ਲੁਧਿਆਣਾ ਡਕੈਤੀ ਮਾਮਲਾ : 30 ਸਾਲਾਂ ਬਾਅਦ 10 ਸਿੱਖ ਬਾ-ਇੱਜ਼ਤ ਬਰੀ

ਲੁਧਿਆਣਾ ਡਕੈਤੀ ਮਾਮਲਾ : 30 ਸਾਲਾਂ ਬਾਅਦ 10 ਸਿੱਖ ਬਾ-ਇੱਜ਼ਤ ਬਰੀ

ਲੁਧਿਆਣਾ/ਬਿਊਰੋ ਨਿਊਜ਼ :
ਪੰਜਾਬ ਵਿਚ ਖਾੜਕੂਵਾਦ ਦੌਰਾਨ 1987 ਵਿਚ ਮਿਲਰਗੰਜ ਸਥਿਤ ਪੰਜਾਬ ਨੈਸ਼ਨਲ ਬੈਂਕ ਵਿਚ ਹੋਈ 5 ਕਰੋੜ 70 ਲੱਖ ਦੀ ਬੈਂਕ ਡਕੈਤੀ ਦੇ ਮਾਮਲੇ ਵਿਚ 30 ਸਾਲ ਬਾਅਦ ਦੇਸ਼ ਦੀ ਸਰਬਉੱਚ ਅਦਾਲਤ ਵੱਲੋਂ 10 ਸਿੱਖਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਅਦਾਲਤ ਵੱਲੋਂ 30 ਸਾਲ ਬਾਅਦ ਦਿੱਤੇ ਗਏ ਇਸ ਫੈਸਲੇ ਨਾਲ ਜਿੱਥੇ ਨਿਆਂਇਕ ਪ੍ਰਣਾਲੀ ਦੀ ਸੁਸਤ ਰਫ਼ਤਾਰ ਦਾ ਖੁਲਾਸਾ ਹੋਇਆ ਹੈ, ਉੱਥੇ ਇਸ ਮਾਮਲੇ ਵਿਚ ਬਰੀ ਹੋਏ ਵਿਅਕਤੀਆਂ ਨੂੰ ਤਿੰਨ ਦਹਾਕਿਆਂ ਬਾਅਦ ਇਨਸਾਫ਼ ਮਿਲਿਆ ਹੈ।
ਇਸ ਕੇਸ ਦੀ ਕਈ ਵਰ੍ਹਿਆਂ ਤੱੱਕ ਚੱਲੀ ਸੁਣਵਾਈ ਦੇ ਅਖੀਰ ਵਿਚ 12 ਨਾਮਜ਼ਦ ਮੁਲਜ਼ਮਾਂ ਨੂੰ ਜੱਜ ਸੁਨੀਲ ਕੁਮਾਰ ਦੀ ਅਦਾਲਤ ਵੱਲੋਂ 10-10 ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਿਨ੍ਹਾਂ ਵਿਚ ਸੁਪਰੀਮ ਕੋਰਟ ਵਲੋਂ ਬਰੀ ਕੀਤੇ 10 ਸਿੱਖਾਂ ਤੋਂ ਇਲਾਵਾ ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਗੁਰਸ਼ਰਨ ਸਿੰਘ ਗਾਮਾ ਸ਼ਾਮਲ ਸਨ। ਕਿਉਂਕਿ ਭਾਈ ਬਿੱਟੂ ਅਤੇ ਭਾਈ ਗਾਮਾ ਨੇ ਕੇਸ ਦੀ ਸੁਣਵਾਈ ਦੌਰਾਨ ਹੀ ਆਪਣੀ ਸਜ਼ਾ ਪੂਰੀ ਕਰ ਲਈ ਸੀ,  ਇਸ ਲਈ ਉਨ੍ਹਾਂ  ਨੇ ਹੇਠਲੀ ਅਦਾਲਤ ਦੇ ਫੈਸਲੇ ਵਿਰੁਧ ਅਪੀਨਹੀਂ ਕੀਤੀ ਸੀ। ਜਦਕਿ ਇਸ ਮਾਮਲੇ ਵਿਚ ਨਾਮਜ਼ਦ ਡਾ. ਆਸਾ ਸਿੰਘ ਨੂੰ ਸਾਲ 2014 ਵਿਚ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਸੀ। ਇਸ ਮਾਮਲੇ ਵਿਚ ਗੁਰਜੰਟ ਸਿੰਘ, ਹਰਜਿੰਦਰ ਸਿੰਘ ਕਾਲੀ, ਮਾਨ ਸਿੰਘ ਢੋਲੇਵਾਲ, ਹਰਭਜਨ ਸਿੰਘ, ਸਰੂਪ ਸਿੰਘ, ਬਲਵਿੰਦਰ ਸਿੰਘ, ਸੇਵਾ ਸਿੰਘ, ਅਵਤਾਰ ਸਿੰਘ ਅਤੇ ਮੋਹਣ ਸਿੰਘ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ। ਪੁਲੀਸ ਵੱਲੋਂ ਬੈਂਕ ਡਕੈਤੀ ਤੋਂ ਕਾਫੀ ਸਮੇਂ ਬਾਅਦ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ, ਪਰ ਅਦਾਲਤ ਵੱਲੋਂ ਕੁੱਝ ਮਹੀਨਿਆਂ ਬਾਅਦ ਇਨ੍ਹਾਂ ਨੂੰ ਜ਼ਮਾਨਤਾਂ ਦੇ ਦਿੱਤੀਆਂ ਸਨ। ਸਥਾਨਕ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੁਲੀਸ ਨੇ ਇਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਜੇਲ੍ਹ ਭੇਜ ਦਿੱਤਾ ਸੀ ਤੇ ਅੱਜ ਕੱਲ੍ਹ ਇਹ ਸਾਰੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਨ।
ਸਜ਼ਾ ਦੇ ਖਿਲਾਫ ਇਨ੍ਹਾਂ 10 ਸਿੱਖਾਂ ਨੇ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕਰ ਦਿੱਤੀ, ਜਿਥੇ ਜਸਟਿਸ ਪਿਨਾਕੀ ਘੋਸ਼ ਅਤੇ ਜਸਟਿਸ ਨਾਰੀਮਾਨ ਦੇ ਦੋਹਰੇ ਬੈਂਚ ਨੇ ਇਨ੍ਹਾਂ ਨੂੰ ਬਾ-ਇੱਜ਼ਤ ਬਰੀ ਕਰ ਦਿੱਤਾ। ਇਨ੍ਹਾਂ ਵਿਅਕਤੀਆਂ ਵੱਲੋਂ ਸਰਕਾਰ ਨੂੰ ਵੀ ਸਜ਼ਾ ਖਾਰਜ ਕਰਨ ਦੀ ਅਪੀਲ ਕੀਤੀ ਗਈ ਸੀ, ਪਰ ਸਰਕਾਰ ਵੱਲੋਂ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਸੀ। ਫੈਸਲਾ ਆਉਣ ਤੋਂ ਬਾਅਦ ਹੁਣ ਆਉਂਦੇ ਇਕ ਦੋ ਦਿਨਾਂ ਤੱਕ ਇਨ੍ਹਾਂ ਦੀ ਰਿਹਾਈ ਹੋ ਜਾਵੇਗੀ।
ਵਰਨਣਯੋਗ ਹੈ ਕਿ 12 ਫਰਵਰੀ 1987 ਨੂੰ ਭਾਰਤ ਦੀ ਸਭ ਤੋਂ ਵੱਡੀ ਹੋਈ ਡਕੈਤੀ ਵਿਚ 5 ਕਰੋੜ 70 ਲੱਖ ਰੁਪਏ ਲੁੱਟ ਲਿਆ ਗਿਆ ਸੀ। ਪੁਲੀਸ ਵੱਲੋਂ ਇਸ ਮਾਮਲੇ ਵਿਚ 45 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿਨ੍ਹਾਂ ਵਿਚ ਭਾਈ ਦਲਜੀਤ ਸਿੰਘ ਉਰਫ਼ ਬਿੱਟੂ, ਹਰਜਿੰਦਰ ਸਿੰਘ ਕਾਲੀ, ਗੁਰਸ਼ਰਨ ਸਿੰਘ ਉਰਫ਼ ਗਾਮਾ, ਬਲਵਿੰਦਰ ਸਿੰਘ, ਮੋਹਨ ਸਿੰਘ ਮੋਹਣੀ, ਸਰੂਪ ਸਿੰਘ, ਗੁਰਜੰਟ ਸਿੰਘ, ਅਵਤਾਰ ਸਿੰਘ, ਹਰਭਜਨ ਸਿੰਘ, ਸੇਵਾ ਸਿੰਘ, ਆਸਾ ਸਿੰਘ, ਮਾਨ ਸਿੰਘ, ਵਿਜੈਪਾਲ ਸਿੰਘ, ਮਹੇਸ਼ਇੰਦਰ ਸਿੰਘ ਉਰਫ਼ ਮੇਸ਼ੀ, ਜਗੀਰ ਸਿੰਘ ਉਰਫ਼ ਢਿੱਲੋਂ, ਬਲਜੀਤ ਸਿੰਘ, ਅਜੈਬ ਸਿੰਘ, ਇੰਦਰਜੀਤ ਸਿੰਘ, ਕਰਮ ਸਿੰਘ ਉਰਫ਼ ਢਿੱਲੋਂ, ਹਰਜਿੰਦਰ ਸਿੰਘ ਉਰਫ਼ ਜਿੰਦਾ, ਬਾਬਾ ਦਲੀਪ ਸਿੰਘ, ਸੁਖਦੇਵ ਸਿੰਘ ਉਰਫ਼ ਲਾਭ ਸਿੰਘ, ਚਰਨਜੀਤ ਸਿੰਘ ਉਰਫ਼ ਚੰਨੀ, ਜਸਪਾਲ ਸਿੰਘ ਉਰਫ ਧੰਨਾ ਸਿੰਘ, ਜਗਤਾਰ ਸਿੰਘ, ਬਲਵੀਰ ਸਿੰਘ, ਸੁਰਜੀਤ ਸਿੰਘ ਉਰਫ਼ ਸਰਪੰਚ, ਗੁਰਦਿਆਲ ਸਿੰਘ, ਆਤਮਜੋਤ ਸਿੰਘ, ਸਤਨਾਮ ਸਿੰਘ ਉਰਫ਼ ਬਾਵਾ, ਮਨਜੀਤ ਸਿੰਘ ਉਰਫ਼ ਮੰਜੂ, ਅਵਤਾਰ ਸਿੰਘ ਉਰਫ਼ ਬਾਠ, ਗੁਰਜੀਤ ਸਿੰਘ ਉਰਫ ਜੋਕ ਹਰੀ, ਮਨਜੀਤ ਸਿੰਘ, ਬਾਬਾ ਦਲਵੀਰ ਸਿੰਘ, ਗੁਰਮੇਲ ਸਿੰਘ, ਪ੍ਰਿਥੀਪਾਲ ਸਿੰਘ, ਹਰਜਿੰਦਰ ਸਿੰਘ ਉਰਫ਼ ਟੁੰਡਾ, ਜਸਵਿੰਦਰ ਸਿੰਘ ਉਰਫ਼ ਜੱਸੀ, ਰਣਬੀਰ ਸਿੰਘ ਉਰਫ਼ ਰੋਮੀ, ਬਲਵੀਰ ਸਿੰਘ ਖਮਾਣੋ, ਰਣਧੀਰ ਸਿੰਘ ਉਰਫ਼ ਧੀਰੂ, ਜਗਜੀਤ ਸਿੰਘ ਅਤੇ ਹਰਦੇਵ ਸਿੰਘ ਉਰਫ਼ ਪੰਜਵੜ ਖਿਲਾਫ਼ ਪੁਲੀਸ ਨੇ ਥਾਣਾ ਡਿਵੀਜਨ ਨੰ: 6 ਵਿਚ 12 ਫਰਵਰੀ 1987 ਨੂੰ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਬੈਂਕ ਡਕੈਤੀ ਵਿਚ 5 ਕਰੋੜ 68 ਲੱਖ 91 ਹਜ਼ਾਰ 416 ਰੁਪਏ ਦੀ ਰਕਮ ਲੁੱਟੀ ਗਈ ਸੀ। ਪੁਲੀਸ ਵੱਲੋਂ ਬਾਅਦ ਵਿਚ ਇਸ ਰਕਮ ਵਿਚੋਂ 67 ਲੱਖ 8 ਹਜ਼ਾਰ 876 ਰੁਪਏ ਬਰਾਮਦ ਕਰ ਲਏ ਗਏ ਸਨ। ਪੰਜਾਬ
ਪੁਲੀਸ ਦੀ ਸਿਫਾਰਸ਼ ਤੇ ਉਸ ਵੇਲੇ ਦੇਸ਼ ਦੀ ਹੋਈ ਇਸ ਸਭ ਤੋਂ ਵੱਡੀ ਡਕੈਤੀ ਦੀ ਜਾਂਚ ਦਾ ਕੰਮ ਸੀ.ਬੀ.ਆਈ. ਨੂੰ ਸੌਂਪਿਆ ਗਿਆ ਸੀ ਅਤੇ ਸੀ.ਬੀ.ਆਈ. ਵੱਲੋਂ ਇਸ ਮਾਮਲੇ ਵਿਚ 14 ਜੁਲਾਈ 1988, 22 ਅਕਤੂਬਰ 1991 ਤੇ 24 ਸਤੰਬਰ 1996 ਨੂੰ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ਮਾਮਲੇ ਵਿਚ ਅਦਾਲਤ ਵੱਲੋਂ ਵਿਜੈਪਾਲ ਸਿੰਘ, ਮਹੇਸ਼ਇੰਦਰ ਸਿੰਘ ਮੇਸ਼ੀ ਤੇ ਸੁਰਜੀਤ ਸਿੰਘ ਨੂੰ ਭਗੌੜਾ ਕਰਾਰ ਵੀ ਦਿੱਤਾ ਗਿਆ ਸੀ, ਜਦਕਿ ਗੁਰਮੇਲ ਸਿੰਘ ਵਾਅਦਾ ਮਾਫ਼ ਗਵਾਹ ਬਣ ਗਿਆ ਸੀ। ਨਾਮਜ਼ਦ ਮੁਲਜ਼ਮਾਂ ਵਿਚੋਂ ਸੀ.ਬੀ.ਆਈ. ਵੱਲੋਂ ਜਗੀਰ ਸਿੰਘ ਢਿੱਲੋਂ, ਬਲਜੀਤ ਸਿੰਘ, ਅਜੈਬ ਸਿੰਘ, ਇੰਦਰਜੀਤ ਸਿੰਘ, ਕਰਨ ਸਿੰਘ, ਕਰਮ ਸਿੰਘ ਢਿੱਲੋਂ ਨੂੰ ਸੀ.ਬੀ.ਆਈ. ਵੱਲੋਂ ਡਿਸਚਾਰਜ ਕਰ ਦਿੱਤਾ ਗਿਆ ਸੀ, ਜਦਕਿ ਇਸ ਮਾਮਲੇ ਵਿਚ ਨਾਮਜ਼ਦ 24 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚ ਮੁੱਖ ਤੌਰ ‘ਤੇ ਚਰਨਜੀਤ ਸਿੰਘ ਚੰਨੀ, ਹਰਜਿੰਦਰ ਸਿੰਘ ਜਿੰਦਾ, ਲਾਭ ਸਿੰਘ, ਮਲਕੀਤ ਸਿੰਘ ਰਾਜਸਥਾਨੀ ਸ਼ਾਮਲ ਸਨ। ਸ. ਚੰਨੀ ਨੂੰ ਪੁਲੀਸ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ ਗਿਆ ਸੀ, ਜਦਕਿ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਜਨਰਲ ਵੈਦਿਆ ਦੇ ਕਤਲ ਦੇ ਮਾਮਲੇ ਵਿਚ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਸੀ। ਲਾਭ ਸਿੰਘ ਤੇ ਮਲਕੀਤ ਸਿੰਘ ਵੀ ਪੁਲੀਸ ਮੁਕਾਬਲਿਆਂ ਵਿਚ ਸ਼ਹੀਦ ਹੋ ਗਏ ਸਨ।