ਬਾਦਲ-ਸਿੱਧੂ ਦੀਆਂ ਰੈਲੀਆਂ ‘ਚ ਭਾਰੀ ਭੀੜ ਦੇ ਦਾਅਵੇ, ਖ਼ਰਚ ਮਹਿਜ਼ 3-4 ਹਜ਼ਾਰ

ਬਾਦਲ-ਸਿੱਧੂ ਦੀਆਂ ਰੈਲੀਆਂ ‘ਚ ਭਾਰੀ ਭੀੜ ਦੇ ਦਾਅਵੇ, ਖ਼ਰਚ ਮਹਿਜ਼ 3-4 ਹਜ਼ਾਰ

ਆਮਦਨ ਕਰ ਵਿਭਾਗ ਨੇ 300 ਉਮੀਦਵਾਰਾਂ ਖ਼ਿਲਾਫ਼ ਸ਼ਿਕੰਜਾ ਕੱਸਿਆ
ਚੰਡੀਗੜ੍ਹ/ਬਿਊਰੋ ਨਿਊਜ਼ :
ਚੋਣ ਰੌਲੇ  ਵਿਚ ਆਪਣੀ ਹਰੇਕ ਰੈਲੀ ਨੂੰ ਦੂਸਰਿਆਂ ਨਾਲੋਂ ਵੱਡੀ ਦੱਸਣ ਵਾਲੇ ਆਗੂ ਜਦੋਂ ਹਿਸਾਬ ਦੇਣ ਲੱਗੇ ਤਾਂ ਚਾਲਾਕੀਆਂ ‘ਤੇ ਉਤਰ ਆਏ। ਸਿਰਫ਼ 2768 ਰੁਪਏ, ਜਿਸ, ਵਿਚ ਕਿਸੇ ਪਰਿਵਾਰ ਦਾ ਛੋਟਾ-ਮੋਟਾ ਇਕੱਠ ਹੁੰਦਾ ਹੈ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਏਨੇ ਵਿਚ ਨਾਮਜ਼ਦਗੀ ਮਗਰੋਂ ਲੰਬੀ ਵਿਚ ਆਪਣੀ ਪਹਿਲੀ ਰੈਲੀ ਕਰ ਗਏ। ਠੀਕ ਅਜਿਹੀ ਹੀ ਚਾਲਾਕੀ ਨਵਜੋਤ ਸਿੰਘ ਸਿੱਧੂ ਨੇ ਵੀ ਕੀਤੀ। ਉਨ੍ਹਾਂ ਨੇ 21 ਜਨਵਰੀ ਨੂੰ ਅੰਮ੍ਰਿਤਸਰ ਈਸਟ ਹਲਕੇ ਦੇ ਈਸਟ ਮੋਹਨ ਨਗਰ ਵਿਚ ਜੋ ਰੈਲੀ ਕੀਤੀ, ਉਸ ਦਾ ਕੁੱਲ ਖ਼ਰਚ 4135 ਰੁਪਏ ਦਰਸਾਇਆ ਹੈ। ਕਾਂਗਰਸ ਨੇ ਉਦੋਂ ਇਸ ਰੈਲੀ ਬਾਰੇ ਦਾਅਵਾ ਕੀਤਾ ਸੀ ਕਿ ਇਸ ਵਿਚ ਪੰਜ ਹਜ਼ਾਰ ਤੋਂ ਜ਼ਿਆਦਾ ਲੋਕ ਸਨ। ਹੁਣ ਇਹ ਗੱਲਾਂ ਚੋਣ ਕਮਿਸ਼ਨ ਨੂੰ ਰੜਕ ਰਹੀਆਂ ਹਨ।
ਚੋਣ ਖ਼ਰਚਿਆਂ ਲਈ ਖੋਲ੍ਹੇ ਗਏ ਬੈਂਕ ਖਾਤਿਆਂ ਵਿਚੋਂ ਹਫ਼ਤੇ ਵਿਚ ਸਿਰਫ਼ 24 ਹਜ਼ਾਰ ਨਿਕਲ ਸਕਦਾ ਸੀ। ਸਿੱਧੂ ਨੇ ਚੋਣ ਕਮਿਸ਼ਨ ਨੂੰ ਚੋਣ ਖ਼ਰਚ ਦਾ ਜੋ ਬਿਊਰਾ ਦਿੱਤਾ ਹੈ, ਉਸ ਮੁਤਾਬਕ ਉਹ 23 ਜਨਵਰੀ ਨੂੰ ਇੰਡੀਅਨ ਓਵਰਸੀਜ਼ ਬੈਂਕ ਤੋਂ ਇਕ ਲੱਖ ਰੁਪਏ ਨਗਦ ਲਿਆਏ। ਨੋਟਬੰਦੀ ਦੇ ਅਸਰ ਵਿਚ ਅੰਮ੍ਰਿਤਸਰ ਦੇ ਮੁਕਾਬਲੇ ਲੰਬੀ ਦੇ ਬੈਂਕਾਂ ਵਿਚ ਨਗਦੀ ਦੀ ਕਿਲਤ ਸੀ, ਇਸ ਲਈ ਮੁੱਖ ਮੰਤਰੀ 12 ਜਨਵਰੀ ਨੂੰ ਸੈਂਟਰਲ ਬੈਂਕ ਆਫ਼ ਇੰਡੀਆ ਵਿਚ ਆਪਣੇ ਖਾਤੇ ਵਿਚੋਂ ਦੋ ਚੈੱਕਾਂ ਰਾਹੀਂ 15000 ਰੁਪਏ ਨਗਦ ਕਢਵਾ ਸਕੇ। ਉਨ੍ਹਾਂ ਨੇ ਐਚ.ਡੀ.ਐਫ.ਸੀ. ਰਾਹੀਂ 5 ਲੱਖ ਰੁਪਏ ਮੰਗੇ।
ਉਧਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ‘ਧਨ ਸ਼ਕਤੀ’ ਦਾ ਦਿਖਾਵਾ ਕਰਨ ਵਾਲੇ ਉਮੀਦਵਾਰਾਂ ਦੁਆਲੇ ਆਮਦਨ ਕਰ ਵਿਭਾਗ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ ਅਤੇ ਕੁੱਝ ਆਜ਼ਾਦ ਉਮੀਦਵਾਰਾਂ ਸਮੇਤ 300 ਦੇ ਕਰੀਬ ਉਮੀਦਵਾਰਾਂ ਨੂੰ ਆਮਦਨ ਕਰ ਵਿਭਾਗ ਨੇ ਨੋਟਿਸ ਜਾਰੀ ਕੀਤੇ ਹਨ। ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਦਿਆਂ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ।
ਜਮਹੂਰੀ ਸੁਧਾਰਾਂ ਸਬੰਧੀ ਕੰਮ ਕਰਨ ਵਾਲੀ ਗ਼ੈਰ ਸਰਕਾਰੀ ਸੰਸਥਾ ‘ਏਡੀਆਰ’ ਨੇ ਸਮੂਹ ਉਮੀਦਵਾਰਾਂ ਵੱਲੋਂ ਰਿਟਰਨਿੰਗ ਅਫ਼ਸਰਾਂ ਨੂੰ ਦਿੱਤੇ ਹਲਫੀਆ ਬਿਆਨਾਂ ਦੇ ਆਧਾਰ ‘ਤੇ ਜੋ ਰਿਪੋਰਟ ਤਿਆਰ ਕੀਤੀ ਹੈ, ਉਸ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਜ਼ਿਆਦਾ 93 ਫੀਸਦੀ ਉਮੀਦਵਾਰ ਕਰੋੜਪਤੀ ਹਨ। ਕਾਂਗਰਸ ਦੇ 88 ਫੀਸਦੀ, ਭਾਜਪਾ ਦੇ 87 ਫੀਸਦੀ, ਆਮ ਆਦਮੀ ਪਾਰਟੀ ਦੇ 63 ਫੀਸਦੀ, ਆਪਣਾ ਪੰਜਾਬ ਪਾਰਟੀ ਦੇ 31 ਫੀਸਦੀ, ਆਜ਼ਾਦ 23 ਫੀਸਦੀ ਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ 22 ਫੀਸਦੀ ਉਮੀਦਵਾਰਾਂ ਨੇ ਕਰੋੜਪਤੀ ਹੋਣ ਦਾ ਦਾਅਵਾ ਕੀਤਾ ਹੈ। ਵਿਧਾਨ ਸਭਾ ਚੋਣਾਂ ਵਿੱਚ ਉਤਰੇ 178 ਉਮੀਦਵਾਰਾਂ ਨੇ 5 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਹੋਣ ਦਾ ਗੱਲ ਕਹੀ। 136 ਉਮੀਦਵਾਰਾਂ ਨੇ ਦੋ ਤੋਂ ਪੰਜ ਕਰੋੜ ਰੁਪਏ ਦਰਮਿਆਨ ਜਾਇਦਾਦ ਦੱਸੀ, ਜਦੋਂ ਕਿ 252 ਉਮੀਦਵਾਰ 50 ਲੱਖ ਤੋਂ 2 ਕਰੋੜ ਤੱਕ ਦੀ ਜਾਇਦਾਦ ਵਾਲੇ ਹਨ, 10 ਲੱਖ ਤੋਂ 50 ਲੱਖ ਤੱਕ ਦੀ ਜਾਇਦਾਦ ਵਾਲੇ 238 ਅਤੇ 10 ਲੱਖ ਤੋਂ ਘੱਟ ਵਾਲਿਆਂ ਦੀ ਗਿਣਤੀ 341 ਹੈ।
ਭਾਰਤੀ ਜਨਤਾ ਪਾਰਟੀ ਦੀ ਭੋਆ ਤੋਂ ਉਮੀਦਵਾਰ ਸੀਮਾ ਕੁਮਾਰੀ ਦੇ ਅਸਾਸਿਆਂ ਵਿੱਚ ਹੈਰਾਨੀਜਨਕ ਵਾਧਾ ਹੋਇਆ ਸੀ। ਇਸ ਵਿਧਾਇਕ ਨੇ ਸਾਲ 2012 ਦੌਰਾਨ 2 ਲੱਖ 81 ਹਜ਼ਾਰ 55 ਰੁਪਏ ਦੀ ਸੰਪਤੀ ਐਲਾਨੀ ਸੀ। ਪੰਜ ਸਾਲਾਂ ਦੌਰਾਨ ਉਸ ਦੀ ਸੰਪਤੀ 81 ਲੱਖ 1 ਹਜ਼ਾਰ 719 ਰੁਪਏ ਹੋ ਗਈ। ਇਹ ਵਾਧਾ 2783 ਫੀਸਦੀ ਬਣਦਾ ਹੈ। ਸੂਤਰਾਂ ਮੁਤਾਬਕ ਆਮਦਨ ਕਰ ਵਿਭਾਗ ਵੱਲੋਂ ਇਹ ਕਾਰਵਾਈ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਹਲਫੀਆ ਬਿਆਨਾਂ ਵਿੱਚ ਜਾਇਦਾਦਾਂ ਦੇ   ਕੀਤੇ ਖੁਲਾਸਿਆਂ ਦੇ ਆਧਾਰ ਉਤੇ ਕੀਤੀ ਹੈ। ਹਲਫ਼ੀਆ ਬਿਆਨਾਂ ਵਿੱਚ ਦਰਜ ਜਾਇਦਾਦ ਦੇ ਵੇਰਵੇ ਆਮਦਨ ਕਰ ਵਿਭਾਗ ਨੇ ਇਕੱਤਰ ਕਰ ਲਏ ਹਨ। ਉਮੀਦਵਾਰਾਂ ਨੂੰ ਜਾਇਦਾਦ ਤੇ ਆਮਦਨ ਦੇ ਸਰੋਤ ਦਾ ਵੇਰਵਾ ਦੇਣ ਲਈ ਕਿਹਾ ਗਿਆ ਹੈ। ਵਿਭਾਗ ਨੇ ਉਨ੍ਹਾਂ ਉਮੀਦਵਾਰਾਂ ਦੇ ਅਸਾਸਿਆਂ ‘ਤੇ  ਖਾਸ ਤੌਰ ‘ਤੇ ਨਜ਼ਰ ਮਾਰੀ ਹੈ, ਜਿਨ੍ਹਾਂ ਦੀ ਜਾਇਦਾਦ ਤੇ ਆਮਦਨ ਪਿਛਲੇ ਸਾਲਾਂ ਦੌਰਾਨ ਛੜੱਪੇ ਮਾਰ ਕੇ ਵਧੀ ਹੈ। ਨੋਟਿਸ ਹਾਸਲ ਕਰਨ ਵਾਲੇ ਕੁੱਝ ਉਮੀਦਵਾਰਾਂ ਨੇ ਚੋਣ ਕਮਿਸ਼ਨ ਕੋਲ ਵੀ ਇਹ ਦੁੱਖ ਰੋਇਆ ਕਿ ਉਨ੍ਹਾਂ ਲਈ ਬੇਵਜ੍ਹਾ ਸਿਰਦਰਦੀ ਪੈਦਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਰਾਣਾ ਗੁਰਜੀਤ ਸਿੰਘ, ਸ਼ਾਮ ਸੁੰਦਰ ਅਰੋੜਾ, ਸੁਨੀਲ ਕੁਮਾਰ ਜਾਖੜ, ਬਿਕਰਮ ਸਿੰਘ ਮਜੀਠੀਆ, ਸੁਰਿੰਦਰ ਕੁਮਾਰ ਡਾਵਰ, ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਕੇਵਲ ਸਿੰਘ ਢਿੱਲੋਂ, ਰਾਜਿੰਦਰ ਕੌਰ ਭੱਠਲ, ਅਮਰਪਾਲ ਬੋਨੀ ਅਜਨਾਲਾ, ਵਿਰਸਾ ਸਿੰਘ ਵਲਟੋਹਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਜਾਇਦਾਦ ਦੇ ਵਾਧੇ ਬਾਰੇ ਏਡੀਆਰ ਨੇ ਵੀ ਆਪਣੀ ਰਿਪੋਰਟ ਵਿੱਚ ਜ਼ਿਕਰ ਕੀਤਾ ਸੀ। ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਨੋਟਿਸ ਵਾਲੇ ਉਮੀਦਵਾਰਾਂ ਵਿੱਚ ਇਨ੍ਹਾਂ ਰਾਜਸੀ ਹਸਤੀਆਂ ਦਾ ਨਾਮ ਸ਼ਾਮਲ ਹਨ ਜਾਂ ਨਹੀਂ।
93 ਸਿਆਸਤਦਾਨਾਂ ਦੀ ਸੰਪਤੀ ਵਿੱਚ ਰਿਕਾਰਡ ਵਾਧਾ
ਪੰਜਾਬ ਵਿੱਚ 10 ਸਾਲ ਵਿਰੋਧੀ ਧਿਰ ਵਿੱਚ ਰਹਿਣ ਵਾਲੀ ਕਾਂਗਰਸ ਦੇ 41 ਉਮੀਦਵਾਰਾਂ ਦੇ ਅਸਾਸੇ ਪੰਜ ਸਾਲਾਂ ਦੌਰਾਨ 35.64 ਫੀਸਦੀ ਦੇ ਹਿਸਾਬ ਨਾਲ ਵਧੇ ਹਨ। ਸ਼੍ਰੋਮਣੀ ਅਕਾਲੀ ਦਲ ਦੇ 41 ਉਮੀਦਵਾਰਾਂ ਦੇ ਅਸਾਸੇ 17.26 ਫੀਸਦੀ ਤੇ ਭਾਜਪਾ ਦੇ 9 ਉਮੀਦਵਾਰਾਂ ਦੇ ਅਸਾਸਿਆਂ ਵਿੱਚ 44 ਫੀਸਦੀ ਵਾਧਾ ਹੋਇਆ ਹੈ। ਲੁਧਿਆਣਾ ਦੇ ਬੈਂਸ ਭਰਾਵਾਂ ਦੀ ਜਾਇਦਾਦ ਵਿੱਚ 43.91 ਫੀਸਦੀ ਦਾ ਵਾਧਾ ਦਰਜ ਹੋਇਆ ਹੈ। ਸਰਕਾਰ ਨਾਲ ਟਕਰਾਅ ਦੇ ਬਾਵਜੂਦ ਵਿਰੋਧੀ ਧਿਰ ਦੇ ਵਿਧਿÂਕਾਂ ਦੀ ਜਾਇਦਾਦ ਵਧਣੀ ਹੈਰਾਨੀ ਦਾ ਵਿਸ਼ਾ ਹੈ।
ਨੋਟਿਸ ਦੇਣ ਲਈ ਅਨੋਖਾ ਢੰਗ
ਆਮਦਨ ਕਰ ਵਿਭਾਗ ਨੇ ਉਮੀਦਵਾਰਾਂ ਨੂੰ ਨੋਟਿਸ ਦੇਣ ਲਈ  ਰਾਹ ਵੀ ਅਨੋਖਾ ਲੱਭਿਆ ਹੈ। ਸੂਤਰਾਂ ਦਾ ਦੱਸਣਾ ਹੈ ਕਿ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫ਼ਸਰਾਂ ਨੂੰ ਨੋਟਿਸ ਸੌਂਪਦਿਆਂ ਇਹ ਜ਼ਰੂਰੀ ਬਣਾਉਣ ਲਈ ਕਿਹਾ ਹੈ ਕਿ ਨੋਟਿਸ  ਸਬੰਧਤ ਉਮੀਦਵਾਰ ਤੱਕ ਹਰ ਹੀਲੇ ਪਹੁੰਚ ਜਾਣਾ ਚਾਹੀਦਾ ਹੈ। ਨੋਟਿਸ ਮਿਲਣ ਤੋਂ ਕਈ ਉਮੀਦਵਾਰ ਬਹੁਤ ਨਾਖੁਸ਼ ਹਨ। ਕਈਆਂ ਨੇ ਇਸ ਸਬੰਧੀ ਮੁੱਖ ਚੋਣ ਅਫਸਰ ਕੋਲ ਸ਼ਿਕਵੇ ਵੀ ਕੀਤੇ ਹਨ।