ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਅਤੇ ਜੂਨ ’84 ਦੇ ਘੱਲੂਘਾਰੇ ਦੀ ਯਾਦ ਨੂੰ ਸਮਰਪਿਤ ਪਰੇਡ 11 ਜੂਨ, ਐਤਵਾਰ ਨੂੰ

ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਅਤੇ ਜੂਨ ’84 ਦੇ ਘੱਲੂਘਾਰੇ ਦੀ ਯਾਦ ਨੂੰ ਸਮਰਪਿਤ ਪਰੇਡ 11 ਜੂਨ, ਐਤਵਾਰ ਨੂੰ

ਬੇ-ਏਰੀਏ ਦੇ ਸਿੱਖ ਭਾਈਚਾਰੇ ਵਲੋਂ ਵੱਡੀ ਗਿਣਤੀ ‘ਚ ਕੀਤੀ ਜਾਵੇਗੀ ਸ਼ਮੂਲੀਅਤ
ਸਾਨ ਫਰਾਂਸਿਸਕੋ/ਬਿਊਰੋ ਨਿਊਜ਼ :
ਬੇ-ਏਰੀਏ ਦੇ ਸਿੱਖ ਭਾਈਚਾਰੇ ਵਲੋਂ ਜੂਨ ’84 ਦੇ ਘੱਲੂਘਾਰੇ ਦੀ 33ਵੀਂ ਯਾਦ ਅਤੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਪਰੇਡ 11 ਜੂਨ, ਐਤਵਾਰ ਨੂੰ ਕੀਤੀ ਜਾ ਰਹੀ ਹੈ। ਇਹ ਪਰੇਡ ਦੁਪਹਿਰ 1:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹੋਵੇਗੀ। ਇਹ ਘਟਨਾ ਸਿੱਖ ਭਾਈਚਾਰੇ ਲਈ ਇਤਿਹਾਸਕ ਪੱਖੋਂ ਬੇਹੱਦ ਮਹੱਤਵ ਰੱਖਦੀ ਹੈ। ਇਹ ਪ੍ਰੋਗਰਾਮ ਭਾਰਤ ਵਿਚ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਉਲੰਘਣਾ ਤੇ ਉਨ੍ਹਾਂ ‘ਤੇ ਹੋ ਰਹੇ ਜ਼ੁਲਮਾਂ ‘ਤੇ ਰੌਸ਼ਨੀ ਪਾਏਗਾ।
ਇਸ ਪ੍ਰੋਗਰਾਮ ਵਿਚ ਬੇ-ਏਰੀਆ, ਸੈਕਰਾਮੈਂਟੋ ਅਤੇ ਸੈਂਟਰਲ ਵੈਲੀ ਤੋਂ 10000 ਤੋਂ ਵੱਧ ਸਿੱਖਾਂ ਦੇ ਸ਼ਿਰਕਤ ਕਰਨ ਦੀ ਉਮੀਦ ਹੈ। ਇਹ ਪਰੇਡ ਇਸ ਗੱਲ ‘ਤੇ ਚਾਨਣਾ ਪਾਏਗੀ ਕਿ 33 ਵਰ੍ਹਿਆਂ ਬਾਅਦ ਵੀ ਸਿੱਖਾਂ ਦੀਆਂ ਧਾਰਮਿਕ ਤੇ ਆਰਥਿਕ ਮੰਗਾਂ ਜਿਉਂ ਦੀਆਂ ਤਿਉਂ ਪਈਆਂ ਹਨ ਅਤੇ ਹਾਲੇ ਵੀ ਹਜ਼ਾਰਾਂ ਸਿੱਖ ਜੇਲ੍ਹਾਂ ਵਿਚ ਬਿਨਾਂ ਕਿਸੇ ਕਸੂਰੋਂ ਸੜ ਰਹੇ ਹਨ।
ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਮੌਤ ਦਾ ਤਾਂਡਵ ਹੋਇਆ। ਹਜ਼ਾਰਾਂ ਸਿੱਖ ਮਾਰੇ ਗਏ, ਉਨ੍ਹਾਂ ਦੀਆਂ ਜਾਇਦਾਦਾਂ ਲੁੱਟੀਆਂ ਗਈਆਂ, ਬੇਘਰ ਹੋਏ ਪਰ ਹਾਲੇ ਤੱਕ ਵੀ ਸਿੱਖ ਭਾਈਚਾਰੇ ਨੂੰ ਨਿਆਂ ਨਹੀਂ ਮਿਲਿਆ। ਭਾਰਤ ਵਿਚ ਘੱਟ-ਗਿਣਤੀਆਂ ‘ਤੇ ਅਤਿਆਚਾਰ ਹਾਲੇ ਵੀ ਰੁਕਿਆ ਨਹੀਂ ਹੈ।
ਇਸੇ ਸਬੰਧ ਵਿਚ 6 ਜੂਨ, ਮੰਗਲਵਾਰ ਨੂੰ ਸਿੱਖ ਪੰਚਾਇਤ ਵਲੋਂ ਘੱਲੂਘਾਰੇ ਦੀ ਯਾਦ ਵਿਚ ਸਾਨ ਫਰਾਂਸਿਸਕੋ ਦੇ ਭਾਰਤੀ ਦੂਤਾਵਾਸ ਅੱਗੇ ਰੋਸ ਮੁਜ਼ਾਹਰਾ ਵੀ ਕੀਤਾ ਗਿਆ।