ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ 70ਵਾਂ ਜਨਮ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਇਆ

ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ 70ਵਾਂ ਜਨਮ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਇਆ

ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਸ਼ਾਨਦਾਰ ਸਮਾਗਮ ਮੌਕੇ 
ਸੰਤਾਂ ਦੇ ਜੀਵਨ ਅਤੇ ਸ਼ਹਾਦਤ ਸਬੰਧੀ ਬਾਰੇ ਅਹਿਮ ਵਿਚਾਰਾਂ
ਸਟਾਕਟਨ/ਬਲਿਵੰਦਰਪਾਲ ਸਿੰਘ ਖਾਲਸਾ:
ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ 70ਵਾਂ ਜਨਮ ਦਿਹਾੜਾ ਚੜ੍ਹਦੀ ਕਲਾ ਨਾਲ ਗੁਰਦੁਆਰਾ ਸਾਹਿਬ ਸਟਾਕਟਨ ਵਿਚ ਮਨਾਇਆ ਗਿਆ। ਸ਼ੁੱਕਰਵਾਰ ਨੂੰ ਇਲਾਹੀ ਬਾਣੀ ਦੇ ਅਖੰਡ ਜਾਪ ਦੀ ਅਰੰਭਤਾ ਹੋਈ ਜਿਸ ਦੀ ਸੰਪੂਰਨਤਾ ਐਤਵਾਰ ਨੂੰ ਹਫਤਾਵਾਰੀ ਦੀਵਾਨਾਂ ਵਿਚ ਹੋਈ। ਕਥਾ ਕੀਰਤਨ ਦੇ ਪਰਵਾਹ ਚੱਲੇ, ਜਿਸਦਾ ਲਾਹਾ ਸੰਗਤਾਂ ਨੇ ਰੱਜ ਰੱਜ ਮਾਣਿਆ। ਕਥਾ ਵਿਚ ਸੰਤਾਂ ਦੇ ਜੀਵਨ ਉਤੇ ਝਾਤ ਪਵਾਉਂਦਿਆਂ ਦੱਸਿਆ ਗਿਆ ਕਿ ਉਨਾਂ ਦੀ ਰੁਚੀ ਤੇ ਲਗਨ ਬਚਪਨ ਤੋਂ ਹੀ ਅਕਾਲ ਪੁਰਖ ਵੱਲ ਸੀ। ਸਾਦਾ ਜੀਵਨ ਸੀ ਪਰ ਬੰਦਗੀ ਨਾਲ ਸਰਸ਼ਾਰ ਸੀ।
ਉਪਰੰਤ ਪੰਥਕ ਬੁਲਾਰਿਆਂ ਡਾ: ਦਲਜੀਤ ਸਿੰਘ. ਪੁਨੀਤ ਕੌਰ, ਸਤਨਾਮ ਸਿੰਘ ਅਤੇ ਭਾਈ ਤਰਲੋਚਨ ਸਿੰਘ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਸਕੱਤਰ ਭਾਈ ਜਤਿੰਦਰ ਸਿੰਘ ਪੰਮਾ ਨੇ ਸਭ ਬੁਲਾਇਆਂ ਨੂੰ ਕ੍ਰਮਵਾਰ ਸਮਾਂ ਦੇ ਕੇ ਜਨਮ ਦਿਨ ਦੇ ਸਮਾਗਮਾਂ ਨੂੰ ਤਰਤੀਬ ਦਿੱਤੀ। ਬੁਲਾਰਿਆ ਨੇ ਸੰਤਾਂ ਦੇ ਜੀਵਨ ਦੇ ਵੱਖ ਵੱਖ ਪਹਿਲੂ ਪੇਸ਼ ਕੀਤੇ ਜਿਸ ਵਿਚ ਉਨਾਂ ਦੀ ਸ਼ਖਸ਼ੀਅਤ ਦੇ ਬਹੁਤ ਸਾਰੇ ਵਿਲੱਖਣ ਪੱਖ ਬਚਪਨ, ਜਵਾਨੀ ਤੇ ਸ਼ਹਾਦਤ ਸ਼ਾਮਲ ਸਨ। ਉਨਾਂ ਦੇ ਗੁਰਮਿਤ ਗਿਆਨ ਬਾਰੇ ਵੀ ਰੌਸ਼ਨੀ ਪਾਈ ਗਈ।
ਯੂਨੀਵਰਸਿਟੀ ਆਫ ਕੈਲੇਫੋਨਰੀਆ ਸੈਂਟਾ ਕਰੂਜ਼ ਤੋਂ ਵਿਸ਼ੇਸ ਤੌਰ ਤੇ ਪਹੁੰਚੀ ਬੀਬੀ ਪੁਨੀਤ ਕੌਰ ਨੇ ਸੰਤਾਂ ਦੇ ਜੀਵਨ ਵਿਚੋਂ ਸਿੱਖ ਕੌਮ ਦੀ ਗੁਲਾਮੀ ਦੇ ਪੱਖ ਨੂੰ ਉਭਾਰਿਆ। ਇਹ ਗੱਲ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ਸੰਤਾਂ ਨੇ ਧੁਰ ਅੰਦਰੋਂ ਇਹ ਮਹਿਸੂਸ ਕਰ ਲਿਆ ਸੀ ਕਿ ਸਿੱਖ ਕੌਮ ਬੁਰੀ ਤਰਾਂ ਗੁਲਾਮੀ ਦਾ ਸ਼ਿਕਾਰ ਹੈ ਤੇ ਗੁਲਾਮੀ ਦਾ ਜੂਲਾ ਹਰ ਹਾਲਤ ਵਿਚ ਕੌਮ ਦੇ ਗਲੋਂ ਉਤਾਰਨਾ ਹੈ। ਧਰਮ ਯੁੱਧ ਮੋਰਚੇ ਦਾ ਇਹੀ ਨਿਸ਼ਾਨਾ ਸੀ ਕਿ ਪ੍ਰਾਧੀਨਤਾ ਤੋਂ ਪੱਲਾ ਛੁਡਾਇਆ ਜਾਵੇ। ਗੁਲਾਮੀ ਲਾਹੁਣ ਲਈ ਜੇ ਜਾਨ ਵੀ ਵਾਰਨੀ ਪੈ ਜਾਵੇ ਤਾਂ ਪਿਛਾਂਹ ਨਹੀਂ ਹਟਣਾ। ਇਸੇ ਕਰਕੇ ਸੰਤਾਂ ਨੇ ਜੀਵਨ ਵਿਚ ਜੋ ਕਿਹਾ ਕਰਕੇ ਵਿਖਾਇਆ। ਜੋ ਨਹੀਂ ਕਿਹਾ ਉਹ ਵੀ ਕਰਕੇ ਵਿਖਾਇਆ। ਭਾਰਤੀ ਹਕੂਮਤ ਨੂੰ ਜੜ੍ਹੋਂ ਹਿਲਾ ਕੇ ਰੱਖ ਦਿੱਤਾ।
ਸ਼ਹੀਦ ਭਾਈ ਅਮਰੀਕ ਸਿੰਘ ਦੇ ਪੁੱਤਰ ਭਾਈ ਤਰਲੋਚਨ ਸਿੰਘ ਨੇ ਕਿਹਾ ਕਿ ਸੰਤ ਦੀ ਇਹ ਚਾਹਤ ਸੀ ਕਿ ਸਿੱਖੀ ਵਧੇ ਫੁਲੇ ਤੇ ਭਾਰਤੀ ਹਕੂਮਤ ਚਾਹੁੰਦੀ ਸੀ ਕਿ ਸਿੱਖੀ ਮਰ ਮੁੱਕ ਜਾਵੇ। ਇਹੀ ਜੰਗ ਦੀ ਵਜਾਹ ਸੀ। ਭਾਰਤੀ ਹਕੂਮਤ ਜਿੱਤ ਕੇ ਵੀ ਹਾਰ ਗਈ ਤੇ ਸੰਤ ਹਰ ਦਿਲ ਅਜੀਜ਼ ਹੋ ਗਏ।
ਭਾਈ ਸਤਨਾਮ ਸਿੰਘ ਨੇ ਭਾਈ ਮੰਡ ਦੀ ਲਿਖੀ ਇਕ ਨਜ਼ਮ ਸੰਗਤਾਂ ਨੂੰ ਤਰੰਨੁਮ ਵਿਚ ਗਾ ਕੇ ਸੁਣਾਈ। ਅੰਤ ਵਿਚ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਦੀ ਸਿੰਘਣੀ ਬੀਬੀ ਹਰਮੀਤ ਕੌਰ ਨੂੰ ਤੇ ਉਨਾਂ ਦੇ ਪੁੱਤਰ ਭਾਈ ਤਰਲੋਚਨ ਸਿੰਘ ਨੂੰ  ਗੁਰਦੁਆਰਾ ਸਾਹਿਬ ਵੱਲੋਂ ਸਿਰੋਪਾਓ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ।
ਮੁੱਖ ਗੁਰਦੁਆਰਾ ਸਾਹਿਬ ਦੇ ਪੰਡਾਲ ਵਿਚ ਕੈਲੇਫੋਰਨੀਆ ਗਤਕਾ ਦਲ ਦੇ ਸਿੰਘਾਂ ਸਿੰਘਣੀਆਂ ਨੇ ਖਾਲਿਸਤਾਨੀ ਝੰਡਿਆਂ-ਨਿਸ਼ਾਨ ਸਾਹਿਬਾਂ ਦੀ ਰਹਿਨੁਮਾਈ ਵਿਚ ਸੰਗਤਾ ਨੂੰ ਗਤਕੇ ਦੇ ਜੌਹਰ ਵਿਖਾਏ। ਜਥੇਦਾਰ ਦੀਦਾਰ ਸਿੰਘ, ਜਥੇਦਾਰ ਜਸਪ੍ਰੀਤ ਸਿੰਘ ਦੀ ਅਗਵਾਈ ਵਿਚ ਭੁਜੰਗੀਆਂ ਭੁਜੰਗਣਾਂ ਨੇ ਇਕ ਵਾਰ ਤਾਂ ਮਾਹੌਲ ਨੂੰ  ਸੰਤ ਸਿਪਾਹੀ ਦੇ ਰੰਗ ਵਿਚ ਰੰਗ ਦਿੱਤਾ। ਖਾਲਿਸਤਾਨ ਜ਼ਿੰਦਾਬਾਦ ਤੇ ਇਤਿਹਾਸਕ ਵਾਰਾਂ ਨਾਲ ਮਾਹੌਲ ਜੋਸ਼ੀਲਾ ਬਣਾ ਦਿੱਤਾ। ਭਾਈ ਰਣਜੀਤ ਸਿੰਘ ਦੀ ਅਵਾਜ਼ ਵਿਚ ਗਤਕੇ ਦੀ ਕਾਰਵਾਈ ਲਗਾਤਾਰ ਸੁਣਨ ਨੂੰ ਮਿਲਦੀ ਰਹੀ। ਅਰਦਾਸ ਨਾਲ ਸ਼ੁਰੂ ਹੋਏ ਗਤਕੇ ਦੀ ਸਮਾਪਤੀ ਵੀ ਅਰਦਾਸ ਨਾਲ ਕੀਤੀ ਗਈ।
ਗੁਰਦੁਆਰਾ ਸਾਹਿਬ ਸਟਾਕਟਨ ਦੀ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮਿਝਤਸਰ ਤੇ ਕੈਲੇਫੋਰਨੀਆ ਗਤਕਾ ਦਲ ਦੇ ਆਪਸੀ ਸਹਿਯੋਗ ਨਾਲ ਸੰਤਾਂ ਦੇ 70ਵੇਂ ਜਨਮ ਦਿਨ ਦੀਆਂ ਭਾਰੀ ਰੌਣਕਾਂ ਲੱਗੀਆਂ ਜਿਸ ਵਿਚ ਦੂਰੋਂ ਨੇੜਿਓਂ ਸੰਗਤਾਂ ਹੁੰਮ ਹੁਮਾ ਕੇ ਪਹੁੰਚੀਆਂ।