ਐਨ. ਡੀ. ਤਿਵਾੜੀ ਨੇ ਬੇਟੇ ਰੋਹਿਤ ਨੂੰ ਦਿਵਾਈ ਭਾਜਪਾ ਦੀ ਮੈਂਬਰਸ਼ਿਪ, ਖ਼ੁਦ ਵੀ ਸਮਰਥਨ ਦੇਣਗੇ

ਐਨ. ਡੀ. ਤਿਵਾੜੀ ਨੇ ਬੇਟੇ ਰੋਹਿਤ ਨੂੰ ਦਿਵਾਈ ਭਾਜਪਾ ਦੀ ਮੈਂਬਰਸ਼ਿਪ, ਖ਼ੁਦ ਵੀ ਸਮਰਥਨ ਦੇਣਗੇ

ਨਵੀਂ ਦਿੱਲੀ/ਬਿਊਰੋ ਨਿਊਜ਼ :
ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਨੇਤਾ ਐਨ. ਡੀ. ਤਿਵਾੜੀ (91) ਆਪਣੇ ਪੁੱਤਰ ਰੋਹਿਤ ਸ਼ੇਖਰ ਨਾਲ ਕਾਂਗਰਸ ਨੂੰ ਅਲਵਿਦਾ ਆਖ ਰੋਹਿਤ ਨੂੰ ਭਾਜਪਾ ਦੀ ਮੈਂਬਰਸ਼ਿਪ ਦਿਵਾ ਦਿੱਤੀ ਹੈ। ਉਨ੍ਹਾਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਘਰ ਜਾ ਕੇ ਪੁੱਤਰ ਨੂੰ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕਰਵਾਈ। ਉਨ੍ਹਾਂ ਕਿਹਾ ਕਿ ਉਹ ਵੀ ਭਾਜਪਾ ਨੂੰ ਆਪਣਾ ਸਮਰਥਨ ਦਿੰਦੇ ਰਹਿਣਗੇ। ਤਿਵਾੜੀ ਦੇਸ਼ ਦੇ ਇਕਲੌਤੇ ਅਜਿਹੇ ਨੇਤਾ ਹਨ ਜੋ 2 ਸੂਬਿਆਂ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਰਹੇ ਹਨ, ਇਸ ਦੇ ਨਾਲ ਹੀ ਰਾਜੀਵ ਗਾਂਧੀ ਸਰਕਾਰ ਵਿਚ ਉਹ ਕੇਂਦਰੀ ਮੰਤਰੀ ਤੇ ਕਈ ਸੂਬਿਆਂ ਦੇ ਰਾਜਪਾਲ ਵੀ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਆਪਣੇ ਪੁੱਤਰ ਰੋਹਿਤ ਨੂੰ ਕਾਂਗਰਸ ਤੋਂ ਟਿਕਟ ਨਾ ਮਿਲਣ ਦੀ ਸੰਭਾਵਨਾ ਨੂੰ ਵੇਖਦਿਆਂ ਉਹ ਭਾਜਪਾ ਦੇ ਨੇੜੇ ਹੋਏ ਹਨ। ਭਾਜਪਾ ਵੱਲੋਂ ਰੋਹਿਤ ਸ਼ੇਖਰ ਨੂੰ ਟਿਕਟ ਦਿੱਤੇ ਜਾਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਜਿਥੇ ਭਾਜਪਾ ਦੀ ਉਤਰਾਖੰਡ ਦੇ ਗਡਵਾਲੀ ਇਲਾਕੇ ਵਿਚ ਚੰਗੀ ਪਕੜ ਹੈ, ਉਥੇ ਕਮਾਉਂ ਨੂੰ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ। ਇਸੇ ਤਹਿਤ ਭਾਜਪਾ ਨੇ ਬਜ਼ੁਰਗ ਸਿਆਸਤਦਾਨ ਦੀ ਇਹ ਮੰਗ ਮਨਜ਼ੂਰ ਕਰ ਲਈ ਹੈ। ਹੁਣ ਐੱਨ.ਡੀ. ਤਿਵਾੜੀ ਆਪਣੇ ਬੇਟੇ ਨੂੰ ਸਿਆਸਤ ਵਿਚ ਸਥਾਪਤ ਕਰਨ ਦੀ ਕੋਸ਼ਿਸ਼ ਵਿਚ ਹਨ। ਤਿਵਾੜੀ ਵੱਲੋਂ ਪਹਿਲਾਂ ਰੋਹਿਤ ਨੂੰ ਸਮਾਜਵਾਦੀ ਪਾਰਟੀ ਵੱਲੋਂ ਟਿਕਟ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਫ਼ਲਤਾ ਨਾ ਮਿਲਣ ‘ਤੇ ਭਾਜਪਾ ਦਾ ਰੁਖ ਕੀਤਾ।