ਹਾਕੀ ‘ਚ ਪਾਕਿਸਤਾਨ ‘ਤੇ 61 ਸਾਲ ਦੀ ਸਭ ਤੋਂ ਵੱਡੀ ਜਿੱਤ; ਕ੍ਰਿਕਟ ‘ਚ 39 ਸਾਲ ਦੀ ਸਭ ਤੋਂ ਵੱਡੀ ਹਾਰ

ਹਾਕੀ ‘ਚ ਪਾਕਿਸਤਾਨ ‘ਤੇ 61 ਸਾਲ ਦੀ ਸਭ ਤੋਂ ਵੱਡੀ ਜਿੱਤ; ਕ੍ਰਿਕਟ ‘ਚ 39 ਸਾਲ ਦੀ ਸਭ ਤੋਂ ਵੱਡੀ ਹਾਰ
ਕੈਪਸ਼ਨ- ਰਮਨਦੀਪ ਸਿੰਘ ਪਾਕਿਸਤਾਨ ਖ਼ਿਲਾਫ਼ ਕੀਤੇ ਗੋਲ ਦਾ ਜਸ਼ਨ ਮਨਾਉਂਦਾ ਹੋਇਆ।

ਲੰਡਨ/ਬਿਊਰੋ ਨਿਊਜ਼ :
ਲੰਡਨ ‘ਚ ਹਾਕੀ ਤੇ ਕ੍ਰਿਕਟ ਦੇ ਦੋ ਮੈਚਾਂ ਦਾ ਹੈਰਾਨ ਕਰਨ ਵਾਲਾ ਨਤੀਜਾ ਆਇਆ। ਜਿੰਨੀ ਵੱਡੀ ਜਿੱਤ ਹਾਕੀ ਵਿਚ ਭਾਰਤ ਨੂੰ ਮਿਲੀ, ਉਨੀ ਵੱਡੀ ਹਾਰ ਕ੍ਰਿਕਟ ਵਿਚ ਮਿਲੀ। ਚੈਂਪੀਅਨ ਟਰਾਫੀ ਵਿਚ ਭਾਰਤ ਨੂੰ ਪਾਕਿਸਤਾਨ ਹੱਥੋਂ 39 ਸਾਲ ਬਾਅਦ ਵੱਡੀ ਹਾਰ ਮਿਲੀ ਲਸ ਹਾਕੀ ਨੇ 61 ਸਾਲ ਬਾਅਦ ਵੱਡੀ ਜਿੱਤ ਹਾਸਲ ਕੀਤੀ।
ਭਾਰਤ ਨੇ ਇਥੇ ਹਾਕੀ ਵਰਲਡ ਲੀਗ ਦੇ ਗਰੁੱਪ ਬੀ ਦੇ ਮੁਕਾਬਲੇ ‘ਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 7-1 ਦੀ ਕਰਾਰੀ ਸ਼ਿਕਸਤ ਦਿੰਦਿਆਂ ਕੁਆਰਟਰ ਫਾਈਨਲ ‘ਚ ਥਾਂ ਪੱਕੀ ਕਰ ਲਈ। ਭਾਰਤ ਦੀ ਟੂਰਨਾਮੈਂਟ ‘ਚ ਇਹ ਲਗਾਤਾਰ ਤੀਜੀ ਜਿੱਤ ਹੈ ਤੇ ਉਹ ਅੰਕ ਸੂਚੀ ਵਿੱਚ ਨੀਦਰਲੈਂਡ ਨੂੰ ਪਛਾੜ ਕੇ ਪਹਿਲੇ ਨੰਬਰ ‘ਤੇ ਪੁੱਜ ਗਈ ਹੈ। ਉਂਜ ਪੂਰੇ ਮੈਚ ਦੌਰਾਨ ਭਾਰਤ ਨੇ ਪਾਕਿਸਤਾਨ ‘ਤੇ ਆਪਣਾ ਦਾਬਾ ਬਣਾਈ ਰੱਖਿਆ। ਲੀ ਵੈਲੀ ਹਾਕੀ ਤੇ ਟੈਨਿਸ ਸੈਂਟਰ ਵਿੱਚ ਖੇਡੇ ਮੁਕਾਬਲੇ ਦੌਰਾਨ ਭਾਰਤ ਲਈ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ (13ਵੇਂ ਤੇ 33ਵੇਂ ਮਿੰਟ), ਤਲਵਿੰਦਰ ਸਿੰਘ (21ਵੇਂ ਤੇ 24ਵੇਂ), ਅਕਾਸ਼ਦੀਪ ਸਿੰਘ (47ਵੇਂ ਤੇ 59ਵੇਂ) ਤੇ ਪ੍ਰਦੀਪ ਮੌੜ (49ਵੇਂ ਮਿੰਟ) ਨੇ ਗੋਲ ਕੀਤੇ। ਪਾਕਿਸਤਾਨ ਲਈ ਇਕੋ ਇਕ ਗੋਲ ਮੁਹੰਮਦ ਉਮਰ ਭੁੱਟਾ ਦੀ ਹਾਕੀ ਤੋਂ 57ਵੇਂ ਮਿੰਟ ਵਿੱਚ ਨਿਕਲਿਆ। ਪੂਲ ਬੀ ਵਿੱਚ ਤਿੰਨ ਤਿੰਨ ਜਿੱਤਾਂ ਨਾਲ ਭਾਰਤ ਤੇ ਨੀਦਰਲੈਂਡ ਭਾਵੇਂ ਬਰਾਬਰ ਹਨ, ਪਰ ਪਾਕਿਸਤਾਨ ਖ਼ਿਲਾਫ਼ ਮਿਲੀ 7-1 ਦੀ ਜਿੱਤ ਕਰਕੇ ਉਸ ਤੋਂ ਅੱਗੇ ਨਿਕਲ ਗਿਆ ਹੈ।
ਇਸ ਤੋਂ ਪਹਿਲਾਂ ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤ ਨੇ ਉਮਦਾ ਹਾਕੀ ਦਾ ਪ੍ਰਦਰਸ਼ਨ ਕਰਦਿਆਂ ਪਾਕਿਸਤਾਨ ‘ਤੇ ਦਬਾਅ ਬਣਾ ਲਿਆ। ਹਰਮਨਪ੍ਰੀਤ ਨੇ ਪਹਿਲੇ ਕੁਆਰਟਰ ਦੇ 13ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ‘ਚ ਤਬਦੀਲ ਕਰਕੇ ਭਾਰਤ ਦਾ ਖਾਤਾ ਖੋਲ੍ਹਿਆ। 21ਵੇਂ ਮਿੰਟ ਵਿੱਚ ਤਲਵਿੰਦਰ ਨੇ ਸਤਿਬੀਰ ਸਿੰਘ ਤੇ ਐਸ.ਵੀ.ਸੁਨੀਲ ਵਲੋਂ ਦਿੱਤੇ ਪਾਸ ਨੂੰ ਗੋਲ ‘ਚ ਬਦਲ ਕੇ ਸਕੋਰ 2-0 ਕਰ ਦਿੱਤਾ। ਤਿੰਨ ਮਿੰਟਾਂ ਦੇ ਵਕਫ਼ੇ ਮਗਰੋਂ ਤਲਵਿੰਦਰ ਨੇ ਪਾਕਿਸਤਾਨੀ ਗੋਲਕੀਪਰ ਨੂੰ ਝਕਾਨੀ ਦਿੰਦਿਆਂ ਸਕੋਰ 3-0 ਕਰ ਦਿੱਤਾ। ਦੂਜੇ ਅੱਧ ਵਿੱਚ ਗੋਲ ਪੋਸਟਾਂ ਬਦਲਣ ਤੋਂ ਬਾਅਦ ਹਰਮਨਪ੍ਰੀਤ ਨੇ ਇਕ ਹੋਰ ਗੋਲ ਕਰਕੇ ਲੀਡ ਚਾਰ ਗੋਲਾਂ ਦੀ ਕਰ ਦਿੱਤੀ। ਇਸ ਦੌਰਾਨ ਪਾਕਿਸਤਾਨ ਨੇ ਕਈ ਮੂਵ ਬਣਾਏ, ਪਰ ਉਹ ਭਾਰਤੀ ਗੋਲਕੀਪਰ ਆਕਾਸ਼ ਚਿਕਤੇ ਨੂੰ ਪਾਰ ਨਹੀਂ ਪਾ ਸਕੇ। ਮਗਰੋਂ ਅਕਾਸ਼ਦੀਪ ਤੇ ਪ੍ਰਦੀਪ ਮੌੜ ਨੇ ਉਪਰੋਥੱਲੀ ਗੋਲ ਕਰਕੇ ਮੈਚ ਲਗਪਗ ਇਕ ਪਾਸੜ ਕਰ ਦਿੱਤਾ। ਖੇਡ ਦੇ 57ਵੇਂ ਮਿੰਟ ਵਿੱਚ ਉਮਰ ਭੁੱਟਾ ਨੇ ਇਕਮਾਤਰ ਗੋਲ ਕਰਕੇ ਟੀਮ ਦੀ ਕੁਝ ਲਾਜ ਰੱਖੀ। ਆਕਾਸ਼ਦੀਪ ਨੇ ਬਾਅਦ ਵਿੱਚ ਹੂਟਰ ਵੱਜਣ ਤੋਂ ਇਕ ਮਿੰਟ ਪਹਿਲਾਂ ਉਮਦਾ ਗੋਲ ਕਰਕੇ 7-1 ਨਾਲ ਮੈਚ ਭਾਰਤ ਦੀ ਝੋਲੀ ਪਾ ਦਿੱਤਾ।
ਭਾਰਤੀ ਟੀਮ ਵਲੋਂ ਫ਼ੌਜੀਆਂ ਨੂੰ ਸ਼ਰਧਾਂਜਲੀ
ਲੰਡਨ: ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਖ਼ਿਲਾਫ਼ ਮੈਚ ਦੌਰਾਨ ਬਾਹਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਭਾਰਤੀ ਫ਼ੌਜ ‘ਤੇ ਕੀਤੇ ਹਾਲੀਆ ਹਮਲਿਆਂ ‘ਚ ਮਾਰੇ ਗਏ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਭਾਰਤੀ ਟੀਮ ਦੇ ਸਹਾਇਕ ਸਟਾਫ਼ ਨੇ ਵੀ ਕਾਲੀਆਂ ਪੱਟੀਆਂ ਬੰਨ੍ਹੀਆਂ।