ਸ਼ਿਲੌਂਗ ਦੇ ਸਿੱਖ ਭਾਈਚਾਰੇ ਲਈ 50 ਲੱਖ ਦੀ ਗ੍ਰਾਂਟ

ਸ਼ਿਲੌਂਗ ਦੇ ਸਿੱਖ ਭਾਈਚਾਰੇ ਲਈ 50 ਲੱਖ ਦੀ ਗ੍ਰਾਂਟ

 ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਵਿਚ ਹੋਈ ਹਿੰਸਾ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਦਾ ਹੋਇਆ ਇਕ ਵਫ਼ਦ।

ਚੰਡੀਗੜ੍ਹ/ ਬਿਊਰੋ ਨਿਊਜ਼ :

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੇਘਾਲਿਆ ਦੇ ਸ਼ਿਲੌਂਗ ਵਿਖੇ ਹਾਲ ਹੀ ਵਿਚ ਹੋਈ ਹਿੰਸਾ ਦੇ ਕਾਰਨ ਨੁਕਸਾਨੇ ਗਏ ਗੁਰੂ ਨਾਨਕ ਸਕੂਲ ਅਤੇ ਗੁਰਦਆਰਾ ਸਾਹਿਬ ਦੇ ਨਿਰਮਾਣ ਲਈ 50 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਦੀ ਅਗਵਾਈ ਵਿਚ ਆਏ ਸਿੱਖ ਸੰਗਤ ਦੇ ਵਫਦ ਨੂੰ ਇਹ ਭਰੋਸਾ ਵੀ ਦਿਵਾਇਆ ਕਿ ਸ਼ਿਲੌਂਗ ਵਿਚ ਵਸੇ ਸਿੱਖ ਭਾਈਚਾਰੇ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ।
ਇਹ ਵਫ਼ਦ ਇਥੇ ਮੁੱਖ ਮੰਤਰੀ ਨੂੰ ਮਿਲਿਆ। ਦੌਰੇ ‘ਤੇ ਆਏ ਵਫਦ ਨੇ ਸ਼ਿਲੌਂਗ ਵਿਖੇ ਕੁਝ ਸਮਾਜ ਵਿਰੋਧੀ ਤੱਤਾਂ ਵਲੋਂ ਸਿੱਖ ਭਾਈਚਾਰੇ ਨਾਲ ਸਬੰਧਤ ਜਾਇਦਾਦ ਨੂੰ ਤਬਾਹ ਕਰਨ ਅਤੇ ਸਾੜਫੂਕ ਕਾਰਨ ਪੈਦਾ ਹੋਈ ਸਥਿਤੀ ਦਾ ਪਤਾ ਲਾਉਣ ਲਈ ਇਕ ਉੱਚ ਪੱਧਰੀ ਵਫਦ ਉੱਥੇ ਭੇਜਣ ਵਾਸਤੇ ਮੁੱਖ ਮੰਤਰੀ ਵਲੋਂ ਕੀਤੀਆ ਨਿੱਜੀ ਪਹਿਲਕਦਮੀਆਂ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।

ਇਸ ਮੌਕੇ ਗੁਰਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੇ ਇਨ੍ਹਾਂ ਯਤਨਾਂ ਨਾਲ ਮੇਘਾਲਿਆ ਵਿਚ ਰਹਿ ਰਹੀ ਘੱਟ ਗਿਣਤੀ ਵਿਚ ਆਪਣੇਪਣ ਅਤੇ ਵਿਸ਼ਵਾਸ਼ ਦੀ ਭਾਵਨਾ ਪੈਦਾ ਕਰਨ ਵਿਚ ਮਦਦ ਮਿਲੀ ਹੈ।
ਵਫਦ ਵਲੋਂ ਚੁੱਕੇ ਗਏ ਮੁੱਦਿਆਂ ਸਬੰਧੀ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਇਨ੍ਹਾਂ ਨੂੰ ਮੇਘਾਲਆ ਦੇ ਹਮ ਰੁਤਬਾ ਨਾਲ ਛੇਤੀ ਹੀ ਸਾਂਝਾ ਕਰਨਗੇ ਤਾਂ ਜੋ ਸਿੱਖਾਂ ਦੀ ਸੁੱਰਖਿਆ ਨੂੰ ਯਕੀਨੀ ਬਨਾਉਣ ਦੇ ਨਾਲ-ਨਾਲ ਧਾਰਮਿਕ ਸਥਾਨਾਂ ਦੀ ਮਰਿਆਦਾ ਨੂੰ ਬਣਾਈ ਰੱਖਿਆ ਜਾ ਸਕੇ।
ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਸੰਸਦ ਵਿਚ ਮੇਘਾਲਿਆ ਅਤੇ ਗੁਜਰਾਤ ਦੇ ਪੰਜਾਬੀਆਂ ਅਤੇ ਖ਼ਾਸ ਕਰਕੇ ਸਿੱਖਾਂ ਨੂੰ ਉਜਾੜਨ ਦਾ ਮਸਲਾ ਉਠਾਉਂਦਿਆਂ ਕੇਂਦਰ ਸਰਕਾਰ ਕੋਲੋਂ ਇਸ ਮਸਲੇ ਵਿਚ ਪੰਜਾਬੀਆਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਗਈ। ਕਾਂਗਰਸੀ ਸੰਸਦ ਮੈਂਬਰ ਸ੍ਰੀ ਔਜਲਾ ਨੇ ਕਿਹਾ ਕਿ ਸ਼ਿਲਾਂਗ ਵਿੱਚ 1863 ਤੋਂ ਸਿੱਖ ਭਾਈਚਾਰਾ ਰਹਿ ਰਿਹਾ ਹੈ, ਜਿਨ੍ਹਾਂ ਦੇ ਆਧਾਰ ਕਾਰਡ ਤੇ ਹੋਰ ਕਾਨੂੰਨੀ ਦਸਤਾਵੇਜ਼ ਵੀ ਬਣੇ ਹੋਏ ਹਨ ਪਰ ਹੁਣ ਉੱਥੇ ਰਹਿ ਰਹੇ ਸਿੱਖਾਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਗੁਜਰਾਤ ਸਰਕਾਰ ਵੱਲੋਂ ਵੀ ਸਿੱਖਾਂ ਅਤੇ ਪੰਜਾਬੀਆਂ ਨਾਲ ਕੀਤਾ ਜਾ ਰਹੇ ਰੁੱਖੇ ਵਿਵਹਾਰ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਕੱਛ ਇਲਾਕੇ ਵਿਚ 25 ਹਜ਼ਾਰ ਪੰਜਾਬੀਆਂ  ਨੂੰ ਕਥਿਤ ਤੌਰ ‘ਤੇ ਉਜਾੜਨ ਸਬੰਧੀ ਮਾਮਲਾ ਸੁਪਰੀਮ ਕੋਰਟ ਵਿਚ ਸੁਣਵਾਈ ਅਧੀਨ ਹੈ।