ਬਰਤਾਨਵੀ ਸੰਸਦ ਨੇੜੇ ਦਹਿਸ਼ਤੀ ਹਮਲੇ ‘ਚ ਪੁਲੀਸ ਮੁਲਾਜ਼ਮ ਸਣੇ 5 ਮੌਤਾਂ, 20 ਜ਼ਖ਼ਮੀ

ਬਰਤਾਨਵੀ ਸੰਸਦ ਨੇੜੇ ਦਹਿਸ਼ਤੀ ਹਮਲੇ ‘ਚ ਪੁਲੀਸ ਮੁਲਾਜ਼ਮ ਸਣੇ 5 ਮੌਤਾਂ, 20 ਜ਼ਖ਼ਮੀ
ਕੈਪਸ਼ਨ-ਲੰਡਨ ਵਿੱਚ ਦਹਿਸ਼ਤੀ ਹਮਲੇ ਦੌਰਾਨ ਵੈਸਟਮਿੰਸਟਰ ਬ੍ਰਿੱਜ ਉਤੇ ਇਕ ਜ਼ਖ਼ਮੀ ਨੂੰ ਸੰਭਾਲਦੇ ਹੋਏ ਲੋਕ।

ਲੰਡਨ/ਬਿਊਰੋ ਨਿਊਜ਼ :
ਇਥੇ ਬਰਤਾਨਵੀ ਸੰਸਦ ਨੇੜੇ ਦੋ ਹਮਲਾਵਰਾਂ ਨੇ ਅਤਿਵਾਦੀ ਹਮਲਾ ਕਰਦਿਆਂ ਇਕ ਪੁਲੀਸ ਮੁਲਾਜ਼ਮ ਸਣੇ ਘੱਟੋ-ਘੱਟ 5 ਜਾਨਾਂ ਲੈ ਲਈਆਂ ਅਤੇ ਕਰੀਬ 20 ਹੋਰ ਵਿਅਕੀਤਆਂ ਨੂੰ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ। ਸੁਰੱਖਿਆ ਦਸਤਿਆਂ ਨੇ ਇਕ ਹਮਲਾਵਰ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ, ਜਦੋਂਕਿ ਦੂਜੇ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਸੀ। ਜ਼ਖ਼ਮੀਆਂ ਵਿੱਚੋਂ ਕੁਝ ਦੀ ਗੰਭੀਰ ਦੱਸੀ ਜਾਂਦੀ ਹੈ।
ਘਟਨਾ ਦੀ ਭਾਰਤ ਤੇ ਅਮਰੀਕਾ ਸਮੇਤ ਵੱਖ-ਵੱਖ ਮੁਲਕਾਂ ਨੇ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਅਮਰੀਕਾ ਵਿੱਚ ਨਿਊਯਾਰਕ ਸਣੇ ਹੋਰ ਕਈ ਥਾਈਂ ਚੌਕਸੀ ਵਧਾ ਦਿੱਤੀ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਸਬੰਧ ਵਿੱਚ ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨਾਲ ਫੋਨ ਉਤੇ ਗੱਲਬਾਤ ਕੀਤੀ। ਬੀਬੀ ਮੇਅ ਨੇ ਇਸ ਸਬੰਧੀ ਸਖ਼ਤ ਚੌਕਸੀ ਦੇ ਹੁਕਮ ਦਿੰਦਿਆਂ ਹੰਗਾਮੀ ਸੁਰੱਖਿਆ ਮੀਟਿੰਗ ਸੱਦੀ ਹੈ।
ਪੁਲੀਸ ਮੁਲਾਜ਼ਮ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਇਕ ਔਰਤ ਦੀ ਵੀ ਜਾਨ ਜਾਂਦੀ ਰਹੀ। ਪੁਲੀਸ ਨੇ ਦੱਸਿਆ ਕਿ ਉਹ ਇਸ ਨੂੰ ਅਤਿਵਾਦੀ ਘਟਨਾ ਮੰਨ ਕੇ ਚੱਲ ਰਹੇ ਹਨ। ਰਾਇਟਰਜ਼ ਦੇ ਪੱਤਰਕਾਰਾਂ ਨੇ ਇਮਾਰਤ ਅੰਦਰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਅਤੇ ਇਸ ਤੋਂ ਕੁੱਝ ਸਮੇਂ ਬਾਅਦ ਇਸ ਖ਼ਬਰ ਏਜੰਸੀ ਦੇ ਇਕ ਫੋਟੋਗ੍ਰਾਫਰ ਨੇ ਕਿਹਾ ਕਿ ਉਸ ਨੇ ਵੈਸਟਮਿੰਸਟਰ ਬ੍ਰਿੱਜ ਉਤੇ ਦਰਜਨਾਂ ਲੋਕ ਫੱਟੜ ਦੇਖੇ ਹਨ। ਉਨ੍ਹਾਂ ਦੇ ਫੋਟੋਗ੍ਰਾਫਰ ਨੇ ਲੋਕਾਂ ਨੂੰ ਜ਼ਮੀਨ ‘ਤੇ ਪਏ ਦਿਖਾਇਆ ਹੈ। ਕਈ ਖੂਨ ਨਾਲ ਲਥਪਥ ਸਨ ਅਤੇ ਇਕ ਬੱਸ ਹੇਠਾਂ ਦਰੜਿਆ ਹੋਇਆ ਸੀ।
ਲੰਡਨ ਮੈਟਰੋਪੌਲੀਟਨ ਪੁਲੀਸ ਨੇ ਦੱਸਿਆ, ”ਹਥਿਆਰਬੰਦ ਅਫਸਰ ਮੌਕੇ ‘ਤੇ ਮੌਜੂਦ ਹਨ ਅਤੇ ਜਦੋਂ ਤਕ ਕੋਈ ਹੋਰ ਕਾਰਨ ਸਾਹਮਣੇ ਨਹੀਂ ਆਉਂਦਾ ਅਸੀਂ ਇਸ ਨੂੰ ਅਤਿਵਾਦੀ ਘਟਨਾ ਵਜੋਂ ਲੈ ਰਹੇ ਹਾਂ।” ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼, ਜਿਸ ਵਿੱਚ ਸੈਸ਼ਨ ਚੱਲ ਰਿਹਾ ਸੀ, ਨੂੰ ਤੁਰੰਤ ਮੁਲਤਵੀ ਕਰ ਦਿੱਤਾ ਗਿਆ ਅਤੇ ਕਾਨੂੰਨਸਾਜ਼ਾਂ ਨੂੰ ਅੰਦਰ ਹੀ ਰੁਕਣ ਲਈ ਕਿਹਾ ਗਿਆ। ਬਾਅਦ ਵਿੱਚ ਸੰਸਦ ਖਾਲੀ ਕਰਵਾ ਲਈ ਗਈ। ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਬਾਅਦ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਸੁਰੱਖਿਅਤ ਹਨ। ਪਰ ਉਸ ਨੇ ਇਹ ਨਹੀਂ ਦੱਸਿਆ ਕਿ ਇਸ ਹਮਲੇ ਸਮੇਂ ਮੇਅ ਕਿੱਥੇ ਸਨ।  ਸਦਨ ਦੇ ਆਗੂ ਡੇਵਿਡ ਲਿਡਿੰਗਟਨ ਨੇ ਦੱਸਿਆ ਕਿ ਚੈਂਬਰ ਵਿੱਚ ਇਕ ਹਮਲਾਵਰ, ਜਿਸ ਨੇ ਪੁਲੀਸ ਮੁਲਾਜ਼ਮ ਦੇ ਚਾਕੂ ਮਾਰਿਆ ਸੀ, ਨੂੰ ਪੁਲੀਸ ਨੇ ਗੋਲੀ ਮਾਰ ਦਿੱਤੀ ਹੈ। ਐਂਬੂਲੈਂਸ ਹੈਲੀਕਾਪਟਰ ਸੰਸਦੀ ਚੌਕ ਵਿੱਚ ਪਹੁੰਚ ਚੁੱਕੀ ਸੀ। ਬੀਬੀਸੀ ਨੇ ਦੱਸਿਆ ਕਿ ਪੁਲੀਸ ਮੰਨ ਰਹੀ ਹੈ ਕਿ ਸੰਸਦ ਬਾਹਰ ਇਕ ਸ਼ੱਕੀ ਵਾਹਨ ਸੀ ਪਰ ਪੁਲੀਸ ਨੇ ਇਸ ਰਿਪੋਰਟ ਦੀ ਪੁਸ਼ਟੀ ਨਹੀਂ ਕੀਤੀ ਹੈ।
ਇਸ ਦੌਰਾਨ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਸੀ ਪਰ ਪਤਾ ਲੱਗਾ ਹੈ ਕਿ ਇਹ ਅਤਿਵਾਦੀ ਹਮਲਾ ਭੀੜ ਭੜੱਕੇ ਵਾਲੇ ਵੈਸਟਮਿੰਸਟਰ ਬ੍ਰਿੱਜ ਸਮੇਤ ਕਈ ਥਾਵਾਂ ‘ਤੇ ਹੋਇਆ ਹੈ। ਇਸ ਜਗ੍ਹਾ ਤੋਂ ਸੈਲਾਨੀ ਬਿੱਗ ਬੇਨ ਸਮੇਤ ਹੋਰ ਥਾਵਾਂ ਦੀਆਂ ਤਸਵੀਰਾਂ ਲੈਂਦੇ ਹਨ।
ਸੰਸਦ ਵਿੱਚ ਮੌਜੂਦ ਇਸ ਖ਼ਬਰ ਏਜੰਸੀ ਦੇ ਰਿਪੋਰਟਰਾਂ ਨੇ ਦੱਸਿਆ ਕਿ ਸੰਸਦੀ ਇਮਾਰਤ ਵਿੱਚ ਵੱਡੀ ਗਿਣਤੀ ਵਿੱਚ ਹਥਿਆਬੰਦ ਪੁਲੀਸ ਮੁਲਾਜ਼ਮ ਪਹੁੰਚ ਚੁੱਕੇ ਹਨ। ਇਹ ਹਮਲਾ ਬੈਲਜੀਅਮ ਦੇ ਬ੍ਰਸਲਜ਼ ਵਿੱਚ ਹੋਏ ਹਮਲਿਆਂ ਦੀ ਬਰਸੀ ਮੌਕੇ ਹੋਇਆ ਹੈ। ਇਸ ਦੌਰਾਨ ਪੈਰਿਸ (ਫਰਾਂਸ) ਤੋਂ ਪੁੱਜੀਆਂ ਰਿਪੋਰਟਾਂ ਮੁਤਾਬਕ ਫਰਾਂਸ ਦੇ ਤਿੰਨ ਸਕੂਲੀ ਵਿਦਿਆਰਥੀ ਵੀ ਹਮਲੇ ਵਿੱਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦੀ ਉਮਰ 15-16 ਸਾਲ ਹੈ।
ਸੁਸ਼ਮਾ ਸਵਰਾਜ ਨੇ ਦਿੱਤਾ ਭਰੋਸਾ-ਸਾਰੇ ਭਾਰਤੀ ਸੁਰੱਖਿਅਤ : 
ਨਵੀਂ ਦਿੱਲੀ: ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਲੰਡਨ ਵਿੱਚ ਹੋਏ ਦਹਿਸ਼ਤੀ ਹਮਲੇ ਵਿੱਚ ਸਾਰੇ ਭਾਰਤੀ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨਾਲ ਲਗਾਤਾਰ ਸੰਪਰਕ ਵਿਚ ਹਨ। ਮੰਤਰੀ ਨੇ ਉਥੇ ਵੱਸਦੇ ਭਾਰਤੀਆਂ ਨੂੰ ਕਿਹਾ ਹੈ ਕਿ ਉਹ ਕਿਸੇ ਵੀ ਮਦਦ ਲਈ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੇ ਪਾਰਲੀਮੈਂਟ ਸਕੁਏਅਰ ਵੱਲ ਨਾ ਜਾਣ ਦੀ ਸਲਾਹ ਵੀ ਦਿੱਤੀ ਹੈ।