ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਦਸ ਸਾਲ ਕੈਦ ਤੇ 80 ਲੱਖ ਪੌਂਡ ਦਾ ਭਾਰੀ ਜੁਰਮਾਨਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਦਸ ਸਾਲ ਕੈਦ ਤੇ 80 ਲੱਖ ਪੌਂਡ ਦਾ ਭਾਰੀ ਜੁਰਮਾਨਾ

ਇਸਲਾਮਾਬਾਦ/ਬਿਊਰੋ ਨਿਊਜ਼ :

ਪਾਕਿਸਤਾਨ ਦੇ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਇੱਥੇ ਸਥਿਤ ਇੱਕ ਭ੍ਰਿਸ਼ਟਾਚਾਰ ਵਿਰੋਧੀ ਵਿਸ਼ੇਸ਼ ਅਦਾਲਤ ਨੇ 10 ਸਾਲ ਦੀ ਸਖ਼ਤ ਕੈਦ ਅਤੇ 80 ਲੱਖ ਪੌਂਡ ਦੇ ਭਾਰੀ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਨਵਾਜ਼ ਸ਼ਰੀਫ ਦੀ ਗੈਰਹਾਜ਼ਰੀ ਵਿੱਚ ਜਸਟਿਸ ਮੁਹੰਮਦ ਬਸ਼ੀਰ ਨੇ ਬੰਦ ਕਮਰਾ ਸੁਣਵਾਈ ਦੌਰਾਨ ਸੁਣਾਈ। ਇਹ ਸ਼ਰੀਫ ਪਰਿਵਾਰ ਵਿਰੁੱਧ ਪਨਾਮਾ ਪੇਪਰ ਲੀਕ ਘੁਟਾਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਤਿੰਨ ਕੇਸਾਂ ਵਿੱਚੋਂ ਪਹਿਲਾ ਕੇਸ ਹੈ। ਇਸ ਕੇਸ ਵਿੱਚ ਸ਼ਰੀਫ ਦੀ ਧੀ ਮਰੀਅਮ ਸ਼ਰੀਫ (44) ਨੂੰ ਸੱਤ ਸਾਲ ਕੈਦ ਦੀ ਸਜ਼ਾ ਅਤੇ 20 ਲੱਖ ਪੌਂਡ ਜੁਰਮਾਨਾ, ਉਸ ਦੇ ਪਤੀ ਕੈਪਟਨ (ਸੇਵਾਮੁਕਤ) ਮੁਹੰਮਦ ਸਫ਼ਦਰ ਨੂੰ ਇੱਕ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਫੈਸਲੇ ਦੇ ਵੇਰਵਿਆਂ ਸਬੰਧੀ ਕੌਮੀ ਜਵਾਬਦੇਹੀ ਬਿਊਰੋ ਦੀ ਕੇਸ ਲੜਨ ਵਾਲੀ ਟੀਮ ਦੇ ਮੁਖੀ ਸਰਦਾਰ ਮੁਜੱਫਰ ਅੱਬਾਸੀ ਨੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਫੈਸਲੇ ਉੱਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਪਣੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੰਡਨ ਵਿਚ ਸ਼ਰੀਫ ਪਰਿਵਾਰ ਨੇ ਫਲੈਟ ਭ੍ਰਿਸ਼ਟਾਚਾਰ ਦੇ ਧਨ ਨਾਲ ਖ਼ਰੀਦੇ ਸਨ। ਅਦਾਲਤ ਦਾ ਫੈਸਲਾ ਇੱਕ ਸੌ ਸਫੇ ਵਿਚ ਹੈ। ਇਸ ਕੇਸ ਵਿੱਚ ਬਿਊਰੋ ਨੇ ਕਰੀਬ 21 ਗਵਾਹ ਪੇਸ਼ ਕੀਤੇ। ਸ਼ਰੀਫ ਪਰਿਵਾਰ ਫਲੈਟ ਖਰੀਦਣ ਲਈ ਆਏ ਪੈਸੇ ਦਾ ਸਰੋਤ ਨਹੀਂ ਦੱਸ ਸਕਿਆ। ਇਸ ਫੈਸਲੇ ਸਮੇਂ ਸ਼ਰੀਫ ਆਪਣੀ ਪਤਨੀ ਕੁਲਸੂਮ ਨਵਾਜ਼ ਕੋਲ ਲੰਡਨ ‘ਚ ਹਨ, ਜਿਸ ਨੂੰ ਗਲੇ ਦਾ ਕੈਂਸਰ ਹੈ ਅਤੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।
ਜ਼ਿਕਰਯੋਗ ਹੈ ਕਿ ਅਦਾਲਤ ਨੇ ਅਵੈਨਫੀਲਡ ਭ੍ਰਿਸ਼ਟਾਚਾਰ ਕੇਸ ਵਿੱਚ ਫੈਸਲਾ ਸੁਣਾਉਣ ਤੋਂ ਪਹਿਲਾਂ ਚਾਰ ਵਾਰ ਅਦਾਲਤ ਦੀ ਕਾਰਵਾਈ ਮੁਲਤਵੀ ਕੀਤੀ ਸੀ। ਇਹ ਕੇਸ ਅਵੈਨਫੀਲਡ ਹਾਊਸ ਲੰਡਨ ਵਿੱਚ ਸਥਿਤ ਚਾਰ ਫਲੈਟਾਂ ਦੀ ਮਲਕੀਅਤ ਨਾਲ ਸਬੰਧਤ ਸੀ ਅਤੇ ਸ਼ਰੀਫ ਪਰਿਵਾਰ ਅੱਜ ਕੱਲ੍ਹ ਇੱਥੇ ਹੀ ਠਹਿਰਿਆ ਹੋਇਆ ਹੈ। ਅਦਾਲਤ ਨੇ ਇਨ੍ਹਾਂ ਫਲੈਟਾਂ ਨੂੰ ਪਾਕਿਸਤਾਨ ਦੀ ਮਲਕੀਅਤ ਐਲਾਨਦਿਆਂ ਜ਼ਬਤ ਕਰਨ ਦੇ ਵੀ ਆਦੇਸ਼ ਦੇ ਦਿੱਤੇ ਹਨ। ਇਸ ਫੈਸਲੇ ਨਾਲ ਸੱਤਾਧਾਰੀ ਧਿਰ ਨੂੰ ਭਾਰੀ ਧੱਕਾ ਲੱਗਾ ਹੈ ਕਿਉਂਕਿ ਪਾਕਿਸਤਾਨ ਵਿੱਚ 25 ਜੁਲਾਈ ਨੂੰ ਆਮ ਚੋਣਾਂ ਹੋ ਰਹੀਆਂ ਹਨ। ਇਸ ਫੈਸਲੇ ਦੇ ਨਾਲ ਮਰੀਅਮ ਅਤੇ ਸਫ਼ਦਰ ਚੋਣਾਂ ਲੜਨ ਦੇ ਵੀ ਅਯੋਗ ਹੋ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਜਦੋਂ ਇਹ ਫੈਸਲਾ ਆਇਆ ਤਾਂ ਸ਼ਰੀਫ ਅਤੇ ਉਸਦੀ ਪਤਨੀ ਕੁਲਸੂਮ ਨਾਵਾਜ਼ ਇਵੈਨਫੀਲਡ ਇਮਾਰਤ ਵਿੱਚ ਹੀ ਸਨ। ਇਸ ਕੇਸ ਵਿੱਚ ਸ਼ਰੀਫ ਦੇ ਪੁੱਤਰ ਹਸਨ ਅਤੇ ਹੁਸੈਨ ਵੀ ਦੋਸ਼ੀ ਹਨ ਪਰ ਉਹ ਭਗੌੜੇ ਹਨ।
ਮਰੀਅਮ ਦੀ ਇਕ ਗਲਤੀ ਕਾਰਨ ਗਈ ਨਵਾਜ਼ ਸ਼ਰੀਫ ਦੀ ਕੁਰਸੀ : ਪਨਾਮਾ ਪੇਪਰ ਮਾਮਲੇ ‘ਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪਾਕਿਸਤਾਨੀ ਸੁਪਰੀਮ ਕੋਰਟ ਨੇ ਪਨਾਮਾ ਪੇਪਰ ਲੀਕ ਮਾਮਲੇ ‘ਚ ਸ਼ਰੀਫ਼ ਨੂੰ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਪ੍ਰਧਾਨ ਮੰਤਰੀ ਅਹੁਦੇ ਲਈ ਅਯੋਗ ਕਰਾਰ ਦਿੱਤਾ ਸੀ। ਨਵਾਜ਼ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਦੌਰ ‘ਤੇ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ ਸਨ। ਸੁਪਰੀਮ ਕੋਰਟ ਵਲੋਂ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਜੇਆਈਟੀ. ਨੇ 10 ਜੁਲਾਈ ਨੂੰ ਆਪਣੀ ਰਿਪੋਰਟ ਅਦਾਲਤ ਨੂੰ ਸੌਂਪੀ ਸੀ। ਇਸ ਦੌਰਾਨ ਇਕ ਗੱਲ ਸਾਹਮਣੇ ਆਈ ਕਿ ਨਵਾਜ਼ ਦੀ ਬੇਟੀ ਮਰੀਅਮ ਦੀ ਇਕ ਗਲਤੀ ਕਾਰਨ ਹੀ ਨਵਾਜ਼ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹੱਥ ਧੋਣਾ ਪਿਆ ਹੈ। ਅਸਲ ‘ਚ ਜੇਆਈਟੀ. ਨੂੰ ਜਾਂਚ ਦੌਰਾਨ ਮਰੀਅਮ ਨੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਮਰੀਅਮ ਨੇ ਪਨਾਮਾ ਗੇਟ ਨਾਲ ਜੁੜੇ ਜੋ ਦਸਤਾਵੇਜ ਭੇਜੇ ਸਨ ਉਹ ਕੈਲੀਬਰੀ ਫੌਂਟ ‘ਚ ਟਾਈਪ ਸਨ ਅਤੇ ਸਾਲ 2006 ਦੇ ਸਨ, ਜਦਕਿ ਕੈਲੀਬਰੀ ਫੌਂਟ 31 ਜਨਵਰੀ 2007 ਤੋਂ ਪਹਿਲਾਂ ਵਪਾਰਕ ਪ੍ਰਯੋਗ ਲਈ ਉਪਲਬਧ ਹੀ ਨਹੀਂ ਸੀ। ਇਹੀ ਗਲਤੀ ਨਵਾਜ਼ ਲਈ ਉਮਰ ਭਰ ਲਈ ਮੁਸੀਬਤ ਬਣ ਗਈ।