ਤਰਨ ਤਾਰਨ ਜ਼ਿਲ੍ਹੇ ਵਿਚ ਦਸ ਮਹੀਨਿਆਂ ਦੌਰਾਨ 37 ਵਿਅਕਤੀ ਲਾਪਤਾ

ਤਰਨ ਤਾਰਨ ਜ਼ਿਲ੍ਹੇ ਵਿਚ ਦਸ ਮਹੀਨਿਆਂ ਦੌਰਾਨ 37 ਵਿਅਕਤੀ ਲਾਪਤਾ

ਸੱਤ ਮਾਮਲੇ ਹੀ ਸੁਲਝੇ, 30 ਦਾ ਹਾਲੇ ਕੋਈ ਥਹੁ ਪਤਾ ਨਹੀਂ
ਤਰਨ ਤਾਰਨ/ਬਿਊਰੋ ਨਿਊਜ਼ :
ਜ਼ਿਲ੍ਹਾ ਤਰਨ ਤਾਰਨ ਵਿਚ ਪਿਛਲੇ 10 ਮਹੀਨਿਆਂ ਦੌਰਾਨ 37 ਵਿਅਕਤੀ ਲਾਪਤਾ ਪਾਏ ਗਏ, ਜਿਨ੍ਹਾਂ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ ਹੈ, ਜਦਕਿ ਇਸ ਦੀ ਗਿਣਤੀ ਹੋਰ ਵੀ ਜ਼ਿਆਦਾ ਹੋ ਸਕਦੀ ਹੈ। ਪੱਤਰਕਾਰ ਹਰਿੰਦਰ ਸਿੰਘ ਵਲੋਂ ਇਕੱਤਰ ਰਿਪੋਰਟ ਅਨੁਸਾਰ ਇਨ੍ਹਾਂ ਵਿਅਕਤੀਆਂ ਵਿਚ ਪੁਲੀਸ ਨੇ ਸਿਰਫ਼ 7 ਵਿਅਕਤੀਆਂ ਨੂੰ ਲੱਭ ਕੇ ਉਨ੍ਹਾਂ ਨੂੰ ਪਰਿਵਾਰਾਂ ਨਾਲ ਮਿਲਾਇਆ ਹੈ, ਜਦਕਿ 10 ਮਹੀਨਿਆਂ ਦੇ ਛੋਟੇ ਜਿਹੇ ਵਕਫ਼ੇ ਵਿਚ ਗੁੰਮ ਹੋਏ 30 ਵਿਅਕਤੀ ਅਜੇ ਵੀ ਲਾਪਤਾ ਹਨ। ਵੈਸੇ ਤਾਂ ਹੁਣ ਤੱਕ ਜ਼ਿਲ੍ਹਾ ਤਰਨ ਤਾਰਨ ਵਿਚ ਲਾਪਤਾ ਹੋਏ ਵਿਅਕਤੀਆਂ ਦੀ ਸੂਚੀ ਲੰਬੀ ਚੌੜੀ ਹੈ। ਲਾਪਤਾ ਹੋਏ ਵਿਅਕਤੀਆਂ ਦੀ ਭਾਲ ਵਿਚ ਉਨ੍ਹਾਂ ਦੇ ਪਰਿਵਾਰ ਥਾਣਿਆਂ ਤੇ ਹੋਰ ਥਾਵਾਂ ਦੇ ਚੱਕਰ ਕੱਟ ਰਹੇ ਹਨ। ਪਿਛਲੇ 10 ਮਹੀਨਿਆਂ ਵਿਚ 13 ਨੌਜਵਾਨ ਲਾਪਤਾ ਹੋਏ, ਜਿਨ੍ਹਾਂ ਵਿਚੋਂ 3 ਹੀ ਆਪਣੇ ਘਰ ਪਰਤੇ। ਇਸ ਤੋਂ ਇਲਾਵਾ 10 ਲੜਕੀਆਂ ਲਾਪਤਾ ਹੋਈਆਂ, ਇਨ੍ਹਾਂ ਵਿਚ 2 ਹੀ ਲੱਭ ਸਕੀਆਂ, ਜਦਕਿ 8 ਲੜਕੀਆਂ ਅਜੇ ਵੀ ਨਹੀਂ ਮਿਲੀਆਂ। ਇਸੇ ਤਰ੍ਹਾਂ 4 ਬਜ਼ੁਰਗ ਮਰਦ ਤੇ 10 ਬਜ਼ੁਰਗ ਔਰਤਾਂ ਵੀ ਲਾਪਤਾ ਹੋਈਆਂ, ਜਿਨ੍ਹਾਂ ਵਿਚੋਂ ਸਿਰਫ਼ ਦੋ ਔਰਤਾਂ ਹੀ ਮਿਲੀਆਂ ਹਨ, ਜਦਕਿ ਬਾਕੀਆਂ ਦਾ ਕੋਈ ਅਤਾ-ਪਤਾ ਨਹੀਂ ਲੱਗਾ। ਇਨ੍ਹਾਂ ਸਾਰਿਆਂ ਦੀਆਂ ਸ਼ਿਕਾਇਤਾਂ ਸਬੰਧਤ ਥਾਣਿਆਂ ਵਿਚ ਦਰਜ ਹਨ। ਤਰਨ ਤਾਰਨ ਦੀ ਗਲੀ ਤੇਲ ਵਾਲੀ ਨਿਵਾਸੀ ਆਸ਼ਾ ਰਾਣੀ ਨੇ ਦੱਸਿਆ ਕਿ ਉਸ ਦਾ ਭਤੀਜਾ ਹੈਪੀ (16) ਜੁਲਾਈ 2015 ਨੂੰ ਘਰੋਂ ਰੋਟੀ ਖਾ ਕੇ ਬਾਹਰ ਚਲਾ ਗਿਆ, ਪਰ ਘਰ ਵਾਪਸ ਨਹੀਂ ਆਇਆ। ਉਨ੍ਹਾਂ ਨੇ ਥਾਣਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾਈ। ਅਜੇ ਤੱਕ ਹੈਪੀ ਦਾ ਕੋਈ ਪਤਾ ਨਹੀਂ ਲੱਗ ਸਕਿਆ। ਹੈਪੀ ਦੀ ਭਾਲ ਲਈ ਉਸ ਦੀ ਦਾਦੀ ਕੁਸਮ ਲਤਾ ਲਵਲੀ ਜਗ੍ਹਾ-ਜਗ੍ਹਾ ਭਾਲ ਕਰਦੀ ਰਹੀ ਤੇ ਅੰਤ ਆਪਣੇ ਪੋਤਰੇ ਦੇ ਗ਼ਮ ਵਿਚ ਹੀ ਉਸ ਨੇ ਪ੍ਰਾਣ ਤਿਆਗ ਦਿੱਤੇ। ਹੈਪੀ ਦੀ ਮਾਤਾ ਸੁਨੀਤਾ ਰਾਣੀ ਨੇ ਕਿਹਾ ਕਿ ਪੁਲੀਸ ਉਸ ਦੇ ਲੜਕੇ ਨੂੰ ਜਲਦੀ ਲੱਭ ਕੇ ਉਨ੍ਹਾਂ ਤੱਕ ਪਹੁੰਚਾਵੇ। ਇਸੇ ਤਰ੍ਹਾਂ ਸਚਖੰਡ ਰੋਡ ਨਿਵਾਸੀ ਰਜਿੰਦਰ ਕੌਰ ਨੇ ਦੱਸਿਆ ਉਸ ਦੀ ਲੜਕੀ ਕਾਜਲ (18) ਸਰਕਾਰੀ ਕੰਨਿਆ ਸਕੂਲ ਤਰਨ ਤਾਰਨ ਵਿਖੇ 11ਵੀਂ ਜਮਾਤ ਵਿਚ ਪੜ੍ਹਦੀ ਸੀ। ਉਸ ਦਾ ਪਤੀ ਆਪਣੀ ਧੀ ਕਾਜਲ ਨੂੰ 15 ਨਵੰਬਰ 2016 ਨੂੰ ਸਕੂਲ ਛੱਡ ਕੇ ਆਇਆ ਸੀ, ਪਰ ਉਹ ਵਾਪਸ ਘਰ ਨਹੀਂ ਪਹੁੰਚੀ। ਇਸ ਮਾਮਲੇ ਸਬੰਧੀ ਪੁਲੀਸ ਨੂੰ ਸੂਚਿਤ ਕਰਕੇ ਗੁੰਮਸ਼ੁਦਾ ਦੀ ਰਿਪੋਰਟ ਲਿਖਵਾਈ ਗਈ। ਉਨ੍ਹਾਂ ਆਪਣੀ ਗੁੰਮ ਹੋਈ ਜਵਾਨ ਧੀ ਨੂੰ ਜਲਦ ਪਰਿਵਾਰ ਤੱਕ ਪਹੁੰਚਾਉਣ ਦੀ ਮੰਗ ਕੀਤੀ। ਇਸ ਸਬੰਧੀ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਲ੍ਹੇ ਵਿਚ ਲਾਪਤਾ ਹੋਏ ਵਿਅਕਤੀਆਂ ਸਬੰਧੀ ਪੁਲੀਸ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਭਾਲ ਲਈ ਪੂਰੀ ਤਰ੍ਹਾਂ ਮੁਸ਼ਤੈਦੀ ਨਾਲ ਕੰਮ ਕਰ ਰਹੀ ਹੈ। ਪੁਲੀਸ ਵੱਲੋਂ ਗੁੰਮ ਹੋਏ ਵਿਅਕਤੀਆਂ ਨੂੰ ਜਲਦੀ ਲੱਭ ਕੇ ਪਰਿਵਾਰਾਂ ਤੱਕ ਪਹੁੰਚਾਉਣ ਵਿਚ ਪੁਲੀਸ ਕੋਈ ਵੀ ਕਸਰ ਨਹੀਂ ਰਹਿਣ ਦੇਵੇਗੀ।