ਧਰਮ ਯੁੱਧ ਮੋਰਚਾ ‘ਚ ਸ਼ਹੀਦ ਹੋਏ 34 ਸਿੰਘਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਆਸ ਬੱਝੀ

ਧਰਮ ਯੁੱਧ ਮੋਰਚਾ ‘ਚ ਸ਼ਹੀਦ ਹੋਏ 34 ਸਿੰਘਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਆਸ ਬੱਝੀ

ਨੂਰਪੁਰ ਬੇਦੀ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਵੱਲੋਂ 1982 ‘ਚ ਹਰਚੰਦ ਸਿੰਘ ਲੋਂਗੋਵਾਲ ਤੇ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਅਗਵਾਈ ਹੇਠ ਲਾਏ ਗਏ ਧਰਮ ਯੁੱਧ ਮੋਰਚੇ ਤਹਿਤ 11 ਸਤੰਬਰ ਦੀ ਰਾਤ 10:55 ‘ਤੇ ਅੰਮ੍ਰਿਤਸਾਰ ਤੋਂ ਤਰਨਤਾਰਨ ਰੇਲਵੇ ਫਾਟਕ ‘ਤੇ ਰੋਡਵੇਜ਼ ਦੀ ਬੱਸ ਦੇ ਰੇਲ ਨਾਲ ਟਕਰਾਉਣ ਕਾਰਨ ਸ਼ਹੀਦ ਹੋਏ 34 ਸਿੰਘਾਂ ਦੇ ਪਰਿਵਾਰਾਂ ਦੇ ਇੱਕ ਮੈਂਬਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ  ਨੌਕਰੀ ਦੇਣ ਦੇ ਐਲਾਨ ਤੋਂ ਬਾਅਦ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਨੂੰ ਦੇਰੀ ਨਾਲ ਲਿਆ ਗਿਆ ਸਹੀ ਫੈਸਲਾ ਦੱਸਿਆ ਗਿਆ। ਧਰਮ ਯੁੱਧ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ 34 ਸਿੰਘ ਸ਼ਹੀਦ ਕਲਵਾਂ ਮੌੜ ਵਿੱਚ ਕੀਤੇ ਗਏ ਸ਼ਹੀਦੀ ਸਮਾਗਮ ਵਿਚ ਪ੍ਰੋ. ਬਡੂੰਗਰ ਵੱਲੋਂ ਇਹ ਐਲਾਨ ਇਸੇ ਮਹੀਨੇ 9 ਸਤੰਬਰ ਨੂੰ ਕੀਤਾ ਗਿਆ। ਸ਼ਹੀਦ ਹੋਏ ਨਸੀਬ ਸਿੰਘ ਕਲਵਾਂ ਦੇ ਭਰਾ ਗਿਆਨੀ ਰਾਮ ਸਿੰਘ ਕਲਵਾਂ ਨੇ ਇਥੇ ਦੱਸਿਆ ਕਿ ਸ਼ਹੀਦਾਂ ਦੇ ਪਰਿਵਾਰ ਅੱਜ ਤੱਕ ਮੰਦਹਾਲੀ ਦਾ ਸ਼ਿਕਾਰ ਰਹੇ ਹਨ ਤੇ ਕਈਆਂ ਦਾ ਗੁਜ਼ਾਰਾ ਅੱਜ ਵੀ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ।
ਪੰਜਾਬ ਰੋਡਵੇਜ਼, ਰੇਲਵੇ ਵਿਭਾਗ ਅਤੇ ਪੁਲੀਸ ਵੱਲੋਂ ਹਾਦਸੇ ਦੌਰਾਨ ਵਰਤੀ ਗਈ ਅਣਗਹਿਲੀ ਤੇ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਨੂੰ ਲੈ ਕੇ ਸ਼ਹੀਦ ਪਰਿਵਾਰਾਂ ਵੱਲੋਂ ਉਸ ਵੇਲੇ ਇੱਕ ਕੇਸ ਮੋਟਰ ਐਕਸੀਡੈਟ ਕਲੇਮ ਟ੍ਰਿਬਿਊਨਲ ਅੰਮ੍ਰਿਤਸਰ ਕੋਲ ਦਰਜ ਕੀਤਾ ਗਿਆ ਸੀ, ਜਿਸ ਦੀ ਸੁਣਵਾਈ ਕਰਦਿਆਂ ਤਤਕਾਲੀ ਜੱਜ ਐੱਮਐੱਸ ਭੱਲਾ ਨੇ 4 ਅਕਤੂਬਰ 1991 ਨੂੰ ਪੀੜਤ ਪਰਿਵਾਰਾਂ ਲਈ 25 ਤੋਂ 80 ਹਜ਼ਾਰ ਰੁਪਏ ਤੱਕ ਦਾ ਮੁਆਵਜ਼ਾ ਰੇਲਵੇ ਵਿਭਾਗ ਅਤੇ ਪੰਜਾਬ ਰੋਡਵੇਜ਼ ਨੂੰ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਸਨ, ਪਰ ਮੁਆਵਜ਼ੇ ਨੂੰ ਵਧਾਉਣ ਦੀ ਮੰਗ ਨੂੰ ਲੈ ਕੇ ਸ਼ਹੀਦ ਪਰਿਵਾਰਾਂ ਵੱਲੋਂ ਅਗਲੀ ਅਪੀਲ 1992 ਵਿਚ ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿੱਚ ਦਾਇਰ ਕੀਤੀ ਗਈ। ਸ਼ਹੀਦ ਨਸੀਬ ਸਿੰਘ ਕਲਵਾਂ ਦੇ ਭਰਾ ਗਿਆਨੀ ਰਾਮ ਸਿੰਘ ਕਲਵਾਂ ਨੇ ਦੱਸਿਆ ਕਿ ਹਾਈਕੋਰਟ ਨੇ ਆਪਣੇ ਫੈਸਲੇ ਵਿੱਚ ਰੇਲਵੇ ਵਿਭਾਗ ਦੇ ਰੋਡਵੇਜ਼ ਨੂੰ 80 ਹਜ਼ਾਰ ਰੁਪਏ ਦੀ ਰਾਸ਼ੀ ਨੂੰ 8 ਫ਼ੀਸਦ ਵਧਾ ਕੇ ਉਕਤ ਪਰਿਵਾਰਾਂ ਨੂੰ ਦੇਣ ਦੇ ਆਦੇਸ਼ ਜਾਰੀ ਕੀਤੇ ਸਨ, ਜੋ ਅੱਜ ਤੱਕ ਲਾਗੂ ਨਹੀਂ ਹੋਏ। ਗਿਆਨੀ ਰਾਮ ਸਿੰਘ ਨੇ ਪ੍ਰੋ. ਬਡੂੰਗਰ ਦੇ ਨੌਕਰੀ ਦੇਣ ਦੇ ਫੈਸਲੇ ਨੂੰ ਮਹੱਤਵਪੂਰਨ ਦੱਸਦਿਆਂ ਉਕਤ ਦੋਵੇਂ ਸਰਕਾਰੀ ਵਿਭਾਗਾਂ ਤੋਂ ਸ਼ਹੀਦ ਪਰਿਵਾਰਾਂ ਨੂੰ  ਕਲੇਮ ਦਿਵਾਉਣ ਦੀ ਮੰਗ ਵੀ ਕੀਤੀ।