ਸਰਬੱਤ ਦਾ ਭਲਾ ਟਰੱਸਟ ਨੇ ਦੁਬਈ ‘ਚ 60 ਲੱਖ ਰੁਪਏ ‘ਬਲੱਡ ਮਨੀ’ ਦੇ ਕੇ 15 ਭਾਰਤੀ ਫ਼ਾਂਸੀ ਤੋਂ ਬਚਾਏ

ਸਰਬੱਤ ਦਾ ਭਲਾ ਟਰੱਸਟ ਨੇ ਦੁਬਈ ‘ਚ 60 ਲੱਖ ਰੁਪਏ ‘ਬਲੱਡ ਮਨੀ’ ਦੇ ਕੇ 15 ਭਾਰਤੀ ਫ਼ਾਂਸੀ ਤੋਂ ਬਚਾਏ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾਐੱਸਪੀਸਿੰਘ ਉਬਰਾਏ ਤੇ ਹੋਰ ਨੌਜਵਾਨ
ਜਲੰਧਰ/ਬਿਊਰੋ ਨਿਊਜ਼ :
ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਐੱਸਪੀ. ਸਿੰਘ ਉਬਰਾਏ ਦੇ ਯਤਨਾਂ ਸਦਕਾ ਦੁਬਈ ਵਿੱਚ ਮੌਤ ਦੇ ਮੂੰਹ ਫਸੇ 14 ਪੰਜਾਬੀਆਂ ਸਮੇਤ 15 ਜਣਿਆਂ ਨੂੰ ਬਲੱਡ ਮਨੀ ਦੇ ਕੇ ਸਹੀ ਸਲਾਮਤ ਵਾਪਸ ਭਾਰਤ ਲਿਆਂਦਾ ਗਿਆ ਹੈ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਐੱਸਪੀ. ਸਿੰਘ ਉਬਰਾਏ ਨੇ ਦੱਸਿਆ ਕਿ ਅੱਠ-ਨੌਂ ਸਾਲ ਪਹਿਲਾਂ ਜੇਲ੍ਹਾਂ ਵਿੱਚ ਫਸੇ ਇਨ੍ਹਾਂ ਨੌਜਵਾਨਾਂ ਦੇ ਮਾਪੇ ਉਨ੍ਹਾਂ ਨੂੰ ਮਿਲੇ ਸਨ, ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਹ ਸਾਰੇ ਜਣੇ ਦੋ ਵੱਖ-ਵੱਖ ਕਤਲ ਕੇਸਾਂ ਵਿੱਚ ਫਸੇ ਹੋਏ ਸਨ। ਅਦਾਲਤੀ ਕੇਸਾਂ ਦੌਰਾਨ ਅਤੇ ਪੀੜਤ ਧਿਰਾਂ ਨਾਲ ਰਾਜ਼ੀਨਾਮਾ ਕਰਕੇ ਬਣਦੀ ਬਲੱਡ ਮਨੀ 60 ਲੱਖ ਰੁਪਏ ਦਾ ਭੁਗਤਾਨ ਕਰਕੇ ਇਨ੍ਹਾਂ ਨੌਜਵਾਨਾਂ ਦੀ ਜਾਨ ਬਚਾਈ ਗਈ ਹੈ।
ਸ੍ਰੀ ਉਬਰਾਏ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ’ਤੇ ਦਰਜ ਕੇਸਾਂ ਵਿੱਚੋਂ ਇੱਕ ਕੇਸ ਸ਼ਾਰਜਾਹ ਤੇ ਇੱਕ ਅਲ-ਇਨ (ਆਬੂ ਧਾਬੀ) ’ਚ ਦਰਜ ਸੀ। ਉਥੋਂ ਦੀਆਂ ਅਦਾਲਤਾਂ ਨੇ ਕਤਲ ਕੇਸਾਂ ਵਿੱਚ ਇਨ੍ਹਾਂ ਨੌਜਵਾਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। 2015 ਵਿੱਚ ਹੋਏ ਪਾਕਿਸਤਾਨ ਦੇ ਪਿਸ਼ਾਵਰ ਵਾਸੀ ਮੁਹੰਮਦ ਫਰਹਾਨ ਦੇ ਕਤਲ ਸਬੰਧੀ 10 ਪੰਜਾਬੀਆਂ ਨੂੰ ਦੋਸ਼ੀ ਮੰਨਿਆ ਗਿਆ ਸੀ। ਅਲ-ਇਨ ਅਦਾਲਤ ਨੇ ਅਕਤੂਬਰ 2016 ਵਿੱਚ ਇਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ, ਜਿਨ੍ਹਾਂ ਵਿੱਚ ਠੀਕਰੀਵਾਲ (ਬਰਨਾਲਾ) ਦਾ ਸਤਮਿੰਦਰ ਸਿੰਘ, ਨਵਾਂਸ਼ਹਿਰ ਦਾ ਚੰਦਰ ਸ਼ੇਖਰ, ਮਾਲੇਰਕੋਟਲਾ ਦਾ ਚਮਕੌਰ ਸਿੰਘ, ਲੁਧਿਆਣਾ ਦਾ ਕੁਲਵਿੰਦਰ ਸਿੰਘ, ਚੌਲਾਂਗ (ਲੁਧਿਆਣਾ) ਦਾ ਬਲਵਿੰਦਰ, ਸਮਰਾਲਾ ਦਾ ਧਰਮਵੀਰ ਸਿੰਘ, ਮੁਹਾਲੀ ਦਾ ਹਰਜਿੰਦਰ ਸਿੰਘ, ਮੁੱਧ (ਅੰਮ੍ਰਿਤਸਰ) ਦਾ ਤਰਸੇਮ ਸਿੰਘ, ਪਟਿਆਲਾ ਦਾ ਗੁਰਪ੍ਰੀਤ ਸਿੰਘ, ਗੁਰਦਾਸਪੁਰ ਦਾ ਜਗਜੀਤ ਸਿੰਘ ਅਤੇ ਤਰਨ ਤਾਰਨ ਦਾ ਕੁਲਦੀਪ ਸਿੰਘ ਸ਼ਾਮਲ ਸਨ।
ਉਨ੍ਹਾਂ ਦੱਸਿਆ ਕਿ 14 ਭਾਰਤੀ ਨੌਜਵਾਨ ਦੁਬਈ ਦੀਆਂ ਜੇਲ੍ਹਾਂ ਵਿੱਚ ਬੰਦ ਹਨ, ਜਿਨ੍ਹਾਂ ਨੂੰ ਛੁਡਾਉਣ ਲਈ ਕਾਰਵਾਈ ਚੱਲ ਰਹੀ ਹੈ। ਇਸ ਕੇਸ ਦੀ ਅਗਲੀ ਤਰੀਕ 9 ਜੁਲਾਈ ਹੈ। ਉਨ੍ਹਾਂ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਲੇਬਰ ਵੱਜੋਂ ਆਪਣੇ ਮੁੰਡਿਆਂ ਨੂੰ ਅਰਬ ਦੇਸ਼ਾਂ ਵਿੱਚ ਨਾ ਭੇਜਣ।