ਏਸ਼ੀਆ ਕੱਪ ਹਾਕੀ ‘ਚ ਭਾਰਤ ਨੇ ਪਾਕਿ ਨੂੰ 3-1 ਨਾਲ ਹਰਾਇਆ

ਏਸ਼ੀਆ ਕੱਪ ਹਾਕੀ ‘ਚ ਭਾਰਤ ਨੇ ਪਾਕਿ ਨੂੰ 3-1 ਨਾਲ ਹਰਾਇਆ

ਢਾਕਾ/ਬਿਊਰੋ ਨਿਊਜ਼ :
2 ਆਸਾਨ ਜਿੱਤਾਂ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਨੇ ਏਸ਼ੀਆ ਕੱਪ ਹਾਕੀ ਵਿਚ ਪਾਕਿਸਤਾਨ ਦੀ ਟੀਮ ਨੂੰ 3-1 ਦੇ ਫ਼ਰਕ ਨਾਲ ਹਰਾ ਦਿੱਤਾ। ਭਾਰਤ ਵਲੋਂ ਚਿੰਗਲੇਨ ਕਾਂਗਜੇਮ ਨੇ ਪਹਿਲਾ ਗੋਲ ਦਾਗਿਆ ਜਦਕਿ ਦੂਜਾ ਗੋਲ ਰਮਨਦੀਪ ਸਿੰਘ ਨੇ ਕੀਤਾ। ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਭਾਰਤੀ ਟੀਮ ਨੇ ਪੂਲ-ਏ ਵਿਚ ਬੰਗਲਾਦੇਸ਼ ਤੇ ਜਾਪਾਨ ‘ਤੇ ਵੀ ਧਮਾਕੇਦਾਰ ਜਿੱਤਾਂ ਦਰਜ ਕੀਤੀਆਂ ਸਨ। ਸ਼ੁਰੂਆਤੀ ਮੈਚ ਵਿਚ ਜਾਪਾਨ ਨੂੰ 5-1 ਨਾਲ ਹਰਾਉਣ ਤੋਂ ਬਾਅਦ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਬੰਗਲਾਦੇਸ਼ ਨੂੰ 7-0 ਨਾਲ ਮਾਤ ਦਿੱਤੀ। ਦੂਜੇ ਪਾਸੇ ਪਾਕਿਸਤਾਨ ਨੇ ਬੰਗਲਾਦੇਸ਼ ਨੂੰ 7-0 ਨਾਲ ਹਰਾਇਆ ਜਦਕਿ ਜਾਪਾਨ ਨੇ ਉਸ ਨੂੰ 2-2 ਨਾਲ ਡ੍ਰਾ ‘ਤੇ ਰੋਕਿਆ। ਭਾਰਤ ਪੂਲ-ਏ ਵਿਚ 6 ਅੰਕਾਂ ਦੇ ਨਾਲ ਚੋਟੀ ਦੇ ਸਥਾਨ ‘ਤੇ ਹੈ ਜਦਕਿ ਪਾਕਿਸਤਾਨ ਚਾਰ ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਭਾਰਤ ਦੋ ਜਿੱਤਾਂ ਨਾਲ ਸੁਪਰ ਚਾਰ ਵਿਚ ਕੁਆਲੀਫਾਈ ਕਰ ਚੁੱਕਾ ਹੈ ਪਰ ਕੋਚ ਸ਼ੋਰਡ ਮਾਰਿਨ ਦੀ ਟੀਮ ਸਾਰੇ ਮੈਚ ਜਿੱਤ ਕੇ ਪੂਲ ਵਿਚ ਅਜੇਤੂ ਰਹਿਣਾ ਚਾਹੇਗੀ। ਪਹਿਲੇ 2 ਮੈਚਾਂ ਵਿਚ ਭਾਰਤ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਦਿਖਾਇਆ ਤੇ ਕਈ ਮੌਕੇ ਬਣਾਏ। ਭਾਰਤ ਨੇ ਕੁਝ ਵਧੀਆ ਫੀਲਡ ਗੋਲ ਕੀਤੇ ਪਰ ਪੈਨਲਟੀ ਕਾਰਨਰ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ। ਬੰਗਲਾਦੇਸ਼ ਖ਼ਿਲਾਫ਼ 13 ਪੈਨਲਟੀ ਕਾਰਨਰ ਮਿਲੇ ਪਰ ਸਿਰਫ਼ ਦੋ ‘ਤੇ ਹੀ ਗੋਲ ਹੋ ਸਕੇ। ਭਾਰਤ ਨੇ ਪਾਕਿਸਤਾਨ ਨੂੰ ਲੰਡਨ ਵਿਚ ਜੂਨ ਮਹੀਨੇ ਹਾਕੀ ਵਿਸ਼ਵ ਲੀਗ ਸੈਮੀਫਾਈਨਲ ਵਿਚ 5ਵੇਂ ਤੋਂ 8ਵੇਂ ਸਥਾਨ ਦੇ ਮੁਕਾਬਲੇ ਵਿਚ 6-1 ਨਾਲ ਹਰਾਇਆ ਸੀ ਜਿਸ ਕਾਰਨ ਪਾਕਿਸਤਾਨ ਨੂੰ ਅਗਲੇ ਸਾਲ ਭੁਵਨੇਸ਼ਵਰ ਵਿਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਵਿਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ।