ਸ਼੍ਰੋਮਣੀ ਕਮੇਟੀ ਵਲੋਂ 8 ਫੀਸਦੀ ਵਾਧੇ ਨਾਲ ਕਰੀਬ 11 ਅਰਬ ਰੁਪਏ ਦਾ ਬਜਟ ਪ੍ਰਵਾਨ

ਸ਼੍ਰੋਮਣੀ ਕਮੇਟੀ ਵਲੋਂ 8 ਫੀਸਦੀ ਵਾਧੇ ਨਾਲ ਕਰੀਬ 11 ਅਰਬ ਰੁਪਏ ਦਾ ਬਜਟ ਪ੍ਰਵਾਨ

ਹਜ਼ਾਰ ਕਮਰਿਆਂ ਦੀ ਸਰਾਂ ਬਣਾਉਣ ਦੀ ਤਜਵੀਜ਼
ਸਾਬਤ ਸੂਰਤ ਸਿੱਖ ਬੱਚਿਆਂ ਲਈ ਨਕਦ ਪੁਰਸਕਾਰਾਂ ਦਾ ਐਲਾਨ
ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਬਜਟ ਇਜਲਾਸ ਦੌਰਾਨ ਵਿੱਤੀ ਵਰ੍ਹੇ 2017-18 ਵਾਸਤੇ 11 ਅਰਬ 6 ਕਰੋੜ 59 ਲੱਖ 98 ਹਜ਼ਾਰ ਰੁਪਏ ਦਾ ਸਾਲਾਨਾ ਬਜਟ ਪ੍ਰਵਾਨ ਕੀਤਾ। ਇਹ ਬਜਟ ਪਿਛਲੇ ਵਿੱਤੀ ਵਰ੍ਹੇ ਨਾਲੋਂ 8.65 ਫੀਸਦ ਵੱਧ ਹੈ।
ਇਜਲਾਸ ਦੌਰਾਨ ਦੋ ਤਖ਼ਤਾਂ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਹਾਜ਼ਰ ਸਨ। ਇਜਲਾਸ ਦੀ ਪ੍ਰਧਾਨਗੀ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੀਤੀ, ਜਦੋਂ ਕਿ ਬਜਟ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਪੇਸ਼ ਕੀਤਾ। ਬਜਟ ਨੂੰ ਪੰਜ ਵੱਖ ਵੱਖ ਭਾਗਾਂ ਵਿੱਚ ਵੰਡਿਆ ਗਿਆ, ਜਿਸ ਦੇ ਪਹਿਲੇ ਭਾਗ ਵਿੱਚ ਜਨਰਲ, ਟਰੱਸਟ ਤੇ ਵਿੱਦਿਆ ਫੰਡ ਲਈ ਇਕ ਅਰਬ 48 ਕਰੋੜ 69 ਲੱਖ ਰੁਪਏ ਰੱਖੇ ਗਏ ਹਨ। ਦੂਜੇ ਭਾਗ ਵਿੱਚ ਧਰਮ ਪ੍ਰਚਾਰ ਕਮੇਟੀ ਲਈ 73 ਕਰੋੜ ਰੁਪਏ ਖਰਚਣ ਦਾ ਅਨੁਮਾਨ ਹੈ। ਸੈਕਸ਼ਨ 85 ਹੇਠ ਆਉਂਦੇ 78 ਗੁਰਦੁਆਰਿਆਂ ਅਤੇ ਇਨ੍ਹਾਂ ਨਾਲ ਜੋੜੇ ਗਏ 24 ਹੋਰ ਗੁਰਦੁਆਰਿਆਂ ਵਾਸਤੇ 6 ਅਰਬ 49 ਕਰੋੜ 48 ਲੱਖ 15 ਹਜ਼ਾਰ ਰੁਪਏ ਰੱਖੇ ਗਏ ਹਨ। ਪਿਛਲੇ ਵਰ੍ਹੇ ਬਜਟ 10 ਅਰਬ 64 ਕਰੋੜ ਰੁਪਏ ਸੀ ਪਰ ਨੋਟਬੰਦੀ ਕਾਰਨ ਆਮਦਨ ਲਗਭਗ 46 ਕਰੋੜ ਰੁਪਏ ਘਟੀ, ਜਿਸ ਕਾਰਨ ਪਿਛਲੇ ਵਰ੍ਹੇ ਦਾ ਬਜਟ ਘੱਟ ਕੇ ਦਸ ਅਰਬ 18 ਕਰੋੜ 49 ਲੱਖ ਰੁਪਏ ਰਹਿ ਗਿਆ। ਜਨਰਲ ਸਕੱਤਰ ਸ੍ਰੀ ਚਾਵਲਾ ਨੇ ਦੱਸਿਆ ਕਿ ਅਕਾਲੀ ਮਾਰਕੀਟ ਵਿੱਚ ਸ਼੍ਰੋਮਣੀ ਕਮੇਟੀ ਦੀ ਜ਼ਮੀਨ ‘ਤੇ ਇਕ ਹਜ਼ਾਰ ਕਮਰਿਆਂ ਦੀ ਸਰਾਂ ਬਣਾਉਣ ਦੀ ਤਜਵੀਜ਼ ਹੈ।
ਕਮੇਟੀ ਨੇ ਇਮਤਿਹਾਨ ਪਾਸ ਕਰਨ ਵਾਲੇ ਸਾਬਤ ਸੂਰਤ ਸਿੱਖ ਬੱਚਿਆਂ ਲਈ ਨਕਦ ਪੁਰਸਕਾਰਾਂ ਦਾ ਐਲਾਨ ਕੀਤਾ। ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਧਾਰਮਿਕ ਵਿੱਦਿਆ ਲਾਜ਼ਮੀ ਕੀਤੀ ਗਈ ਹੈ। ਇਜਲਾਸ ਦੌਰਾਨ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਸਾਬਕਾ ਮੰਤਰੀ ਗੁਰਦੇਵ ਸਿੰਘ ਬਾਦਲ, ਤਰਨਾ ਦਲ ਦੇ ਮੁਖੀ  ਬਾਬਾ ਮੱਖਣ ਸਿੰਘ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੋਗ ਮਤੇ ਪਾਏ ਗਏ। ਇਸ ਤੋਂ ਇਲਾਵਾ 17 ਆਮ ਮਤੇ ਪਾਸ ਕੀਤੇ ਗਏ।
ਬਾਅਦ ਦੁਪਹਿਰ  ਇੱਕ ਵਜੇ ਸ਼ੁਰੂ ਹੋਇਆ ਬਜਟ ਇਜਲਾਸ ਲਗਭਗ ਇਕ ਘੰਟੇ ਵਿੱਚ ਮੁਕੰਮਲ ਹੋ ਗਿਆ।  ਬਜਟ ਭਾਸ਼ਣ ਨੂੰ ਸਦਨ ਵਿੱਚ ਮੁਕੰਮਲ ਕੀਤੇ ਬਿਨਾਂ ਹਾਕਮ ਧਿਰ ਦੇ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦੇ ਦਿੱਤੀ। ਵਿਰੋਧੀ ਧਿਰ ਦੇ ਮੈਂਬਰਾਂ ਨੇ ਕਿਹਾ ਕਿ ਇਹ  ਮਰਿਆਦਾ ਦੀ ਉਲੰਘਣਾ ਹੈ ਪਰ ਮਗਰੋਂ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮਾਮਲਾ ਸੰਭਾਲ ਲਿਆ।