ਨਾਜ਼ੀਆਂ ਤੋਂ ਪ੍ਰਭਾਵਤ ਭਾਰਤੀ ਵਕੀਲ ਵਲੋਂ ਗੋਲੀਬਾਰੀ, 9 ਜ਼ਖ਼ਮੀ

ਨਾਜ਼ੀਆਂ ਤੋਂ ਪ੍ਰਭਾਵਤ ਭਾਰਤੀ ਵਕੀਲ ਵਲੋਂ ਗੋਲੀਬਾਰੀ, 9 ਜ਼ਖ਼ਮੀ

ਪੁਲੀਸ ਦੀ ਜਵਾਬੀ ਕਾਰਵਾਈ ਵਿਚ ਮਾਰਿਆ ਗਿਆ ਨਾਥਨ ਦੇਸਾਈ
ਹਿਊਸਟਨ/ਬਿਊਰੋ ਨਿਊਜ਼ :
ਟੈਕਸਾਸ ਦੇ ਹਿਊਸਟਨ ਵਿਚ ਭਾਰਤੀ ਮੂਲ ਦੇ ਹਿੰਦੂ ਵਕੀਲ ਨਾਥਨ ਦੇਸਾਈ (46 ਸਾਲ) ਨੇ ਆਪਣੇ ਘਰ ਦੇ ਬਾਹਰ ਲਗਾਤਾਰ 20 ਮਿੰਟ ਗੋਲੀਆਂ ਵਰ੍ਹਾ ਕੇ 9 ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਇਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਬਾਅਦ ਵਿਚ ਪੁਲੀਸ ਨੇ ਨਾਥਨ ਨੂੰ ਮਾਰ ਦਿੱਤਾ। ਜਾਂਚ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਉਹ ਨਾਜ਼ੀ ਵਿਚਾਰਧਾਰਾ ਤੋਂ ਪ੍ਰਭਾਵਤ ਸੀ ਤੇ ਉਸ ਨੇ ਹਮਲੇ ਦੌਰਾਨ ਪੁਰਾਣੀ ਜਰਮਨ ਵਰਦੀ ਪਾਈ ਹੋਈ ਸੀ, ਜਿਸ ‘ਤੇ ਸਵਾਸਤਿਕ ਬਣਿਆ ਹੋਇਆ ਸੀ। ਹਾਲਾਂਕਿ ਉਸ ਦੇ ਕਿਸੇ ਕੱਟੜਪੰਥੀ ਸੰਗਠਨ ਨਾਲ ਜੁੜੇ ਹੋਣ ਦੇ ਹਾਲੇ ਤਕ ਸਬੂਤ ਨਹੀਂ ਮਿਲੇ ਹਨ। ਪੁਲੀਸ ਅਨੁਸਾਰ ਨਾਥਨ ਕੋਲੋਂ ਨਾਜ਼ੀ ਸਮੱਗਰੀ ਬਰਾਮਦ ਹੋਈ ਹੈ। ਅਮਰੀਕੀ ਜਾਂਚ ਏਜੰਸੀ ਐਫ਼.ਬੀ.ਆਈ. ਦਾ ਕਹਿਣਾ ਹੈ ਕਿ ਹੁਣ ਤਕ ਉਸ ਦੇ ਕਿਸੇ ਕੱਟੜਪੰਥੀ ਸੰਗਠਨ ਨਾਲ ਜੁੜੇ ਹੋਣ ਦੇ ਸਬੂਤ ਨਹੀਂ ਮਿਲੇ। ਉਸ ਨੇ ਕੋਲੋਂ ਲੰਘਦੀਆਂ ਕਾਰਾਂ ਅਤੇ ਪੁਲੀਸ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਸ ਨੇ ਆਪਣੀ ਕਾਰ ‘ਤੇ ਗੋਲੀ ਸਿੱਕਾ ਰੱਖਿਆ ਹੋਇਆ ਸੀ ਤੇ ਦਰਖ਼ਤ ਦੀ ਓਟ ਵਿਚ ਹਮਲਾ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਨਾਥਨ ਦੇਸਾਈ ਨਾਂ ਦਾ ਇਹ ਸ਼ਖ਼ਸ ਆਪਣੀ ਲਾਅ ਫਰਮ ਵਿਚ ਮੁਸ਼ਕਲਾਂ ਆਉਣ ਕਾਰਨ ਪ੍ਰੇਸ਼ਾਨ ਸੀ।
ਜ਼ਿਕਰਯੋਗ ਹੈ ਕਿ ਨਾਥਨ ‘ਮੈਕਡੇਨੀਅਲ ਐਂਡ ਦੇਸਾਈ ਐਲ.ਐਲ.ਪੀ.’ ਨਾਂ ਦੀ ਇਕ ਲਾਅ ਫਰਮ ਚਲਾਉਂਦਾ ਸੀ। ਹਾਲਾਂਕਿ, ਉਸ ਨੇ ਪਿਛਲੇ ਸਾਲ ਵਕਾਲਤ ਬੰਦ ਕਰ ਦਿੱਤੀ ਸੀ। ਇਸ ਫਰਮ ਨਾਲ ਜੁੜੇ ਨਾਥਨ ਦੇ ਸਾਬਕਾ ਭਾਈਵਾਲ ਕੇਨ ਮੈਕਡੇਨੀਅਲ ਨੇ ਦੱਸਿਆ, ”ਉਹ ਚੰਗਾ ਵਕੀਲ ਸੀ। ਆਰਥਿਕ ਸਮੱਸਿਆ ਕਾਰਨ ਉਸ ਨੇ ਕਰੀਬ 6 ਮਹੀਨੇ ਕੰਮ ਬੰਦ ਕਰ ਦਿੱਤਾ ਸੀ। ਉਸ ਮਗਰੋਂ ਉਸ ਦੀ ਮੇਰੇ ਨਾਲ ਗੱਲ ਨਹੀਂ ਹੋਈ।’ ਨਾਥਨ ਦੇ ਪਿਤਾ ਪ੍ਰਕਾਸ਼ ਦੇਸਾਈ (80 ਸਾਲ) ਨੇ ਦੱਸਿਆ ਕਿ ਉਸ ਦਾ ਬੇਟਾ ਆਪਣੀ ਫਰਮ ਵਿਚ ਮੁਸ਼ਕਲਾਂ ਕਾਰਨ ਪ੍ਰੇਸ਼ਾਨ ਸੀ। ਉਸ ਨੂੰ ਇਸ ਘਟਨਾ ‘ਤੇ ਯਕੀਨ ਨਹੀਂ ਹੋ ਰਿਹਾ ਕਿਉਂਕਿ ਉਨ੍ਹਾਂ ਨੇ ਰਾਤ ਦਾ ਖਾਣਾ ਇਕੱਠਿਇਆਂ ਖਾਧਾ ਸੀ ਤੇ ਉਸ ਦੇ ਚਿਹਰੇ ਤੋਂ ਅਜਿਹੀ ਕੋਈ ਗੱਲ ਨਜ਼ਰ ਨਹੀਂ ਆਈ।
ਨਾਥਨ ਦੇ ਸਾਬਕਾ ਸਹਿਯੋਗੀ ਮੈਕਡੇਨੀਅਲ ਨੇ ਦੱਸਿਆ ਕਿ ਨਾਥਨ ਨੇ 1998 ਵਿਚ ਤੁਲਸਾ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਤੇ ਇਕ ਕੰਪਨੀ ਬਣਾਈ ਪਰ ਕੰਪਨੀ 6 ਮਹੀਨੇ ਪਹਿਲਾਂ ਹੀ ਬੰਦ ਹੋ ਗਈ। ਹਿਊਸਟਨ ਦੇ ਮੇਅਰ ਸਾਈਲਵੇਸਟਰ ਟਰਨਰ ਨੇ ਦੱਸਿਆ ਕਿ ਇਸ ਘਟਨਾ ਨਾਲ ਇਵੇਂ ਪ੍ਰਤੀਤ ਹੋ ਰਿਹਾ ਹੈ ਕਿ ਨਾਥਨ ਦੀ ਕੰਪਨੀ ਸਹੀ ਨਾ ਚੱਲਣ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਗੋਲੀਬਾਰੀ ਕੀਤੀ।
ਨਾਥਨ ਨੇ ਗੈਰ ਕਾਨੂੰਨੀ ਢੰਗ ਨਾਲ ਦੋ ਬੰਦੂਕਾਂ ਖ਼ਰੀਦੀਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ ਪੁਲੀਸ ਨੂੰ ਉਸ ਦੇ ਫਲੈਟ ਤੋਂ ਫ਼ੌਜ ਨਾਲ ਜੁੜੇ ਕਈ ਸਾਮਾਨ ਮਿਲੇ ਹਨ। ਪੁਲੀਸ ਨੂੰ ਉਸ ਦੀ ਪੋਰਸ਼ ਗੱਡੀ ਤੋਂ ਥਾਮਪਸਨ ਸਬ ਮਸ਼ੀਨਗਨ ਅਤੇ 0.45 ਕੈਲੀਬਰ ਦੀ ਹੈਂਡਗਨ ਵੀ ਮਿਲੀ, ਜਿਸ ਦਾ ਇਸਤੇਮਾਲ ਉਸ ਨੇ ਪੁਲੀਸ ‘ਤੇ ਗੋਲੀ ਚਲਾਉਣ ਲਈ ਕੀਤਾ ਸੀ। ਪਿਤਾ ਪ੍ਰਕਾਸ਼ ਦੇਸਾਈ ਨੇ ਕਿਹਾ ਕਿ ਨਾਥਨ ਆਪਣੇ ਗਾਹਕਾਂ ਤੋਂ ਸੁਰੱਖਿਆ ਦੇ ਮੱਦੇਨਜ਼ਰ ਕਈ ਬੰਦੂਕਾਂ ਰੱਖਦਾ ਸੀ, ਜਿਸ ਵਿਚੋਂ ਕੁਝ ਮਜ਼ਾਕੀਆ ਤੇ ਕੁਝ ਗੰਭੀਰ ਅਪਰਾਧੀ ਸੁਭਾਅ ਦੇ ਲੋਕ ਸਨ। ਹੈਰਿਸ ਕਾਉਂਟੀ ਕੋਰਟ ਅਨੁਸਾਰ 46 ਸਾਲਾ ਦੇਸਾਈ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਸੀ। 2013 ਵਿਚ ਉਸ ਖ਼ਿਲਾਫ਼ ਦੋ ਫ਼ੌਜਦਾਰੀ ਕੇਸ ਦਰਜ ਹੋਏ ਸਨ। ਅਮਰੀਕਾ ਵਿਚ ਭਾਰਤੀ ਮੂਲ ਦੇ ਕਿਸੇ ਵਿਅਕਤੀ ਵਲੋਂ 13 ਵਰ੍ਹਿਆਂ ਦੌਰਾਨ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ। 2003 ਵਿਚ ਕਲੇਵਲੈਂਡ ਵਿਚ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਵਿਚ ਬਿਸਵਨਾਥ ਹਾਲਡਰ ਨੇ ਗੋਲੀਬਾਰੀ ਕੀਤੀ ਸੀ, ਜਿਸ ਵਿਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਸੀ ਤੇ ਪ੍ਰੋਫੈਸਰ ਸਮੇਤ ਦੋ ਜਣੇ ਜ਼ਖ਼ਮੀ ਹੋ ਗਏ ਸਨ। ਬਿਸਵਨਾਥ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 2016 ਵਿਚ ਮਾਨਿਕ ਸਰਕਾਰ ਨਾਂ ਦੇ ਭਾਰਤੀ ਵਿਅਕਤੀ ਨੇ ਭਾਵੇਂ ਲੋਕਾਂ ‘ਤੇ ਸ਼ਰੇਆਮ ਗੋਲੀਆਂ ਨਹੀਂ ਵਰ੍ਹਾਈਆਂ ਪਰ ਉਸ ਨੇ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਵਿਚ ਇਕ ਪ੍ਰੋਫੈਸਰ ਨੂੰ ਮਾਰ ਦਿੱਤੀ ਸੀ। ਉਸ ਨੇ ਆਪਣੀ ਪਤਨੀ ਦੀ ਹੱਤਿਆ ਕਰਨ ਮਗਰੋਂ, ਖ਼ੁਦਕੁਸ਼ੀ ਕਰ ਲਈ ਸੀ। ਜ਼ਿਕਰਯੋਗ ਹੈ ਕਿ ਕਰੀਬ ਡੇਢ ਸਾਲ ਦੌਰਾਨ ਅਮਰੀਕਾ ਵਿਚ ਗੋਲੀਬਾਰੀ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਇਨ੍ਹਾਂ ਵਿਚ ਕਈ ਘਟਨਾਵਾਂ ਅਜਿਹੀਆਂ ਸਨ, ਜਿਨ੍ਹਾਂ ਨੂੰ ਅੰਜਾਮ ਦੇਣ ਵਾਲੇ ਜਾਂ ਤਾਂ ਕੱਟੜਪੰਥੀ ਵਿਚਾਰਧਾਰਾ ਤੋਂ ਪ੍ਰਭਾਵਤ ਸਨ ਜਾਂ ਘਰੇਲੂ ਜਾਂ ਦੂਸਰੀਆਂ ਸਮੱਸਿਆਵਾਂ ਨਾਲ ਘਿਰੇ ਸਨ।