ਅਖ਼ਬਾਰ ਦੇ ਦਫਤਰ ‘ਚ ਅੰਨ੍ਹੇਵਾਹ ਫਾਇਰਿੰਗ, 5 ਪੱਤਰਕਾਰ ਹਲਾਕ

ਅਖ਼ਬਾਰ ਦੇ ਦਫਤਰ ‘ਚ ਅੰਨ੍ਹੇਵਾਹ ਫਾਇਰਿੰਗ, 5 ਪੱਤਰਕਾਰ ਹਲਾਕ

ਵਾਰਦਾਤ ਵਾਲੇ ਇਲਾਕੇ ਦੀ ਘੇਰਾਬੰਦੀ ਕਰਦੀ ਹੋਈ ਪੁਲੀਸ।

ਵਾਸ਼ਿੰਗਟਨ/ਬਿਊਰੋ ਨਿਊਜ਼ :

ਐਨਾਪੋਲਿਸ ਵਿਚ ਇਕ ਅਖ਼ਬਾਰ ਦੇ ਨਿਊਜ਼ ਰੂਮ ਵਿਚ ਦਾਖ਼ਲ ਹੋ ਕੇ ਇਕ ਗੋਰੇ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਪੰਜ ਸੀਨੀਅਰ ਉਪ ਸੰਪਾਦਕ (ਪੱਤਰਕਾਰ) ਮਾਰੇ ਗਏ। ਐਨਾਪੋਲਿਸ ਵਿਚ ਵਾਪਰੀ ਇਸ ਆਪਣੀ ਕਿਸਮ ਦੀ ਭਿਆਨਕ ਘਟਨਾ ਵਿਚ ਇੱਕ ਗੋਰੇ ਬੰਦੂਕਧਾਰੀ ਨੇ ‘ਦਿ ਕੈਪੀਟਲ ਗਜ਼ਟ’ ਅਖ਼ਬਾਰ ਦੇ ਨਿਊਜ਼ ਰੂਮ ਵਿਚ ਗੋਲੀਆਂ ਚਲਾ ਕੇ ਪੰਜ ਉਪ ਸੰਪਾਦਕਾਂ ਨੂੰ ਮਾਰ ਦਿੱਤਾ ਅਤੇ ਤਿੰਨ ਹੋਰਨਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਅਖ਼ਬਾਰ ਦੇ ਮਾਰੇ ਗਏ ਅਮਲੇ ਵਿਚ ਸਹਾਇਕ ਸੰਪਾਦਕ ਰੋਬ ਹਿਆਸਨ, ਸੰਪਾਦਕੀ ਪੰਨੇ ਦਾ ਇੰਚਾਰਜ ਗੇਰਾਲਡ ਫਿਸ਼ਮੈਨ, ਸੰਪਾਦਕ ਤੇ ਪੱਤਰਕਾਰ ਜੌਹਨ ਮੈਕਨਮਾਰਾ, ਸਪੈਸ਼ਲ ਪਬਲੀਕੇਸ਼ਨ ਸੰਪਾਦਕ ਵੈਂਡੀ ਵਿੰਟਰਜ਼ ਅਤੇ ਸੇਲਜ਼ ਸਹਾਇਕ ਰੇਬੇਕਾ ਸਮਿੱਥ ਸ਼ਾਮਲ ਹਨ।
ਹਮਲਾਵਰ ਦੀ ਪਛਾਣ ਜੈਰੋਡ ਵਾਰੇਨ ਰਾਮੋਸ (38 ਸਾਲ) ਵਜੋਂ ਹੋਈ ਹੈ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਵਿਰੁੱਧ ਪਹਿਲੀ ਡਿਗਰੀ ਦੇ ਕਤਲ ਦੇ ਪੰਜ ਕਾਊਂਟ ਦੇ ਦੋਸ਼ ਲਾਏ ਗਏ ਹਨ। ਪ੍ਰਾਪਤ ਜਾਣਕਾਰੀ ਅਦਾਲਤ ਦੇ ਰਿਕਾਰਡ ਤੋਂ ਪਤਾ ਲੱਗਾ ਹੈ ਕਿ ਰਾਮੋਸ ਨੇ ਅਖ਼ਬਾਰ ਵਿਰੁੱਧ ਸੰਨ 2012 ਵਿਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਕਾਊਂਟੀ ਡਿਪਟੀ ਪੁਲੀਸ ਮੁਖੀ ਵਿਲੀਅਮ ਕਰੰਫ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹਮਲਾਵਰ  ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵਾਸ਼ਿੰਗਟਨ ਪੋਸਟ ਅਨੁਸਾਰ ਰਾਮੋਸ ‘ਦਿ ਕੈਪੀਟਲ ਗਜ਼ਟ’ ਦੇ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਹਾਰ ਗਿਆ ਸੀ। ਅਖ਼ਬਾਰ ਨੇ ਰਾਮੋਸ ਵੱਲੋਂ ਸੋਸ਼ਲ ਮੀਡੀਆ ਉੱਤੇ ਇਕ ਔਰਤ ਨੂੰ ਪ੍ਰੇਸ਼ਾਨ ਕਰਨ ਵਿਰੁੱਧ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਹੋਰਨਾਂ ਰਾਜਸੀ ਆਗੂਆਂ ਨੇ ਇਸ ਘਟਨਾ ਉੰਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।