤ ਗਿੱਲ, ਸੁਰਜੀਤ ਸਿੰਘ ਨਾਗੀ ਆਦਿਕ ਬਹੁਤ ਸਾਰੇ ਮੈਂਬਰ ਪਰਿਵਾਰਾਂ ਸਮੇਤ ਸ਼ਾਮਿਲ ਹੋਏ।