ਪਿੰਡ ਧੰਨ ਸਿੰਘ ਖਾਨਾ ‘ਚ 9 ਮਹੀਨਿਆਂ ‘ਚ ਬੇਅਦਬੀ ਦੀ ਦੂਜੀ ਘਟਨਾ

ਪਿੰਡ ਧੰਨ ਸਿੰਘ ਖਾਨਾ ‘ਚ 9 ਮਹੀਨਿਆਂ ‘ਚ ਬੇਅਦਬੀ ਦੀ ਦੂਜੀ ਘਟਨਾ

ਕੈਪਸ਼ਨ- ਪਿੰਡ ਧੰਨ ਸਿੰਘ ਖਾਨਾ ਵਿੱਚ ਬੇਅਦਬੀ ਦੀ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਪੁਲੀਸ ਅਧਿਕਾਰੀ।
ਬਠਿੰਡਾ/ਬਿਊਰੋ ਨਿਊਜ਼ :
ਪਿੰਡ ਧੰਨ ਸਿੰਘ ਖਾਨਾ ਵਿੱਚ ਗੁਟਕੇ ਦੀ ਬੇਅਦਬੀ ਹੋ ਗਈ। ਪਿੰਡ ਵਿੱਚ ਕਰੀਬ 9 ਮਹੀਨੇ ਬਾਅਦ ਬੇਅਦਬੀ ਦੀ ਇਹ ਦੂਜੀ ਘਟਨਾ ਹੈ। ਜਾਣਕਾਰੀ ਅਨੁਸਾਰ ਧੰਨ ਸਿੰਘ ਖਾਨਾ ਦਾ ਵਸਨੀਕ ਮਲਕੀਤ ਸਿੰਘ ਸਵੇਰੇ ਗੁਰਦੁਆਰੇ ਮੱਥਾ ਟੇਕ ਕੇ ਮੁੜਿਆ ਤਾਂ ਗੁਰਦੁਆਰੇ ਦੇ ਗੇਟ ਨੇੜੇ ਸੁਖਮਨੀ ਸਾਹਿਬ ਦੇ ਗੁਟਕੇ ਦੇ 10-12 ਪੱਤਰੇ ਪਾਟੇ ਹੋਏ ਮਿਲੇ, ਜਦੋਂਕਿ ਕਈ ਹੋਰ ਪੱਤਰੇ ਖਿੱਲਰੇ ਪਏ ਸਨ। ਉਸ ਨੇ ਫੌਰੀ ਗ੍ਰੰਥੀ ਸਿਮਰਨਜੀਤ ਸਿੰਘ ਨੂੰ ਦੱਸਿਆ। ਇਸ ਮਗਰੋਂ ਐਸਐਸਪੀ ਨਵੀਨ ਸਿੰਗਲਾ, ਡੀਐਸਪੀ (ਦਿਹਾਤੀ) ਗੋਪਾਲ ਚੰਦ, ਥਾਣਾ ਕੋਟਫੱਤਾ ਦੇ ਮੁੱਖ ਥਾਣਾ ਅਫ਼ਸਰ ਮਹੇਸ਼ ਸੈਣੀ ਤੇ ਹੋਰ ਅਧਿਕਾਰੀ ਪਿੰਡ ਪੁੱਜ ਗਏ ਤੇ ਘਟਨਾ ਦਾ ਜਾਇਜ਼ਾ ਲਿਆ। ਇਸ ਮਗਰੋਂ ਪੱਤਰਿਆਂ ਨੂੰ ਤਖ਼ਤ ਦਮਦਮਾ ਸਾਹਿਬ ਪਹੁੰਚਾ ਦਿੱਤਾ ਗਿਆ। ਪਿੰਡ ਦੀ ਸਰਪੰਚ ਅਮਰਜੀਤ ਕੌਰ ਨੇ ਦੱਸਿਆ ਕਿ 9 ਮਹੀਨੇ ਪਹਿਲਾਂ ਵੀ ਇਸੇ ਜਗ੍ਹਾ ‘ਤੇ ਗੁਟਕੇ ਦੇ ਪੱਤਰੇ ਖਿੱਲਰੇ ਹੋਏ ਮਿਲੇ ਸਨ।
ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਨੇ ਦੱਸਿਆ ਕਿ 9 ਮਹੀਨੇ ਪਹਿਲਾਂ ਘਟਨਾ ਵਾਪਰੀ ਸੀ ਤਾਂ ਉਦੋਂ ਪ੍ਰਬੰਧਕ ਕਮੇਟੀ ਨੇ ਸੀਸੀਟੀਵੀ ਕੈਮਰੇ ਲਾਏ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦਰਬਾਰ ਸਾਹਿਬ ਅਤੇ ਵਰਾਂਡੇ ਵਿੱਚ ਲੱਗੇ ਹੋਏ ਹਨ ਤੇ ਮੁੱਖ ਗੇਟ ‘ਤੇ ਕੈਮਰਾ ਨਾ ਲੱਗਾ ਹੋਣ ਕਾਰਨ ਇਹ ਘਟਨਾ ਵਾਪਰੀ ਹੈ। ਥਾਣਾ ਕੋਟਫੱਤਾ ਦੀ ਪੁਲੀਸ ਨੇ ਗੁਰਦੁਆਰੇ ਦੇ ਗ੍ਰੰਥੀ ਸਿਮਰਨਜੀਤ ਸਿੰਘ ਵਾਸੀ ਕੋਟਫੱਤਾ ਦੇ ਬਿਆਨਾਂ ‘ਤੇ ਧਾਰਾ 295 ਏ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਐਸਐਸਪੀ ਨਵੀਨ ਸਿੰਗਲਾ ਦਾ ਕਹਿਣਾ ਸੀ ਕਿ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਘੋਖਿਆ ਜਾ ਰਿਹਾ ਹੈ।