ਡਾ. ਮਨਮੋਹਨ ਸਿੰਘ ਦਾ ਮੌਨ ਭਾਜਪਾ ਦੇ ਸ਼ੋਰ ਤੋਂ ਵੱਧ ਅਸਰਦਾਰ- ਨਵਜੋਤ ਸਿੱਧੂ

ਡਾ. ਮਨਮੋਹਨ ਸਿੰਘ ਦਾ ਮੌਨ ਭਾਜਪਾ ਦੇ ਸ਼ੋਰ ਤੋਂ ਵੱਧ ਅਸਰਦਾਰ- ਨਵਜੋਤ ਸਿੱਧੂ

ਸਾਬਕਾ ਪ੍ਰਧਾਨ ਮੰਤਰੀ ਤੋਂ ਮੰਗੀ ਮੁਆਫ਼ੀ
ਨਵੀਂ ਦਿੱਲੀ/ਬਿਊਰੋ ਨਿਊਜ਼:
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਉਨ੍ਹਾਂ ਖ਼ਿਲਾਫ਼ ਪਿਛਲੇ ਸਮੇਂ ਵਿੱਚ ਭਾਜਪਾ ਵੱਲੋਂ ਚੋਣ ਪ੍ਰਚਾਰ ਦੌਰਾਨ ਕੀਤੀਆਂ ਤਲਖ਼ ਟਿੱਪਣੀਆਂ ਲਈ ਮੁਆਫ਼ੀ ਮੰਗੀ ਤੇ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਜੋ ਕੰਮ ਚੁੱਪ ਰਹਿ ਕੇ ਕੀਤੇ ਹਨ ਉਹ ਭਾਜਪਾ ਦੇ ਸ਼ੋਰ-ਸ਼ਰਾਬੇ ਦੌਰਾਨ ਨਹੀਂ ਹੋਏ। ਉਨ੍ਹਾਂ ਕਿਹਾ, ”ਮੈਂ ਸਰਦਾਰ ਮਨਮੋਹਨ ਸਿੰਘ ਤੋਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ। ਕਹਿਣਾ ਚਾਹੁੰਦਾ ਹਾਂ ਕਿ ਜੋ ਤੁਹਾਡੀ ਚੁੱਪ ਨੇ ਕਰ ਦਿਖਾਇਆ ਹੈ, ਉਹ ਭਾਜਪਾ ਦੇ ਸ਼ੋਰ-ਸ਼ਰਾਬੇ ਵਿੱਚ ਨਹੀਂ ਹੋਇਆ ਤੇ ਮੈਨੂੰ ਦਸ ਸਾਲ ਬਾਅਦ ਇਹ ਸਮਝ ਆਇਆ।” ਜ਼ਿਕਰਯੋਗ ਹੈ ਕਿ ਭਾਜਪਾ ਲਈ ਚੋਣ ਪ੍ਰਚਾਰ ਦੌਰਾਨ ਆਪਣੇ ਲੱਛੇਦਾਰ ਭਾਸ਼ਣ ਸਮੇਂ ਸ੍ਰੀ ਸਿੱਧੂ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਭਾਜਪਾ ਦੀ ਤੁਲਨਾ ਖੋਖਲੇ ਬਾਂਸ ਨਾਲ ਤੇ ਰਾਹੁਲ ਗਾਂਧੀ ਨੂੰ ਗੰਨੇ ਵਾਂਗ ਅੰਦਰੋਂ-ਬਾਹਰੋਂ ਮਿੱਠਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭੂਤਕਾਲ ਵਿੱਚ ਕਾਂਗਰਸ ਦੀਆਂ ਹੋਈਆਂ ਹਾਰਾਂ ਦਾ ਜ਼ਿੰਮੇਵਾਰ ਰਾਹੁਲ ਨਹੀਂ ਹੈ। ਉਨ੍ਹਾਂ ਰਾਹੁਲ ਗਾਂਧੀ ਨੂੰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਦੱਸਿਆ।