ਅਭੈ ਚੌਟਾਲਾ ਸਮੇਤ 73 ਇਨੈਲੋ ਕਾਰਕੁਨ ਬਿਨਾਂ ਜ਼ਮਾਨਤ ਰਿਹਾਅ

ਅਭੈ ਚੌਟਾਲਾ ਸਮੇਤ 73 ਇਨੈਲੋ ਕਾਰਕੁਨ ਬਿਨਾਂ ਜ਼ਮਾਨਤ ਰਿਹਾਅ

ਪੁਲੀਸ ਨੇ ਅਦਾਲਤ ਵਿਚ ਦੋਸ਼ ਵਾਪਸ ਲਏ
ਪਟਿਆਲਾ/ਰਾਜਪੁਰਾ/ਬਿਊਰੋ ਨਿਊਜ਼ :
ਐਸ.ਵਾਈ.ਐਲ.ਯ ਨਹਿਰ ਪੁੱਟਣ ਲਈ ਪੰਜਾਬ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਹਿਰਾਸਤ ਵਿਚ ਲਏ ਗਏ ਇਨੈਲੋ ਦੇ ਸੀਨੀਅਰ ਆਗੂ ਅਭੈ ਚੌਟਾਲਾ ਸਮੇਤ 73 ਕਾਰਕੁਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਨ੍ਹਾਂ ਨੇਤਾਵਾਂ ਨੇ ਜ਼ਮਾਨਤ ਲਈ ਅਰਜ਼ੀ ਵੀ ਨਹੀਂ ਦਿੱਤੀ ਸੀ। ਪੁਲੀਸ ਨੇ ਸਾਰਿਆਂ ਨੂੰ ਰਾਜਪੁਰਾ ਦੀ ਐਸ.ਡੀ.ਐਮ. ਦੀ ਅਦਾਲਤ ਵਿਚ ਪੇਸ਼ ਕੀਤਾ। ਜਿੱਥੇ ਇਨ੍ਹਾਂ ਖ਼ਿਲਾਫ਼ ਦਰਜ ਐਫ.ਆਈ.ਆਰ. ਵਿਚ ਲਾਏ ਸਾਰੇ ਦੋਸ਼ ਵਾਪਸ ਲੈ ਲਏ ਗਏ। ਐਸ.ਡੀ.ਐਮ. ਰਾਜਪੁਰਾ ਹਰਪ੍ਰੀਤ ਸਿੰਘ ਸੂਦਨ ਦੀ ਅਦਾਲਤ ਵਿੱਚ ਪੇਸ਼ੀ ਤੋਂ ਇੱਕ ਦਿਨ ਪਹਿਲਾਂ ਹੀ ਇਨ੍ਹਾਂ ਕਾਰਕੁਨਾਂ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਐਸ.ਡੀ.ਐਮ. ਕੋਰਟ ਦੇ ਇਸ ਫੈਸਲੇ ਤੋਂ ਅਣਜਾਣ ਵੱਡੀ ਗਿਣਤੀ ਇਨੈਲੋ ਵਰਕਰ ਉਲੀਕੇ ਪ੍ਰੋਗਰਾਮ ਮੁਤਾਬਕ ਸ਼ਕਤੀ ਪ੍ਰਦਰਸ਼ਨ ਕਰਨ ਲਈ ਰਾਜਪੁਰਾ ਦੇ ਮਿੰਨੀ ਸਕੱਤਰੇਤ ਐਸ.ਡੀ.ਐਮ. ਕੋਰਟ ਤੋਂ ਬਾਹਰ ਆ ਪੁੱਜੇ। ਉਨ੍ਹਾਂ ਕੇਂਦਰ ਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਦੱਸਣਯੋਗ ਹੈ ਕਿ ਐਸ.ਵਾਈ.ਐਲ. ਨਹਿਰ ਦੇ ਮੁੱਦੇ ਨੂੰ ਲੈ ਕੇ ਪੰਜਾਬ ਖੇਤਰ ਵਿੱਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਦੌਰਾਨ ਥਾਣਾ ਸ਼ੰਭੂ ਦੀ ਪੁਲੀਸ ਵੱਲੋਂ ਇਨੈਲੋ ਆਗੂ ਅਭੈ ਚੌਟਾਲਾ, ਦੁਸ਼ਅੰਤ ਚੌਟਾਲਾ, ਦੋ ਲੋਕ ਸਭਾ ਮੈਂਬਰਾਂ ਅਤੇ 18 ਵਿਧਾਇਕਾਂ ਸਮੇਤ 73 ਜਣਿਆਂ ਖਿਲਾਫ ਧਾਰਾ 144 ਤੋੜਨ ਤਹਿਤ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਇਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਥਾਣਾ ਸ਼ੰਭੂ ਦੀ ਪੁਲੀਸ ਨੇ ਨਾਟਕੀ ਢੰਗ ਨਾਲ ਐਸ.ਡੀ.ਐਮ. ਰਾਜਪੁਰਾ ਹਰਪ੍ਰੀਤ ਸਿੰਘ ਸੂਦਨ ਦੀ ਅਦਾਲਤ ਵਿੱਚ ਦਰਖਾਸਤ ਦਾਖਲ ਕਰਕੇ ਕਿਹਾ ਕਿ 23 ਫਰਵਰੀ ਨੂੰ ਗ੍ਰਿਫਤਾਰ ਕੀਤੇ ਗਏ ਇਨੈਲੋ ਆਗੂਆਂ ਤੋਂ ਅਮਨ ਕਾਨੂੰਨ ਲਈ ਕੋਈ ਖਤਰਾ ਨਹੀਂ ਹੈ। ਇਸ ‘ਤੇ ਐਸ.ਡੀ.ਐਮ ਵੱਲੋਂ ਇਨ੍ਹਾਂ ਆਗੂਆਂ ਨੂੰ ਪੇਸ਼ੀ ਤੋਂ ਇਕ ਦਿਨ ਪਹਿਲਾਂ ਹੀ ਰਿਹਾਅ ਕਰਨ ਦੀ ਹੁਕਮ ਸੁਣਾ ਦਿੱਤਾ। ਐਸ.ਡੀ.ਐਮ ਵੱਲੋਂ ਆਗੂਆਂ ਦੀ ਰਿਹਾਈ ਸਬੰਧੀ ਜਾਰੀ ਹੁਕਮਾਂ ਤੋਂ ਬੇਖਬਰ ਵੱਡੀ ਗਿਣਤੀ ਇਨੈਲੋ ਵਰਕਰ ਉਲੀਕੇ ਪ੍ਰੋਗਰਾਮ ਤਹਿਤ ਅੱਜ ਸਵੇਰੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਲਈ ਰਾਜਪੁਰਾ ਦੇ ਮਿੰਨੀ ਸਕੱਤਰੇਤ ਦੇ ਬਾਹਰ ਆ ਪੁੱਜੇ ਜਿਨ੍ਹਾਂ ਨੇ ਹਰਿਆਣਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।