ਯੂਨਾਈਟਡ ਸਿੱਖਜ਼ ਸੰਸਥਾ ਨੇ ਰੋਹਿੰਗਿਆ ਦੇ ਨਾਲ ਨਾਲ 700 ਹਿੰਦੂ ਪਰਿਵਾਰਾਂ ਦੀ ਵੀ ਬਾਂਹ ਫੜੀ

ਯੂਨਾਈਟਡ ਸਿੱਖਜ਼ ਸੰਸਥਾ ਨੇ ਰੋਹਿੰਗਿਆ ਦੇ ਨਾਲ ਨਾਲ 700 ਹਿੰਦੂ ਪਰਿਵਾਰਾਂ ਦੀ ਵੀ ਬਾਂਹ ਫੜੀ

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਯੂਨਾਈਟਿਡ ਸਿੱਖਜ਼ ਸੰਸਥਾ ਦੇ ਆਗੂ ਬਲਜੀਤ ਸਿੰਘ ਜੌਹਲ (ਫਲੋਰਿਡਾ) ਤੇ ਹੋਰ।
ਲੁਧਿਆਣਾ/ਬਿਊਰੋ ਨਿਊਜ਼ :
ਯੂਨਾਈਟਿਡ ਸਿੱਖਜ਼ ਸੰਸਥਾ ਵੱਲੋਂ ਬਰਮਾ ਤੋਂ ਉਜੜ ਕੇ ਬੰਗਲਾਦੇਸ਼ ਆਏ ਰੋਹਿੰਗੀਆ ਮੁਸਲਮਾਨਾਂ ਤੋਂ ਇਲਾਵਾ 700 ਹਿੰਦੂ ਪਰਿਵਾਰਾਂ ਦੀ ਵੀ ਮਦਦ ਕੀਤੀ ਜਾ ਰਹੀ ਹੈ, ਜੋ ਬੰਗਲਾਦੇਸ਼ ਦੇ ਕੈਂਪਾਂ ਵਿੱਚ ਲਗਾਤਾਰ ਆ ਰਹੇ ਹਨ।
ਸੰਸਥਾ ਦੇ ਆਗੂ ਬਲਜੀਤ ਸਿੰਘ ਜੌਹਲ (ਫਲੋਰਿਡਾ) ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਰਮਾ ਤੋਂ ਰੋਹਿੰਗੀਆ ਮੁਸਲਮਾਨਾਂ ਦੇ ਨਾਲ ਨਾਲ ਹਿੰਦੂ ਪਰਿਵਾਰ ਵੀ ਬੰਗਲਾਦੇਸ਼ ਦੇ ਰਾਹਤ ਕੈਂਪਾਂ ਵਿੱਚ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸੱਤ-ਅੱਠ ਹਜ਼ਾਰ ਮੁਸਲਮਾਨਾਂ ਅਤੇ 700 ਹਿੰਦੂ ਪਰਿਵਾਰਾਂ ਲਈ ਲੰਗਰ, ਦਵਾਈਆਂ, ਚਾਹ-ਪਾਣੀ ਤੇ ਕੱਪੜਿਆਂ ਦੀ ਸੇਵਾ ਕੀਤੀ ਜਾ ਰਹੀ ਹੈ। ਸ੍ਰੀ ਜੌਹਲ ਨੇ ਦੱਸਿਆ ਕਿ ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਯੂਨਾਈਟਿਡ ਸਿੱਖਜ਼ ਇੱਕੋ-ਇੱਕ ਅਜਿਹੀ ਸੰਸਥਾ ਹੈ, ਜੋ ਯੂਐਨਓ ਤੋਂ ਮਾਨਤਾ ਪ੍ਰਾਪਤ ਹੈ ਤੇ ਸੰਸਥਾ ਦੇ ਵਾਲੰਟੀਅਰ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਛੇਤੀ ਹੀ ਨਸ਼ਿਆਂ ਤੇ ਕੈਂਸਰ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਤੇ ਮਾਲਵੇ ਵਿੱਚ ਮੁਫ਼ਤ ਨਸ਼ਾ ਛੁਡਾਊ ਕੇਂਦਰ ਖੋਲ੍ਹਿਆ ਜਾਵੇਗਾ। ਇਸ ਮੌਕੇ ਜਗਰੂਪ ਸਿੰਘ ਖੇੜਾ (ਵੈਨਕੂਵਰ), ਸੁਖਜੀਤ ਸਿੰਘ ਵਿਰਕ, ਚਰਨਜੀਤ ਕੌਰ ਸੋਢੀ, ਸੁਰਿੰਦਰ ਸਿੰਘ ਸੰਧੂ, ਪਾਸਟਰ ਸੁਰਿੰਦਰ ਬਾਜਵਾ, ਮੁਸਲਿਮ ਭਾਈਚਾਰੇ ਦੇ ਆਗੂ ਸਿਰਾਜ ਮੁਹੰਮਦ, ਜੇ.ਪੀ. ਸਿੰਘ ਮੁੱਲਾਂਪੁਰ ਤੇ ਅੰਮ੍ਰਿਤਪਾਲ ਸਿੰਘ ਹਾਜ਼ਰ ਸਨ।