ਅੰਮ੍ਰਿਤਸਰ ਰੇਲ ਹਾਦਸਾ : ਖੁਸ਼ੀ-ਖੁਸ਼ੀ ਦੁਸਹਿਰਾ ਦੇਖਣ ਗਏ 65 ਹਲਾਕ

ਅੰਮ੍ਰਿਤਸਰ ਰੇਲ ਹਾਦਸਾ : ਖੁਸ਼ੀ-ਖੁਸ਼ੀ ਦੁਸਹਿਰਾ ਦੇਖਣ ਗਏ 65 ਹਲਾਕ

* ਜੌੜੇ ਫਾਟਕਾਂ ਨਜ਼ਦੀਕ ਰੇਲਵੇ ਲਾਈਨ ‘ਤੇ ਖੜ੍ਹ ਕੇ ਵੇਖ ਰਹੇ ਸਨ ਦੁਸਹਿਰਾ
* ਪਟਾਕਿਆਂ ਕਾਰਨ ਨਹੀਂ ਸੁਣੇ ਗੱਡੀਆਂ ਦੇ ਹਾਰਨ
* 72 ਜ਼ਖ਼ਮੀ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ
* ਕੈਪਟਨ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ
* ਸ਼੍ਰੋਮਣੀ ਕਮੇਟੀ ਵਲੋਂ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਦਾ ਐਲਾਨ
* ਦੁਸਹਿਰਾ ਮੇਲੇ ਦੇ ਕਾਂਗਰਸੀ ਪ੍ਰਬੰਧਕ ਹੋਏ ਰੂਪੋਸ਼
* ਪੁਲੀਸ ਤੋਂ ਪ੍ਰਵਾਨਗੀ ਮਿਲੀ, ਨਿਗਮ ਤੋਂ ਨਹੀਂ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਇੱਥੇ ਦੁਸਹਿਰੇ ਵਾਲੇ ਦਿਨ ਧੋਬੀ ਘਾਟ ਨੇੜਲੇ ਜੌੜੇ ਫਾਟਕ ਨਜ਼ਦੀਕ ਰੇਲਵੇ ਲਾਈਨਾਂ ‘ਤੇ ਖੜ੍ਹ ਕੇ ਨੇੜਲੇ ਮੈਦਾਨ ਵਿਚ ਮੇਲਾ ਵੇਖ ਰਹੇ ਲੋਕਾਂ ਦੇ ਰੇਲਗੱਡੀ ਹੇਠ ਆ ਜਾਣ ਕਾਰਨ 65 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 72 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਹਾਦਸਾ ਵਾਪਰਿਆ ਉਦੋਂ ਜੋੜੇ ਫਾਟਕ ਨੇੜਲੇ ਮੈਦਾਨ ਵਿੱਚ ਤਿੰਨ ਸੌ ਦੇ ਕਰੀਬ ਲੋਕ ‘ਰਾਵਣ ਦਹਿਨ’ ਵੇਖ ਰਹੇ ਸਨ। ਡਿਪਟੀ ਕਮਿਸ਼ਨਰ ਕਮਲਦੀਪ ਸੰਘਾ ਨੇ ਹਾਦਸੇ ਵਿਚ 58 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੁਸਹਿਰਾ ਸਮਾਗਮ ਕੌਂਸਲਰ ਬੀਬੀ ਵਿਜੈ ਮਦਾਨ ਦੇ ਪੁੱਤਰ ਮਿੱਠੂ ਮਦਾਨ ਕਾਂਗਰਸੀ ਆਗੂ ਵੱਲੋਂ ਰਚਿਆ ਗਿਆ ਸੀ। ਇਹ ਹਾਦਸਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹਲਕੇ ਅੰਮ੍ਰਿਤਸਰ (ਪੂਰਬੀ) ਵਿਚ ਵਾਪਰਿਆ ਹੈ।
ਨਿਗਮ ਕੌਂਸਲਰ ਵਿਜੈ ਮਦਾਨ ਤੇ ਉਸ ਦਾ ਪੁੱਤਰ ਤੇ ਦੁਸਹਿਰੇ ਮੇਲੇ ਦਾ ਮੁੱਖ ਪ੍ਰਬੰਧਕ ਸੌਰਭ ਮਦਾਨ ਮਿੱਠੂ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਰੂਪੋਸ਼ ਹੋ ਗਏ ਹਨ। ਪੁਲੀਸ ਅਨੁਸਾਰ ਹਾਦਸੇ ਮਗਰੋਂ ਗੁੱਸੇ ਵਿੱਚ ਆਏ ਲੋਕਾਂ ਨੇ ਮੇਲਾ ਪ੍ਰਬੰਧਕਾਂ ਦੇ ਘਰ ‘ਤੇ ਹਮਲਾ ਕਰ ਦਿੱਤਾ ਤੇ ਪੱਥਰ ਮਾਰ ਕੇ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ। ਉਨ੍ਹਾਂ ਦੀ ਰਿਹਾਇਸ਼ ‘ਤੇ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਰਾਵਣ ਦਾ ਪੁਤਲਾ ਸਾੜਨ ਤੋਂ ਬਾਅਦ ਜਦੋਂ ਲੋਕ ਵਾਪਸ ਮੁੜਨ ਲੱਗੇ ਤਾਂ ਨੇੜੇ ਹੀ ਰੇਲ ਟਰੈਕ ‘ਤੇ ਲੋਕ ਪਹਿਲਾਂ ਹੀ ਭਾਰੀ ਮਾਤਰਾ ਵਿਚ ਮੌਜੂਦ ਸਨ। ਇਸੇ ਦੌਰਾਨ ਅਚਾਨਕ ਰੇਲਗੱਡੀ ਆ ਗਈ। ਲੋਕਾਂ ਨੂੰ ਬਚਾਅ ਦਾ ਮੌਕਾ ਨਾ ਮਿਲਣ ਕਰਕੇ ਵੱਡੀ ਗਿਣਤੀ ਲੋਕ ਜਲੰਧਰ ਤੋਂ ਅੰਮ੍ਰਿਤਸਰ ਆ ਰਹੀ ਰੇਲਗੱਡੀ ਹੇਠਾਂ ਆ ਗਏ। ਹਾਦਸਾ ਐਨਾ ਭਿਆਨਕ ਸੀ ਕਿ ਗੱਡੀ ਥੱਲੇ ਆਉਣ ਵਾਲੇ ਲੋਕਾਂ ਦੇ ਅੰਗ ਰੇਲਵੇ ਟਰੈਕ ‘ਤੇ ਥਾਂ-ਥਾਂ ਖਿੱਲਰੇ ਹੋਏ ਸਨ।
ਜਾਣਕਾਰੀ ਮੁਤਾਬਕ ਇਸ ਦੁਸਹਿਰਾ ਸਮਾਗਮ ਵਿਚ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਸ਼ਿਰਕਤ ਕਰਨੀ ਸੀ। ਸਾਬਕਾ ਵਿਧਾਇਕਾ ਸਮਾਗਮ ਵਿਚ ਦੇਰ ਨਾਲ ਪੁੱਜੇ ਤੇ ਇਸ ਕਰਕੇ ਰਾਵਣ ਦੇ ਪੁਤਲੇ ਨੂੰ ਸਾੜਨ ਵਿਚ ਦੇਰ ਹੋ ਗਈ। ਲੋਕਾਂ ਮੁਤਾਬਕ ਘਟਨਾ ਵਾਪਰਨ ਸਮੇਂ ਕਾਫ਼ੀ ਹਨੇਰਾ ਹੋ ਚੁੱਕਾ ਸੀ ਤੇ ਹਾਦਸਾ ਮੌਕੇ ਵੱਡੀ ਗਿਣਤੀ ਮੌਤਾਂ ਦਾ ਇਹ ਵੀ ਇਕ ਕਾਰਨ ਹੈ। ਜਿਸ ਵੇਲੇ ਪੁਤਲੇ ਸਾੜੇ ਗਏ ਤਾਂ ਪਟਾਕਿਆਂ ਅਤੇ ਸਪੀਕਰ ਦੀ ਆਵਾਜ਼ ਦੌਰਾਨ ਰੇਲ ਪਟੜੀਆਂ ‘ਤੇ ਖੜ੍ਹੇ ਲੋਕਾਂ ਨੂੰ ਰੇਲ ਗੱਡੀ ਦੇ ਆਉਣ ਬਾਰੇ ਪਤਾ ਹੀ ਨਹੀਂ ਲੱਗਾ। ਇਕ ਰੇਲ ਗੱਡੀ ਅੰਮ੍ਰਿਤਸਰ ਹਾਵੜਾ ਮੇਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਜਾ ਵੀ ਰਹੀ ਸੀ ਤੇ ਦੂਜੀ ਰੇਲ ਗੱਡੀ ਜਲੰਧਰ ਤੋਂ ਅੰਮ੍ਰਿਤਸਰ ਡੀਐਮਯੂ ਆ ਰਹੀ ਸੀ। ਲੋਕਾਂ ਮੁਤਾਬਕ ਰੇਲ ਟਰੈਕ ‘ਤੇ ਖੜੇ ਲੋਕਾਂ ਨੂੰ ਇਸ ਰੇਲ ਗੱਡੀ ਦੇ ਆਉਣ ਬਾਰੇ ਪਤਾ ਹੀ ਨਹੀਂ ਲੱਗਾ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ।
ਲੋਕ ਹੋਏ ਹਿੰਸਕ : ਘਟਨਾ ਦੀ ਜਾਣਕਾਰੀ ਮਿਲਣ ‘ਤੇ ਸਿੱਖਿਆ ਮੰਤਰੀ ਓਪੀ ਸੋਨੀ ਪੁੱਜੇ, ਪਰ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਲੋਕਾਂ ਦੇ ਰੋਹ ਨੂੰ ਦੇਖਦਿਆਂ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਘਟਨਾ ਤੋਂ ਬਾਅਦ ਮੈਡੀਕਲ ਮਦਦ ਵਾਸਤੇ ਭੇਜੀ ਗਈ ਰੇਲ ਗੱਡੀ ਉਸ ਵੇਲੇ ਲੋਕਾਂ ਦੇ ਰੋਹ ਦਾ ਸ਼ਿਕਾਰ ਹੋ ਗਈ ਜਦੋਂ ਲੋਕਾਂ ਨੇ ਇਸ ਰੇਲ ਗੱਡੀ ਦੀ ਭੰਨ ਤੋੜ ਕੀਤੀ। ਰੇਲ ਗੱਡੀ ਦਾ ਡਰਾਈਵਰ ਉਸ ਨੂੰ ਵਾਪਸ ਲੈ ਕੇ ਚਲਾ ਗਿਆ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਵੀ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਵਾਰਸਾਂ ਨੇ ਗੁੱਸੇ ਵਿਚ ਹਸਪਤਾਲ ਦੀ ਭੰਨ ਤੋੜ ਕੀਤੀ।
ਸਰਕਾਰੀ ਹਸਪਤਾਲਾਂ ਨੂੰ ਮੁੱਖ ਮੰਤਰੀ ਦਾ ਹੁਕਮ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਹੁਕਮ ਦਿੱਤਾ ਹੈ ਕਿ ਜ਼ਖ਼ਮੀ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾਏ। ਸ਼੍ਰੋਮਣੀ ਕਮੇਟੀ ਦੇ ਹਸਪਤਾਲ ਨੇ ਵੀ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਦਾ ਪ੍ਰਬੰਧ ਕੀਤਾ ਹੈ। ਮੁੱਖ ਮੰਤਰੀ ਨੇ ਰੇਲ ਹਾਦਸੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਵਜੋਂ ਪੰਜ ਪੰਜ ਲੱਖ ਰੁਪਏ ਦੇਣ ਅਤੇ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਦਾ ਐਲਾਨ ਕੀਤਾ ਹੈ।
ਕੌਣ ਹੈ ਜ਼ਿੰਮੇਵਾਰ : ਇਸ ਹਾਦਸੇ ਨੇ ਪ੍ਰਬੰਧਕਾਂ ਤੇ ਪ੍ਰਸ਼ਾਸਨ ਦੋਵਾਂ ਦੀ ਕਾਰਗੁਜ਼ਾਰੀ ਅੱਗੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ। ਪ੍ਰਬੰਧਕ ਜਾਣਦੇ ਹਨ ਕਿ ਇਹ ਜਗ੍ਹਾ ਦੁਸਹਿਰੇ ਵਰਗੇ ਤਿਉਹਾਰ ਨੂੰ ਮਨਾਉਣ ਲਈ ਮੁਨਾਸਿਬ ਨਹੀਂ। ਰੇਲਵੇ ਲਾਈਨ ਦੇ ਨਜ਼ਦੀਕ। ਫਿਰ ਪ੍ਰਸ਼ਾਸਨ ਨੇ ਏਥੇ ਰਾਵਣ ਸਾੜਨ ਦੀ ਆਗਿਆ ਕਿਵੇਂ ਦਿੱਤੀ?
ਲੋਕਾਂ ਨੇ ਦੋਸ਼ ਲਾਇਆ ਕਿ ਰੇਲ ਟਰੈਕ ਨੇੜੇ ਅਜਿਹੇ ਸਮਾਗਮ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਲਿਹਾਜ਼ਾ ਪ੍ਰਬੰਧਕਾਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਲੋਕਾਂ ਨੇ ਸਾਬਕਾ ਵਿਧਾਇਕਾ ਡਾ. ਸਿੱਧੂ ਖਿਲਾਫ ਵੀ ਕੇਸ ਦਰਜ ਕਰਨ ਦੀ ਮੰਗ ਕੀਤੀ। ਪ੍ਰਸ਼ਾਸਨ ਵੱਲੋਂ ਲਾਈਟ ਦਾ ਪ੍ਰਬੰਧ ਨਾ ਕੀਤੇ ਜਾਣ ਕਰਕੇ ਹਾਦਸੇ ਵਾਲੀ ਥਾਂ ਹਨੇਰਾ ਪਸਰਿਆ ਹੋਇਆ ਸੀ।
ਪੁਲੀਸ ਨੇ ਦੱਸਿਆ ਕਿ ਪ੍ਰਬੰਧਕਾਂ ਨੂੰ ਜੌੜਾ ਪਾਰਕ ਨੇੜੇ ਸਮਾਗਮ ਕਰਨ ਦੀ ਪੁਲੀਸ ਵੱਲੋਂ ਇਜਾਜ਼ਤ ਦਿੱਤੀ ਗਈ ਸੀ, ਪਰ ਦੁਸਹਿਰਾ ਮੇਲੇ ਦੇ ਪ੍ਰਬੰਧਕਾਂ ਨੇ ਨਗਰ ਨਿਗਮ ਤੇ ਪ੍ਰਦੂਸ਼ਣ ਵਿਭਾਗ ਤੋਂ ਪ੍ਰਵਾਨਗੀ ਨਹੀਂ ਲਈ ਸੀ। ਅੰਮ੍ਰਿਤਸਰ ਨਿਗਮ ਦੀ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਹਾ ਕਿ ਕਿਸੇ ਨੂੰ ਵੀ ਧੋਬੀ ਘਾਟ ਮੈਦਾਨ ਵਿਚ ਦੁਸਹਿਰਾ ਮਨਾਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ।
ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ  ਕਿਹਾ ਕਿ ਅੰਮ੍ਰਿਤਸਰ ਰੇਲ ਹਾਦਸੇ ਸਬੰਧੀ ਏਡੀਜੀਪੀ (ਰੇਲਵੇ) ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਜਾਂਚ ਸੌਂਪੀ ਗਈ ਹੈ।
ਰੇਲਵੇ ਵਲੋਂ ਪ੍ਰਸ਼ਾਸ਼ਨ ‘ਤੇ ਦੋਸ਼ : ਰੇਲਵੇ ਨੇ ਕਿਹਾ ਹੈ ਕਿ ਇਹ ਸਪਸ਼ਟ ਤੌਰ ਉੱਤੇ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਸਮਾਗਮ ਬਾਰੇ ਪਤਾ ਸੀ ਕਿਉਂਕਿ ਸਮਾਗਮ ਵਿਚ ਇੱਕ ਸਥਾਨਕ ਮੰਤਰੀ ਦੀ ਪਤਨੀ ਨੇ ਸ਼ਾਮਲ ਹੋਣਾ ਸੀ ਪਰ ਰੇਲਵੇ ਕੋਲੋਂ ਪ੍ਰਵਾਨਗੀ ਨਹੀਂ ਲਈ ਗਈ ਸੀ। ਰੇਲ ਰਾਜ ਮੰਤਰੀ ਦੇ ਦੌਰੇ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੇ ਰੇਲਵੇ ਨੇ ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਕਰਾਉਣ ਤੋਂ ਨਾਂਹ ਕਰ ਦਿੱਤੀ ਹੈ। ਫਿਰੋਜ਼ਪੁਰ ਮੰਡਲ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਵਿਵੇਕ ਕੁਮਾਰ ਨੇ ਆਖਿਆ ਕਿ ਰੇਲ ਵਿਭਾਗ ਵੱਲੋਂ ਹਾਦਸੇ ਦੀ ਕੋਈ ਜਾਂਚ ਨਹੀਂ ਕਰਵਾਈ ਜਾ ਰਹੀ। ਉਨ੍ਹਾਂ ਆਖਿਆ ਕਿ ਬੀਤੀ ਰਾਤ ਵੱਡੀ ਗਿਣਤੀ ਵਿੱਚ ਲੋਕ ਰੇਲ ਪੱਟੜੀਆਂ ‘ਤੇ ਖੜ੍ਹੇ ਸਨ, ਜੋ ਕਿ ਗੈਰ ਕਾਨੂੰਨੀ ਢੰਗ ਨਾਲ ਰੇਲਵੇ ਪਟੜੀਆਂ ਨੂੰ ਪਾਰ ਕਰਨ ਦਾ ਮਾਮਲਾ ਹੈ। ਇਸ ਸੰਬੰਧੀ ਕੇਸ ਦਰਜ ਕਰ ਲਏ ਗਏ ਹਨ।
ਰੇਲ ਹਾਦਸੇ ਦੀ ਜਾਂਚ ਦੇ ਆਦੇਸ਼ ਰੇਲ ਮੰਤਰੀ ਵੱਲੋਂ ਰੇਲਵੇ ਸੁਰੱਖਿਆ ਕਮਿਸ਼ਨ ਨੂੰ ਦਿੱਤੇ ਗਏ ਹਨ। ਰੇਲ ਰਾਜ ਮੰਤਰੀ ਮਨੋਜ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਜਿਸ ਰੇਲ ਗੱਡੀ ਹੇਠਾਂ ਆਉਣ ਕਾਰਨ ਲੋਕਾਂ ਦੀ ਮੌਤ ਹੋਈ ਹੈ, ਉਸ ਦੇ ਡਰਾਈਵਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਡਰਾਈਵਰ ਦਾ ਕੋਈ ਦੋਸ਼ ਨਹੀਂ ਹੈ। ਡਰਾਈਵਰ ਨੇ ਜਦੋਂ ਰੇਲ ਪੱਟੜੀ ‘ਤੇ ਲੋਕਾਂ ਦੀ ਭੀੜ ਦੇਖੀ ਤਾਂ ਉਸ ਨੇ ਰੇਲ ਗੱਡੀ ਦੀ ਬਰੇਕ ਲਾਈ, ਜਿਸ ਨਾਲ ਉਸ ਦੀ ਰਫ਼ਤਾਰ ਘੱਟ ਕੇ 68 ਕਿਲੋਮੀਟਰ ਪ੍ਰਤੀ ਘੰਟਾ ਆ ਗਈ ਸੀ ਪਰ ਇਸ ਦੌਰਾਨ ਉਹ ਇਸ ਰੇਲ ਹਾਦਸੇ ਨੂੰ ਵਾਪਰਨ ਤੋਂ ਰੋਕਣ ਵਿੱਚ ਅਸਮਰਥ ਸੀ।
ਰੇਲ ਗੱਡੀ ਦੇ ਚਾਲਕ ਅਰਵਿੰਦ ਕੁਮਾਰ ਨੇ ਆਪਣਾ ਬਿਆਨ ਦਿੱਤਾ ਹੈ ਕਿ ਜਦੋਂ ਉਹ ਜੋੜਾ ਫਾਟਕ ਨੇੜੇ ਪਹੁੰਚਿਆ ਤਾਂ ਉਸ ਨੇ ਲਾਈਨਾਂ ‘ਤੇ ਲੋਕਾਂ ਦਾ ਇਕੱਠ ਦੇਖਿਆ ਜਿਸ ਨੂੰ ਦੇਖਦਿਆਂ ਹੀ ਉਸਨੇ ਗੱਡੀ ਦਾ ਹਾਰਨ ਵੀ ਵਜਾਇਆ ਤੇ ਐਮਰਜੈਂਸੀ ਬਰੇਕ ਵੀ ਲਗਾ ਦਿੱਤੇ ਸੀ ਪਰ ਜਦੋਂ ਤੱਕ ਗੱਡੀ ਰੁਕਦੀ ਉਦੋਂ ਤੱਕ ਲੋਕ ਗੱਡੀ ਦੀ ਲਪੇਟ ਵਿਚ ਆ ਚੁੱਕੇ ਸਨ। ਉਸ ਨੇ ਦੱਸਿਆ ਕਿ ਜਦੋਂ ਹੀ ਗੱਡੀ ਰੁਕਣ ਦੀ ਰਫ਼ਤਾਰ ‘ਤੇ ਆਈ ਤਾਂ  ਲੋਕਾਂ ਨੇ ਗੱਡੀ ‘ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਤੇ ਮੈਂ ਗੱਡੀ ਵਿਚ ਸਵਾਰ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦਿਆਂ ਗੱਡੀ ਦੀ ਰਫ਼ਤਾਰ ਮੁੜ ਵਧਾ ਲਈ ਤੇ ਅੰਮ੍ਰਿਤਸਰ ਸਟੇਸ਼ਨ ‘ਤੇ ਜਾ ਕੇ ਹੀ ਗੱਡੀ ਰੋਕੀ ਤੇ ਇਸ ਸੰਬੰਧੀ ਸੂਚਨਾ ਮੈਂ ਸਾਰੇ ਰੇਲਵੇ ਅਧਿਕਾਰੀਆਂ ਨੂੰ ਦੇ ਦਿੱਤੀ ਸੀ।
ਚਸ਼ਮਦੀਦ ਗਵਾਹਾਂ ਡਰਾਈਵਰ ਦੇ ਦਾਅਵੇ ਨੂੰ ਨਕਾਰਿਆ : ਦੁਸਹਿਰੇ ਵਾਲੇ ਦਿਨ ਵਾਪਰੇ ਰੇਲ ਹਾਦਸੇ ਦੇ ਚਸ਼ਮਦੀਦ ਗਵਾਹਾਂ ਅਤੇ ਸਥਾਨਕ ਲੋਕਾਂ ਨੇ ਡੀ. ਐਮ. ਯੂ. ਦੇ ਡਰਾਈਵਰ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਦੁਰਘਟਨਾ ਵਾਲੀ ਥਾਂ ‘ਤੇ ਲੋਕਾਂ ਨੇ ਰੇਲ ਗੱਡੀ ‘ਤੇ ਪਥਰਾਅ ‘ਤੇ ਕੀਤਾ ਸੀ। ਅੰਮ੍ਰਿਤਸਰ ਦੇ ਵਾਰਡ ਨੰਬਰ 46 ਦੇ ਕੌਂਸਲਰ ਸ਼ੈਲੇਂਦਰ ਸਿੰਘ ਸ਼ੈਲੀ ਤੇ ਪਰਮਜੀਤ ਸਿੰਘ ਨੇ ਕਿਹਾ ਕਿ ਉਹ ਮੌਕੇ ‘ਤੇ ਸੀ। ਉਨ੍ਹਾਂ ਕਿਹਾ ਕਿ ਰੁਕਣ ਦਾ ਗੱਲ ਤਾਂ ਛੱਡੋ, ਰੇਲ ਗੱਡੀ ਤਾਂ ਹੌਲੀ ਵੀ ਨਹੀਂ ਹੋਈ। ਇਸ ਤਰ੍ਹਾਂ ਲਗਦਾ ਸੀ ਕਿ ਜਿਵੇਂ ਡਰਾਈਵਰ ਸਾਨੂੰ ਕੁਚਲਨਾ ਚਾਹੁੰਦਾ ਸੀ।
ਪ੍ਰਧਾਨ ਮੰਤਰੀ ਤੇ ਹੋਰਨਾਂ ਵਲੋਂ ਦੁੱਖ ਦਾ ਪ੍ਰਗਟਾਵਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਸਹਿਰੇ ਦੇ ਦਿਨ ਰਾਵਣ ਦਹਿਨ ਮੌਕੇ ਅੰਮ੍ਰਿਤਸਰ ਵਿਚ ਵਾਪਰੇ ਰੇਲ ਹਾਦਸੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਰੇਲ ਹਾਦਸੇ ਦੇ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ ਦੋ ਲੱਖ ਰੁਪਏ ਤੇ ਜ਼ਖ਼ਮੀਆਂ ਨੂੰ ਪੰਜਾਹ ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਰੇਲਵੇ ਮੰਤਰੀ ਪਿਊਸ਼ ਗੋਇਲ ਅਤੇ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ, ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਰੇਲ ਹਾਦਸੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਐਲਾਨ ਕੀਤਾ ਹੈ ਕਿ ਅੰਮ੍ਰਿਤਸਰ ਰੇਲ ਹਾਦਸੇ ਵਿਚ ਮਾਰੇ ਗਏ ਬਿਹਾਰ ਨਾਲ ਸਬੰਧਿਤ ਵਿਅਕਤੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ‘ਆਪ’ ਆਗੂਆਂ ਭਗਵੰਤ ਮਾਨ ਤੇ ਹਰਪਾਲ ਚੀਮਾ, ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਨੇ ਰੇਲ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ।
ਬਾਦਲ ਦਲ ਨੇ ਸਿੱਧੂ ਦੀ ਬਰਖ਼ਾਸਤਗੀ ਮੰਗੀ : ਸ਼੍ਰੋਮਣੀ ਅਕਾਲੀ ਦਲ ਦੀ ਇੱਥੇ ਹੋਈ ਕੋਰ ਕਮੇਟੀ ਦੀ ਬੈਠਕ ਜਿਸ ਦੀ ਪ੍ਰਧਾਨਗੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕੀਤੀ ਗਈ ਵਲੋਂ ਅੰਮ੍ਰਿਤਸਰ ਰੇਲ ਹਾਦਸੇ ਸਬੰਧੀ ਪੰਜਾਬ ਸਰਕਾਰ ਵਲੋਂ ਐਲਾਨੀ ਗਈ ਮੈਜਿਸਟਰੇਟੀ ਜਾਂਚ ਨੂੰ ਰੱਦ ਕਰਦਿਆਂ ਹਾਈਕੋਰਟ ਦੇ ਮੌਜੂਦਾ ਜੱਜ ਰਾਹੀਂ ਜੁਡੀਸ਼ੀਅਲ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਗਈ।
ਉਨ੍ਹਾਂ ਦੋਸ਼ ਲਗਾਇਆ ਕਿ ਰਾਜ ਵਿਚਲੀ ਮੌਜੂਦਾ ਕਾਂਗਰਸ ਸਰਕਾਰ ਵਲੋਂ ਦੋਸ਼ੀਆਂ ਨੂੰ ਕਲੀਨ ਚਿੱਟ ਦੇਣ ਲਈ ਭਾਰਤੀ ਰੇਲਵੇ ਨੂੰ ਦੋਸ਼ੀ ਦੱਸ ਕੇ ਆਪਣੀ ਲੋੜ ਅਤੇ ਮਰਜ਼ੀ ਅਨੁਸਾਰ ਜਾਂਚ ਕਰਵਾਈ ਜਾ ਰਹੀ ਹੈ ਤੇ ਗਰੀਬ ਲੋਕਾਂ ਦੀ ਆਵਾਜ਼ ਨੂੰ ਕੁਚਲਿਆ ਜਾ ਰਿਹਾ ਹੈ। ਕਮੇਟੀ ਨੇ ਦੋਸ਼ ਲਗਾਇਆ ਕਿ ਸਥਾਨਕ ਲੋਕ ਕਾਂਗਰਸ ਕੌਂਸਲਰ ਵਿਰੁੱਧ ਸਬੂਤ ਪੇਸ਼ ਕਰਨ ਲਈ ਵੀ ਤਿਆਰ ਹਨ ਪਰ ਰਾਜ ਸਰਕਾਰ ਨਿਰਪੱਖ ਜਾਂਚ ਤੋਂ ਦੌੜ ਰਹੀ ਹੈ ਅਤੇ ਕਾਂਗਰਸ ਆਗੂਆਂ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਮੀਟਿੰਗ ਵਲੋਂ ਇੱਕ ਹੋਰ ਮਤਾ ਪਾਸ ਕਰਕੇ ਇਸ ਘਟਨਾ ਵਿਚ ਮਾਰੇ ਗਏ ਲੋਕਾਂ ਨੂੰ ਇੱਕ-ਇੱਕ ਕਰੋੜ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਦਿੱਤੇ ਜਾਣ ਦੀ ਵੀ ਮੰਗ ਉਠਾਈ ਗਈ।
ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਰੇਲ ਹਾਦਸੇ ਲਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਵਜ਼ਾਰਤ ਤੋਂ ਬਰਖਾਸਤ ਕਰਨ ਅਤੇ ਬੀਬੀ ਨਵਜੋਤ ਕੌਰ ਸਿੱਧੂ ਅਤੇ ਦੁਸਹਿਰਾ ਸਮਾਗਮ ਦੇ ਪ੍ਰਬੰਧਕਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਇਹ ਦਸਹਿਰਾ ਸਮਾਗਮ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਹਾਮੀ ਨਾਲ ਕਾਂਗਰਸੀ ਆਗੂਆਂ ਵੱਲੋਂ ਇਸ ਸਥਾਨ ‘ਤੇ ਕਰਾਇਆ ਗਿਆ, ਜਿਸ ਬਾਰੇ ਪ੍ਰਬੰਧਕਾਂ ਨੇ ਸਮਾਗਮ ਸਬੰਧੀ ਪ੍ਰਸ਼ਾਸ਼ਣ ਤੋਂ ਇਜਾਜ਼ਤ ਲੈਣੀ ਜ਼ਰੂਰੀ ਨਹੀਂ ਸਮਝੀ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਵੱਲੋਂ ਕੀਤੇ ਜਾ ਰਹੇ ਦਾਅਵੇ ਕਿ ਉਹ ਘਟਨਾ ਤੋਂ ਪਹਿਲਾਂ ਇੱਥੋਂ ਚਲੇ ਗਏ ਸਨ, ਝੂਠ ਹਨ। ਉਨ੍ਹਾਂ ਕਿਹਾ ਕਿ ਡਾ. ਸਿੱਧੂ 6.38 ਮਿੰਟ ‘ਤੇ ਸਮਾਗਮ ਵਿਚ ਸ਼ਾਮਲ ਹੋਣ ਆਏ ਤੇ 6.46 ‘ਤੇ ਉਹ ਭਾਸ਼ਣ ਦੇ ਰਹੇ ਸਨ। 6.53 ‘ਤੇ ਰਾਵਣ ਦਾ ਪੁਤਲਾ ਸਾੜਿਆ ਗਿਆ ਤੇ 6.53 ਮਿੰਟ 35 ਸੈਕਿੰਡ ‘ਤੇ ਇਹ ਰੇਲ ਹਾਦਸਾ ਵਾਪਰਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਡਾ. ਸਿੱਧੂ ਹਾਦਸੇ ਤੋਂ ਚਾਰ ਮਿੰਟ ਬਾਅਦ ਲੋਕਾਂ ਨੂੰ ਰੌਂਦੇ ਕੁਰਲਾਉਂਦੇ ਛੱਡ ਕੇ ਮੌਕੇ ਤੋਂ ਚਲੇ ਗਏ ਸਨ। ਉਨ੍ਹਾਂ ਕਿਹਾ ਕਿ ਡਾ. ਸਿੱਧੂ ਦੀ ਇਹ ਕਾਰਵਾਈ ਗ਼ੈਰ-ਜ਼ਿੰਮੇਵਾਰਾਨਾ ਹੈ। ਇਸ ਦੌਰਾਨ ਭਾਜਪਾ ਨੇ ਵੀ ਡਾ. ਸਿੱਧੂ ਖ਼ਿਲਾਫ਼ ਕਾਰਵਾਈ ਮੰਗੀ ਹੈ।
ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀਆਂ ਦੀ ਇਸ ਮੰੰਗ ਨੂੰ ਰੱਦ ਕਰਦਿਆਂ ਕਿਹਾ ਕਿ ਅਕਾਲੀ ਦਲ ਨੂੰ ਹੋਛੀ ਰਾਜਨੀਤੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਦੌਰਾਨ ਕੈਬਨਿਟ ਮੰਤਰੀ ਸਿੱਧੂ ਨੇ ਵੀ ਇਸ ਮੰਗ ਨੂੰ ਰੱਦ ਕਰਦੇ ਹੋਏ ਕਿਹਾ ਕਿ ਉਹ ਜੀਜਾ ਸਾਲਾ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਨਹੀਂ, ਬਲਕਿ ਸੂਬੇ ਦੇ ਲੋਕਾਂ, ਮੁੱਖ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੂੰ ਜੁਆਬਦੇਹ ਹਨ। ਸੁਖਬੀਰ ਨੇ ਕੈਪਟਨ ਸਰਕਾਰ ਵੱਲੋਂ ਰੇਲ ਹਾਦਸੇ ਦੀ ਮੈਜਿਸਟਰੇਟੀ ਜਾਂਚ ਨੂੰ ਰੱਦ ਕਰਦਿਆਂ ਇਸ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਕਰਵਾਉਣ ਦੀ ਮੰਗ ਕੀਤੀ।
ਕੀ ਕਹਿੰਦੇ ਹਨ ਸਿੱਧੂ : ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਦੇ ਬਚਾਅ ਵਿੱਚ ਨਿੱਤਰ ਆਏ। ਰਾਵਨ ਦਹਿਨ ਦੇ ਪ੍ਰੋਗਰਾਮ ਵਿੱਚ ਨਵਜੋਤ ਕੌਰ ਸਿੱਧੂ ਦੇ ਲੇਟ ਪਹੁੰਚਣ ਨੂੰ ਹਾਦਸੇ ਦਾ ਕਾਰਨ ਮੰਨਣ ਵਾਲਿਆਂ ਨੂੰ ਸਿੱਧੂ ਨੇ ਰਾਵਨ ਦਹਿਨ ਸਮਾਗਮ ਦੌਰਾਨ ਮੰਚ ਤੋਂ ਹੋਏ ਉਸ ਐਲਾਨ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਲੋਕਾਂ ਨੂੰ ਰੇਲਵੇ ਟਰੈਕ ਤੋਂ ਦੂਰ ਰਹਿਣ ਲਈ ਵਾਰ-ਵਾਰ ਅਪੀਲ ਕੀਤੀ ਜਾ ਰਹੀ ਸੀ। ਸਿੱਧੂ ਨੇ ਰੇਲਵੇ ਨੂੰ ਘੇਰਿਆ। ਟਰੇਨ ਦੀ ਰਫ਼ਤਾਰ ਅਤੇ ਟਰੇਨ ਦੀਆਂ ਲਾਈਟਾਂ ਨਾ ਜਗਣ ਤੋਂ ਲੈ ਕੇ ਫਾਟਕ ਦੇ ਰੇਲਵੇ ਗਾਰਡ ਤੇ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਸਵਾਲ ਚੁੱਕੇ। ਸਿੱਧੂ ਨੇ ਕਿਹਾ ਕਿ ਰੇਲਵੇ ਵਿਭਾਗ ਨੇ ਕਿਸ ਜਾਂਚ ਦੇ ਅਧਾਰ ਤੇ ਉਸ ਟਰੇਨ ਦੇ ਡਰਾਈਵਰ ਨੂੰ ਕਲੀਨ ਚਿੱਟ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਇਕ ਗਾਂ ਟਰੈਕ ਉਤੇ ਆਉਣ ਕਾਰਨ ਰੇਲ ਰੁਕ ਸਕਦੀ ਹੈ ਤਾਂ ਸੈਂਕੜੇ ਲੋਕਾਂ ਨੂੰ ਥੱਲੇ ਦੇਣ ਪਿੱਛੋਂ ਵੀ ਅਜਿਹਾ ਕਿਉਂ ਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰੇਲਵੇ ਦਾ ਨਿਯਮ ਹੈ ਕੇ ਜੇਕਰ ਕੋਈ ਜਾਨਵਰ ਵੀ ਥੱਕੇ ਆ ਜਾਂਦਾ ਹੈ ਜਾਂ ਕੋਈ ਟਰੈਕ ਉਤੇ ਬੈਠਾ ਹੈ ਤਾਂ ਰੁਕ ਕੇ ਐਫਆਈਆਰ ਦਰਜ ਕਰਵਾਈ ਜਾਂਦੀ ਹੈ, ਫਿਰ ਸੈਂਕੜੇ ਬੰਦੇ ਦਰੜ ਕਿ ਕਿਵੇਂ ਟਰੇਨ ਨਾ ਰੋਕੀ ਗਈ।
ਰੇਲ ਸੇਵਾਵਾਂ ਬਹਾਲ : ਦੁਸਹਿਰੇ ਵਾਲੇ ਦਿਨ ਵਾਪਰੇ ਰੇਲ ਹਾਦਸੇ ਤੋਂ ਬਾਅਦ ਬੰਦ ਹੋਈ ਰੇਲ ਆਵਾਜਾਈ ਹੁਣ ਬਹਾਲ ਕਰ ਦਿੱਤੀ ਗਈ ਹੈ। ਰੇਲ ਆਵਾਜਾਈ ਨੂੰ ਬਹਾਲ ਕਰਨ ਦੇ ਯਤਨਾਂ ਤਹਿਤ ਇਥੇ ਜੌੜਾ ਫਾਟਕ ਨੇੜੇ ਰੇਲ ਪਟੜੀਆਂ ਤੋਂ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਝੜਪਾਂ ਹੋਈਆਂ ਤੇ ਇਸ ਦੌਰਾਨ ਹੀ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਪਥਰਾਅ ਦੀ ਘਟਨਾ ਵਾਪਰੀ ਹੈ। ਪੁਲੀਸ ਨੇ ਪੱਥਰ ਮਾਰਨ ਵਾਲਿਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਵੀ ਕੀਤਾ। ਇਸ ਦੌਰਾਨ ਇਕ ਪੁਲੀਸ ਕਰਮਚਾਰੀ ਜ਼ਖਮੀ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੇਲ ਪਟੜੀਆਂ ਤੇ ਇਸ ਦੇ ਆਲੇ ਦੁਆਲੇ ਦਫਾ 144 ਲਾ ਦਿੱਤੀ ਗਈ ਹੈ।