ਭਾਸ਼ਾ ਵਿਭਾਗ ਖਾਲੀ ਜੇਬ ਮਨਾਏਗਾ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਦਾ ‘ਜਸ਼ਨ’

ਭਾਸ਼ਾ ਵਿਭਾਗ ਖਾਲੀ ਜੇਬ ਮਨਾਏਗਾ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਦਾ ‘ਜਸ਼ਨ’

ਪਟਿਆਲਾ/ਬਿਊਰੋ ਨਿਊਜ਼ :
ਭਾਸ਼ਾ ਵਿਭਾਗ ਪੰਜਾਬ ਨੂੰ ਅਖ਼ੀਰ ਖਾਲੀ ਜੇਬ ਹੀ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਦੇ ਪ੍ਰੋਗਰਾਮ ਵਿੱਢਣ ਲਈ ਮਜਬੂਰ ਹੋਣਾ ਪਿਆ ਹੈ। ਪੰਜਾਬ ਸਰਕਾਰ ਵੱਲੋਂ ਵਿਭਾਗ ਨੂੰ ਸੂਬੇ ਦੀ 50ਵੀਂ ਵਰ੍ਹੇਗੰਢ ‘ਤੇ ਤਿੰਨ ਪ੍ਰੋਗਰਾਮ ਦਿੱਤੇ ਗਏ ਹਨ ਪ੍ਰੰਤੂ ਇਨ੍ਹਾਂ ਸਾਹਿਤਕ ਪ੍ਰੋਗਰਾਮਾਂ ਲਈ ਵੱਖਰੇ ਤੌਰ ‘ਤੇ ਕੋਈ ਫੰਡ ਨਹੀਂ ਦਿੱਤਾ ਗਿਆ। ਵਿਭਾਗ ਕੋਲ ਪੱਲਿਓਂ ਪ੍ਰੋਗਰਾਮ ਕਰਵਾਉਣ ਦੀ ਵਿੱਤੀ ਗੁੰਜਾਇਸ਼ ਨਹੀਂ ਹੈ।
ਦੱਸਣਯੋਗ ਹੈ ਕਿ ਭਾਸ਼ਾ ਵਿਭਾਗ ਕੋਲ ਫੰਡਾਂ ਦੀ ਵੱਡੀ ਤੋਟ ਬਣੀ ਹੋਈ ਹੈ। ਪਿਛਲੇ ਮਹੀਨੇ ਸੰਸਕ੍ਰਿਤ ਦਾ ਕੌਮੀ ਦਿਹਾੜਾ ਮਨਾਉਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੀ ਜੇਬ ਵਿੱਚੋਂ ਖ਼ਰਚ ਕਰਨਾ ਪਿਆ ਸੀ। ਇੰਜ ਹੀ ਹਿੰਦੀ ਦਾ ਕੌਮੀ ਦਿਹਾੜਾ ਵੀ ਵਿਭਾਗ ਨੇ ਵਿੱਤੀ ਤੋਟ ਵਿੱਚ ਮਨਾਇਆ ਸੀ। ਹੁਣ ਭਾਸ਼ਾ ਵਿਭਾਗ ਨੂੰ ਉਮੀਦ ਸੀ ਕਿ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਸਰਕਾਰ ਵੱਲੋਂ ਫੰਡ ਜੁਟਾ ਦਿੱਤੇ ਜਾਣਗੇ। ਹੁਣ ਪੰਜਾਬ ਸਰਕਾਰ ਵੱਲੋਂ ਤਿੰਨ ਪ੍ਰੋਗਰਾਮ ਭਾਸ਼ਾ ਵਿਭਾਗ ਦੇ ਖਾਤੇ ਵਿੱਚ ਪਾ ਦਿੱਤੇ ਗਏ ਹਨ ਪਰ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਸਰਕਾਰ ਵੱਲੋਂ ਕਦੋਂ ਤੱਕ ਪ੍ਰੋਗਰਾਮਾਂ ਲਈ ਲੋੜੀਂਦਾ ਫੰਡ ਜੁਟਾਇਆ ਜਾ ਰਿਹਾ ਹੈ।
ਭਾਸ਼ਾ ਵਿਭਾਗ ਦੀ ਡਾਇਰੈਕਟਰ ਸ਼੍ਰੀਮਤੀ ਗੁਰਸ਼ਰਨ ਕੌਰ ਨੇ ਪ੍ਰੋਗਰਾਮਾਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ 17 ਅਕਤੂਬਰ ਨੂੰ ਭਾਸ਼ਾ ਭਵਨ ਪਟਿਆਲਾ ਵਿੱਚ ਪੰਜਾਬੀ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵਿਦਵਾਨਾਂ ਵੱਲੋਂ ਪੰਜਾਬੀ ਸਾਹਿਤ ਬਾਰੇ ਪੇਪਰ ਪੜ੍ਹੇ ਜਾਣਗੇ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸੁਰਜੀਤ ਸਿੰਘ ਰੱਖੜਾ ਮੁੱਖ ਮਹਿਮਾਨ ਵਜੋਂ  ਸ਼ਿਰਕਤ ਕਰਨਗੇ। ਇਸ ਤੋਂ ਬਾਅਦ 22 ਅਕਤੂਬਰ ਨੂੰ ਫਤਿਹਗੜ੍ਹ ਸਾਹਿਬ ਦੇ ਮਾਤਾ ਗੁਜਰੀ ਕਾਲਜ ਵਿੱਚ ਰਾਜ ਪੱਧਰੀ ਕੁਇਜ਼ ਰੱਖਿਆ ਗਿਆ ਹੈ ਜਦਕਿ 26 ਅਕਤੂਬਰ ਨੂੰ ਕੇ.ਐਲ. ਸਹਿਗਲ ਮੈਮੋਰੀਅਲ ਹਾਲ ਜਲੰਧਰ ਵਿੱਚ ਰਾਜ ਪੱਧਰੀ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਭਾਵੇਂ ਇਨ੍ਹਾਂ ਪ੍ਰੋਗਰਾਮਾਂ ‘ਤੇ ਬਹੁਤ ਘੱਟ ਪੈਸਾ ਲੱਗਣਾ ਹੈ ਪਰ  ਵਿਭਾਗ ਕੋਲ ਥੋੜ੍ਹੇ ਪੈਸਿਆਂ ਦਾ ਇੰਤਜ਼ਾਮ ਵੀ ਨਹੀਂ ਹੈ। ਉਂਜ ਵਿਭਾਗ ਨੂੰ ਆਸ ਹੈ ਕਿ ਸਰਕਾਰ ਅਗਲੇ ਮਹੀਨੇ ਮਨਾਏ ਜਾਣ ਵਾਲੇ ਪੰਜਾਬੀ ਸਪਤਾਹ ਪ੍ਰੋਗਰਾਮ ਲਈ ਲੋੜੀਂਦਾ ਫੰਡ ਰਿਲੀਜ਼ ਕਰੇਗੀ। ਸ਼੍ਰੀਮਤੀ ਗੁਰਸ਼ਰਨ ਕੌਰ ਦਾ ਕਹਿਣਾ ਹੈ ਕਿ ਵਿਭਾਗ ਦੇ ਕਈ ਬਿੱਲ ਖ਼ਜ਼ਾਨਾ ਵਿਭਾਗ ਦੀ ਪ੍ਰੀਕ੍ਰਿਆ ਵਿੱਚ ਹਨ ਤੇ ਸੰਭਾਵਨਾ ਹੈ ਕਿ ਜਲਦੀ ਹੀ ਪ੍ਰਵਾਨ ਹੋ ਜਾਣਗੇ।
ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸੁਰਜੀਤ ਸਿੰਘ ਰੱਖੜਾ ਦਾ ਕਹਿਣਾ ਹੈ ਕਿ ਭਾਸ਼ਾ ਵਿਭਾਗ ਨੂੰ ਪੈਸੇ ਦੀ ਕਦੇ ਵੀ ਤੋਟ ਨਹੀਂ ਆਉਣ ਦਿੱਤੀ ਗਈ ਤੇ ਅਗਲੇ ਸਾਰੇ ਪ੍ਰੋਗਰਾਮਾਂ ਲਈ ਵੀ ਵਿਭਾਗ ਨੂੰ ਫੰਡ ਪੱਖੋਂ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।