ਗਗਨੇਜਾ ਸਮੇਤ 5 ਵੱਡੀਆਂ ਵਾਰਦਾਤਾਂ ਦੇ ਤਾਰ ਯੂਰਪ ਨਾਲ ਜੁੜੇ

ਗਗਨੇਜਾ ਸਮੇਤ 5 ਵੱਡੀਆਂ ਵਾਰਦਾਤਾਂ ਦੇ ਤਾਰ ਯੂਰਪ ਨਾਲ ਜੁੜੇ

ਪੁਲੀਸ ਮੁਤਾਬਕ ਖ਼ਾਲਿਸਤਾਨੀ ਪਿਛੋਕੜ ਵਾਲਿਆਂ ਨੇ ਪੰਜਾਬ ਵਿਚਲੇ ਆਪਣੇ ਬੰਦਿਆਂ ਰਾਹੀਂ ਘਟਨਾਵਾਂ ਨੂੰ ਅੰਜਾਮ ਦਿੱਤਾ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਪੁਲੀਸ ਨੂੰ ਆਰਐਸਐਸ ਆਗੂ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ਸਮੇਤ ਕਤਲ ਦੀਆਂ 5 ਵਾਰਦਾਤਾਂ ਦੇ ਤਾਰ ਯੂਰੋਪੀ ਮੁਲਕਾਂ ਨਾਲ ਜੁੜੇ ਹੋਣ ਦੇ ਠੋਸ ਤੱਥ ਮਿਲੇ ਹਨ। ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਮੁਤਾਬਕ ਯੂਰੋਪ ਵਿੱਚ ਬੈਠੇ ਖਾਲਿਸਤਾਨੀ ਪਿਛੋਕੜ ਵਾਲੇ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ਦਾ ਸਹਾਰਾ ਲੈਂਦਿਆਂ ਪੰਜਾਬ ਵਿਚਲੇ ਆਪਣੇ ‘ਬੰਦਿਆਂ’ ਰਾਹੀਂ ‘ਵੱਟਸਐਪ’ ਸੰਦੇਸ਼ ਅਤੇ ‘ਵੱਟਸਐਪ ਕਾਲ’ ਰਾਹੀਂ ਸੰਪਰਕ ਬਣਾ ਕੇ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਪੰਜਾਬ ਪੁਲੀਸ ਨਾਲ ਸਬੰਧਤ ਇੰਟੈਲੀਜੈਂਸ ਵਿੰਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਸ੍ਰੀ ਗਗਨੇਜਾ ਦੇ ਕਤਲ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਸਰਕਾਰ ਦੀਆਂ ਹਦਾਇਤਾਂ ‘ਤੇ ਪੁਲੀਸ ਨੇ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਦੀ ਮਦਦ ਨਾਲ ਤਕਰੀਬਨ 1 ਕਰੋੜ ਮੋਬਾਈਲ ਫੋਨ ਕਾਲ ਨੂੰ ਘੋਖਿਆ ਪਰ ਉਹ ਅਸਲ ਅਪਰਾਧੀਆਂ ਨੂੰ ਹੱਥ ਪਾਉਣ ਵਿਚ ਨਾਕਾਮ ਰਹੇ। ਜਗਦੀਸ਼ ਗਗਨੇਜਾ, ਦੁਰਗਾ ਦਾਸ ਗੁਪਤਾ, ਅਮਿਤ ਸ਼ਰਮਾ, ਜਗੇੜਾ ਪੁਲ ਦੇ ਨਜ਼ਦੀਕ ਡੇਰਾ ਸਿਰਸਾ ਨਾਲ ਸਬੰਧਤ ਸ਼ਾਖਾ ‘ਤੇ ਹਮਲਾ ਕਰ ਕੇ ਪਿਤਾ-ਪੁੱਤਰ ਦੇ ਕਤਲਾਂ ਅਤੇ ਲੁਧਿਆਣਾ ਸ਼ਹਿਰ ਵਿਚ ਆਰਐਸਐਸ ਸ਼ਾਖਾ ‘ਤੇ ਹਮਲੇ ਵਿੱਚ ਇਕੋ ਗਿਰੋਹ ਦਾ ਹੱਥ ਮੰਨਿਆ ਜਾ ਰਿਹਾ ਹੈ। ਗਗਨੇਜਾ ਮਾਮਲੇ ਦੀ ਜਾਂਚ ਭਾਵੇਂ ਸੀਬੀਆਈ ਕਰ ਰਹੀ ਹੈ ਪਰ ਬਾਕੀਆਂ ਦੀ ਜਾਂਚ ਲੁਧਿਆਣਾ ਅਤੇ ਖੰਨਾ ਪੁਲੀਸ ‘ਤੇ ਆਧਾਰਤ ਵਿਸ਼ੇਸ਼ ਜਾਂਚ ਟੀਮਾਂ ਵੱਲੋਂ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਅਪਰਾਧੀਆਂ ਵੱਲੋਂ ਉਕਤ ਸਾਰੇ ਅਪਰਾਧਾਂ ਦੀ ਰਣਨੀਤੀ ਘੜਨ ਸਮੇਂ ‘ਵੱਟਸਐਪ’ ਸੰਦੇਸ਼ ਅਤੇ ਸੋਸ਼ਲ ਮੀਡੀਆ ਦੀ ਇਸੇ ਪ੍ਰਣਾਲੀ ਰਾਹੀਂ ਫੋਨ ਕਾਲਾਂ ਦਾ ਸਹਾਰਾ ਲਿਆ ਜਾਂਦਾ ਹੈ। ਸੁਰੱਖਿਆ ਅਤੇ ਜਾਂਚ ਏਜੰਸੀਆਂ ਇਨ੍ਹਾਂ ਦਾ ਕੋਈ ਭੇਤ ਨਹੀਂ ਖੋਲ੍ਹ ਸਕਦੀਆਂ ਕਿਉਂਕਿ ਇਸ ਵਿਧੀ ਰਾਹੀਂ ਕੀਤੀ ਕਾਲ ਰਿਕਾਰਡ ਨਹੀਂ ਕੀਤੀ ਜਾ ਸਕਦੀ ਅਤੇ ਫੋਨ ਕਾਲ ਡਿਟੇਲ ਨਾਲ ਕੋਈ ਸਬੂਤ ਵੀ ਨਹੀਂ ਮਿਲਦਾ। ਮੁੱਢਲੀ ਤਫ਼ਤੀਸ਼ ਰਾਹੀਂ ਖ਼ੁਫੀਆ ਵਿੰਗ ਦੇ ਅਧਿਕਾਰੀਆਂ ਦੇ ਹੱਥ ਜੋ ਜਾਣਕਾਰੀ ਲੱਗੀ ਹੈ, ਉਸ ਮੁਤਾਬਕ ਯੂਰਪ ਵਿਚ ਬੈਠੇ ਖਾਲਿਸਤਾਨੀ ਹਮਦਰਦੀਆਂ ਜਾਂ ਇਸ ਲਹਿਰ ਨਾਲ ਸਬੰਧਤ ਵਿਅਕਤੀਆਂ ਵੱਲੋਂ ਯੂਰਪੀ ਮੁਲਕਾਂ ਦੇ ਮੋਬਾਈਲ ਫੋਨ ਨੰਬਰਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ‘ਵੱਟਸਐਪ’ ਦੀ ਵਰਤੋਂ ਲਈ ਵਿਦੇਸ਼ ਬੈਠਿਆਂ ਹੀ ਪੰਜਾਬ ਵਿਚਲੇ ਬੰਦਿਆਂ ਨੂੰ ਸੋਸ਼ਲ ਮੀਡੀਆ ਦੀ ਇਸ ਐਪ ਨੂੰ ਐਕਟੀਵੇਟ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਨਾਲ ਭਾਰਤ ਵਿੱਚ ਇਸ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਛੱਡਿਆ ਜਾ ਰਿਹਾ। ਪੁਲੀਸ ਵੱਲੋਂ ਉਕਤ ਘਟਨਾਵਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮਾਂ (ਐਸਆਈਟੀਜ਼) ਦਾ ਗਠਨ ਕੀਤਾ ਗਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਖੌਫ਼ਜ਼ਦਾ ਹਨ ਕਿ ਸੋਸ਼ਲ ਮੀਡੀਆ ਦੀ ਵਰਤੋਂ ਅਪਰਾਧੀ ਤੱਤਾਂ ਵੱਲੋਂ ਕੀਤੇ ਜਾਣ ਨਾਲ ਵੱਡੀਆਂ ਵਾਰਦਾਤਾਂ ਨੂੰ ਸੁਲਝਾਉਣਾ ਬੇਹੱਦ ਕਠਿਨ ਬਣਿਆ ਪਿਆ ਹੈ।
ਵਾਰਦਾਤਾਂ ਲਈ ਬਾਹਰੋਂ ਆ ਰਹੇ ਨੇ ਫੰਡ :
ਤਫ਼ਤੀਸ਼ ਦੌਰਾਨ ਖ਼ੁਫੀਆ ਵਿੰਗ ਨੂੰ ਕਤਲਾਂ ਦੀਆਂ ਵਾਰਦਾਤਾਂ ਲਈ ਪੈਸਾ ਵਿਦੇਸ਼ ਤੋਂ ਆਉਣ ਦੇ ਵੀ ਸਕੇਤ ਮਿਲੇ ਹਨ। ਖ਼ੁਫੀਆ ਵਿੰਗ ਦੇ ਮੁਖੀ ਦਿਨਕਰ ਗੁਪਤਾ ਵੱਲੋਂ ਪਿਛਲੇ ਦਿਨੀਂ ਪੁਲੀਸ ਅਫ਼ਸਰਾਂ ਨਾਲ ਫਿਲੌਰ ਵਿੱਚ ਕੀਤੀ ਮੀਟਿੰਗ ਦੌਰਾਨ ਵਿਦੇਸ਼ਾਂ ਵਿਚ ਬੈਠੇ ਅਤਿਵਾਦੀਆਂ ਦੀਆਂ ਸਰਗਰਮੀਆਂ ਤੋਂ ਸੁਚੇਤ ਰਹਿਣ ਦੇ ਨਾਲ-ਨਾਲ ਵਿਦੇਸ਼ੀ ਫੰਡਿੰਗ ਹੋਣ ਦਾ ਵੀ ਜ਼ਿਕਰ ਕੀਤਾ ਸੀ।