ਤਾਲਿਬਾਨ ਨੇ 7 ਭਾਰਤੀ ਇੰਜਨੀਅਰ ਅਗ਼ਵਾ ਕੀਤੇ

ਤਾਲਿਬਾਨ ਨੇ 7 ਭਾਰਤੀ ਇੰਜਨੀਅਰ ਅਗ਼ਵਾ ਕੀਤੇ

ਨਵੀਂ ਦਿੱਲੀ/ਬਿਊਰੋ ਨਿਊਜ਼:
ਅਫ਼ਗਾਨਿਸਤਾਨ ਦੇ ਉੱਤਰੀ ਬਗ਼ਲਾਨ ਸੂਬੇ ‘ਚ ਬਿਜਲੀ ਕੰਪਨੀ ‘ਚ ਕੰਮ ਕਰਦੇ ਸੱਤ ਭਾਰਤੀਆਂ ਨੂੰ ਐਤਵਾਰ ਵਾਲੇ ਦਿਨ ਤਾਲਿਬਾਨ ਬੰਦੂਕਧਾਰੀਆਂ ਨੇ ਅਗ਼ਵਾ ਕਰ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰੀ ਮੁਲਾਜ਼ਮਾਂ ਦੇ ਭੁਲੇਖੇ ਤਾਲਿਬਾਨ ਨੇ ਭਾਰਤੀਆਂ ਨੂੰ ਅਗ਼ਵਾ ਕੀਤਾ ਹੈ। ਉਂਜ ਕਿਸੇ ਜਥੇਬੰਦੀ ਨੇ ਭਾਰਤੀਆਂ ਨੂੰ ਅਗ਼ਵਾ ਕਰਨ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਕੌਮਾਂਤਰੀ ਖ਼ਬਰ ਏਜੰਸੀਆਂ ਨੇ ਬਗ਼ਲਾਨ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਉਨ੍ਹਾਂ ਨੂੰ ਤਾਲਿਬਾਨ ਨੇ ਅਗ਼ਵਾ ਕੀਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਨਵੀਂ ਦਿੱਲੀ ‘ਚ ਕਿਹਾ ਕਿ ਉਹ ਅਫ਼ਗਾਨ ਅਧਿਕਾਰੀਆਂ ਦੇ ਸੰਪਰਕ ‘ਚ ਹਨ ਅਤੇ ਘਟਨਾ ਦੇ ਵੇਰਵੇ ਇਕੱਤਰ ਕਰ ਰਹੇ ਹਨ। ਭਾਰਤੀ ਇੰਜਨੀਅਰਾਂ ਨੂੰ ਉਸ ਸਮੇਂ ਅਗ਼ਵਾ ਕੀਤਾ ਗਿਆ ਜਦੋਂ ਉਹ ਮਿੰਨੀ ਬੱਸ ਰਾਹੀਂ ਪ੍ਰਾਜੈਕਟ ਵਾਲੀ ਥਾਂ ‘ਤੇ ਜਾ ਰਹੇ ਸਨ। ਟੋਲੋ ਨਿਊਜ਼ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਤਾਲਿਬਾਨ ਦਹਿਸ਼ਤਗਰਦਾਂ ਨੇ ਭਾਰਤੀ ਕੰਪਨੀ ਕੇਈਸੀ ਦੇ ਸੱਤ ਭਾਰਤੀ ਸਟਾਫ਼ ਮੈਂਬਰਾਂ ਅਤੇ ਇਕ ਅਫ਼ਗਾਨ ਮੁਲਾਜ਼ਮ ਨੂੰ ਐਤਵਾਰ ਸਵੇਰੇ ਸੂਬਾਈ ਰਾਜਧਾਨੀ ਪੁਲ-ਏ-ਖੋਮਰੇ ਦੇ ਬਾਗ਼-ਏ-ਸ਼ਮਾਲ ਇਲਾਕੇ ‘ਚੋਂ ਅਗ਼ਵਾ ਕੀਤਾ। ਬਗ਼ਲਾਨ ਦੇ ਗਵਰਨਰ ਅਬਦੁੱਲਹਈ ਨੇਮਤੀ ਨੇ ਕਿਹਾ ਕਿ ਤਾਲਿਬਾਨ ਗੁੱਟ ਮੁਲਾਜ਼ਮਾਂ ਨੂੰ ਅਗ਼ਵਾ ਕਰਕੇ ਪੁਲ-ਏ-ਖੁਮਰੀ ਸ਼ਹਿਰ ਦੇ ਦੰਡ-ਏ-ਸ਼ਹਾਬੂਦੀਨ ਇਲਾਕੇ ਵੱਲ ਲੈ ਗਏ।
ਰਿਪੋਰਟ ‘ਚ ਨੇਮਤੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਫ਼ਗਾਨ ਅਧਿਕਾਰੀਆਂ ਨੇ ਸਥਾਨਕ ਲੋਕਾਂ ਰਾਹੀਂ ਤਾਲਿਬਾਨ ਨਾਲ ਗੱਲਬਾਤ ਕੀਤੀ ਹੈ ਅਤੇ ਦਹਿਸ਼ਤੀ ਗੁੱਟ ਮੁਤਾਬਕ ਉਨ੍ਹਾਂ ਸਰਕਾਰੀ ਮੁਲਾਜ਼ਮਾਂ ਦੇ ਭੁਲੇਖੇ ਗ਼ਲਤੀ ਨਾਲ ਭਾਰਤੀਆਂ ਨੂੰ ਅਗ਼ਵਾ ਕਰ ਲਿਆ। ਨੇਮਤੀ ਨੇ  ਕਿਹਾ ਕਿ ਉਹ ਕਬੀਲੇ ਦੇ ਬਜ਼ੁਰਗਾਂ ਅਤੇ ਵਿਚੋਲਿਆਂ ਰਾਹੀਂ ਅਗ਼ਵਾ ਹੋਏ ਵਿਅਕਤੀਆਂ ਨੂੰ ਛੁਡਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਆਰਪੀਜੀ ਗਰੁੱਪ ਦੀ ਕੰਪਨੀ ਆਰਈਸੀ ਲਈ ਇਹ ਇੰਜਨੀਅਰ ਕੰਮ ਕਰ ਰਹੇ ਸਨ ਅਤੇ ਕੰਪਨੀ ਨੂੰ 2013 ‘ਚ ਚਿਮਟਾਲਾ ਅਤੇ ਕਾਬੁਲ ਦਰਮਿਆਨ 220 ਕੇਵੀ ਟਰਾਂਸਮਿਸ਼ਨ ਲਾਈਨ ਵਿਛਾਉਣ ਲਈ ਠੇਕਾ ਮਿਲਿਆ ਸੀ। ਆਰਪੀਜੀ ਗਰੁੱਪ ਦੇ ਚੇਅਰਮੈਨ ਹਰਸ਼ ਗੋਇਨਕਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਸੋਸ਼ਲ ਮੀਡੀਆ ‘ਤੇ ਸਹਾਇਤਾ ਦੀ ਮੰਗ ਕਰਦਿਆਂ ਅਗ਼ਵਾ ਇੰਜਨੀਅਰਾਂ ਨੂੰ ਛੁਡਾਉਣ ਦੀ ਅਪੀਲ ਕੀਤੀ ਹੈ। ਅਫ਼ਗਾਨਿਸਤਾਨ ਦੇ ਪੁਨਰ ਨਿਰਮਾਣ ਲਈ ਭਾਰਤ ਵੱਲੋਂ ਕਈ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਲਈ 2 ਅਰਬ ਡਾਲਰ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਅਗ਼ਵਾ ਦੀ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਕਾਬੁਲ ਅਤੇ ਅਫ਼ਗਾਨਿਸਤਾਨ ਦੇ ਹੋਰ ਹਿੱਸਿਆਂ ‘ਚ ਧਮਾਕੇ ਅਤੇ ਖ਼ੂਨ-ਖ਼ਰਾਬਾ ਹੋ ਰਿਹਾ ਹੈ। ਪਹਿਲਾਂ ਵੀ ਭਾਰਤੀਆਂ ਨੂੰ ਅਗ਼ਵਾ ਕਰਨ ਦੀਆਂ ਘਟਨਾਵਾਂ ਹੋਈਆਂ ਹਨ। ਸਾਲ 2003, 2005, 2006 ਅਤੇ 2008 ‘ਚ ਭਾਰਤੀਆਂ ਨੂੰ ਅਗ਼ਵਾ ਕੀਤਾ ਗਿਆ ਸੀ ਅਤੇ ਜ਼ਿਆਦਾਤਰ ਕੇਸਾਂ ‘ਚ ਉਨ੍ਹਾਂ ਨੂੰ ਸੁਰੱਖਿਅਤ ਰਿਹਾਅ ਕਰਵਾ ਲਿਆ ਗਿਆ ਸੀ। ਸਾਲ 2016 ‘ਚ ਭਾਰਤੀ ਸਹਾਇਤਾ ਕਾਮੇ ਨੂੰ ਕਾਬੁਲ ‘ਚ ਅਗ਼ਵਾ ਕੀਤਾ ਗਿਆ ਸੀ ਜਿਸ ਦੀ ਰਿਹਾਈ 40 ਦਿਨਾਂ ਮਗਰੋਂ ਹੋਈ ਸੀ।