ਪੰਜਾਬ ‘ਚ ਨਸ਼ਿਆਂ ਕਾਰਨ ਦੋ ਮਹੀਨਿਆਂ ਵਿਚ 60 ਮੌਤਾਂ

ਪੰਜਾਬ ‘ਚ ਨਸ਼ਿਆਂ ਕਾਰਨ ਦੋ ਮਹੀਨਿਆਂ ਵਿਚ 60 ਮੌਤਾਂ

ਚੰਡੀਗੜ੍ਹ/ਬਿਊਰੋ ਨਿਊਜ਼ :

ਪੰਜਾਬ ਵਿਚ ਦੋ ਮਹੀਨਿਆਂ ਤੋਂ ਨਸ਼ਿਆਂ ਕਾਰਨ ਰੋਜ਼ਾਨਾ ਔਸਤਨ ਇਕ ਮੌਤ ਹੋ ਰਹੀ ਹੈ।ਬੀਤੀ 15 ਮਈ ਤੋਂ ਸੂਬੇ ਭਰ ਦੇ ਵੱਖ-ਵੱਖ ਹਸਪਤਾਲਾਂ ਵਿਚ 60 ਤੋਂ ਵੱਧ ਨੌਜਵਾਨਾਂ ਦੇ ਪੋਸਟਮਾਰਟਮ ਹੋਏ ਹਨ ਅਤੇ ਸਾਰੇ ਮਾਮਲਿਆਂ ਵਿਚ ਮੌਤ ਦਾ ਕਾਰਨ ਨਸ਼ੀਲੀ ਦਵਾਈ ਦੱਸਿਆ ਗਿਆ ਹੈ। ਇਹ ਸਾਰੇ ਮ੍ਰਿਤਕ 18 ਤੋਂ 35 ਸਾਲ ਉਮਰ ਦੇ ਸਨ। ਇਨ੍ਹਾਂ ਦਾ ਵਿਸਰਾ ਕੈਮੀਕਲ ਜਾਂਚ ਭੇਜਿਆ ਗਿਆ ਹੈ। ਮੌਤਾਂ ਦੇ ਇਹ ਮਾਮਲੇ ਕੁੱਲ ਮਿਲਾ ਕੇ 15 ਜ਼ਿਲ੍ਹਿਆਂ ਨਾਲ ਸਬੰਧਤ ਹਨ ਪਰ ਵਧੇਰੇ ਮੌਤਾਂ ਮਾਝੇ ਤੇ ਦੋਆਬੇ ਵਿਚ ਹੋਈਆਂ ਹਨ। ਸਿਹਤ ਅਫ਼ਸਰਾਂ ਮੁਤਾਬਕ ਨਸ਼ੀਲੀਆਂ ਦਵਾਈਆਂ ਕਾਰਨ ਮੌਤਾਂ ਦੀ ਅਸਲ ਗਿਣਤੀ ਕਿਤੇ ਵੱਧ ਹੋ ਸਕਦੀ ਹੈ, ਕਿਉਂਕਿ ਬਹੁਤੇ ਮਾਮਲਿਆਂ ਵਿਚ ਪਰਿਵਾਰਾਂ ਵੱਲੋਂ ਬਦਨਾਮੀ ਦੇ ਡਰੋਂ ਮੌਤ ਦਾ ਅਸਲ ਕਾਰਨ ਲੁਕਾ ਲਿਆ ਜਾਂਦਾ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿਚ ਸਭ ਤੋਂ ਵੱਧ 10 ਮੌਤਾਂ ਹੋਈਆਂ ਹਨ, ਜਦੋਂਕਿ ਤਰਨ ਤਾਰਨ, ਹੁਸ਼ਿਆਰਪੁਰ ਤੇ ਗੁਰਦਾਸਪੁਰ ਵਿੱਚ ਪੰਜ-ਪੰਜ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹੇ ਹਨ।
ਨਸ਼ਿਆਂ ਕਾਰਨ ਮੌਤਾਂ ਵਿਚ ਹੋਏ ਇਸ ਅਚਨਚੇਤ ਵਾਧੇ ਲਈ ਮਿਲਾਵਟ ਵਾਲੀ ਹੈਰੋਇਨ ਨੂੰ ਜ਼ਿੰਮੇਵਾਰ ਸਮਝਿਆ ਜਾ ਰਿਹਾ ਹੈ। ਮ੍ਰਿਤਕਾਂ ਦੇ ਵਿਸਰੇ ਦੀ ਜਾਂਚ ਖਰੜ (ਜ਼ਿਲ੍ਹਾ ਮੁਹਾਲੀ) ਸਥਿਤ ਸਰਕਾਰੀ ਲੈਬਾਰਟਰੀ ਵਿਚ ਹੁੰਦੀ ਹੈ। ਜਾਣਕਾਰਾਂ ਮੁਤਾਬਕ ਇਸ ਰਾਹੀਂ ਲਈ ਗਈ ਨਸ਼ੀਲੀ ਦਵਾਈ ਦਾ ਤਾਂ ਪਤਾ ਲੱਗ ਸਕਦਾ ਹੈ ਪਰ ਮਾਤਰਾ ਦਾ ਨਹੀਂ। ਇਹ ਵੱਖਰੀ ਗੱਲ ਹੈ ਕਿ ਖਰੜ ਲੈਬਾਰਟਰੀ ਵਿਚ ਨਮੂਨਿਆਂ ਦਾ ਬੜਾ ਵੱਡਾ ਬੈਕਲਾਗ ਪਿਆ ਹੈ ਤੇ ਰੁਟੀਨ ਕੇਸਾਂ ਦੀ ਜਾਂਚ ਰਿਪੋਰਟ ਆਉਣ ਨੂੰ ਦੋ ਸਾਲ ਤਕ ਲੱਗ ਜਾਂਦੇ ਹਨ।