ਮੁਜ਼ੱਫਰਨਗਰ ਹਾਦਸੇ ‘ਚ 24 ਜਾਨਾਂ ਗਈਆਂ, 150 ਤੋਂ ਵੱਧ ਜ਼ਖ਼ਮੀ

ਮੁਜ਼ੱਫਰਨਗਰ ਹਾਦਸੇ ‘ਚ 24 ਜਾਨਾਂ ਗਈਆਂ, 150 ਤੋਂ ਵੱਧ ਜ਼ਖ਼ਮੀ

ਮੁਜ਼ੱਫ਼ਰਗੜ੍ਹ ਵਿੱਚ ਖਤੌਲੀ ਨੇੜੇ ਹੋਏ ਰੇਲ ਹਾਦਸੇ ਵਿਚ ਸੁਰੱਖਿਅਤ ਬਚੀ ਇਕ ਮਹਿਲਾ ਮੰਦਰ ਵਿੱਚ ਉਦਾਸ ਬੈਠੀ ਹੋਈ।

ਮੁਜ਼ੱਫਰਨਗਰ/ਨਵੀਂ ਦਿੱਲੀ/ਬਿਊਰੋ ਨਿਊਜ਼ :
ਹਾਲੀਆ ਸਮਿਆਂ ਦੇ ਸਭ ਤੋਂ ਭਿਆਨਕ ਰੇਲ ਹਾਦਸਿਆਂ ਵਿੱਚੋਂ ਇਕ ਉਤਕਲ ਐਕਸਪ੍ਰੈੱਸ ਦੇ ਲੀਹੋਂ ਲੱਥਣ ਪਿੱਛੇ ਸਥਾਨਕ ਪੱਧਰ ਉਤੇ ਹੋਈ ਅਣਗਹਿਲੀ ਜ਼ਿੰਮੇਵਾਰ ਹੈ। ਇਸ ਹਾਦਸੇ ਵਿੱਚ 24 ਜਣਿਆਂ ਦੀ ਜਾਨ ਗਈ ਅਤੇ 150 ਤੋਂ ਵੱਧ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚੋਂ 26 ਦੀ ਹਾਲਤ ਗੰਭੀਰ ਹੈ। ਇਸ ਦੌਰਾਨ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਆਰ.ਐਨ. ਕੁਲਸ੍ਰੇਸ਼ਠ ਨੂੰ ਛੁੱਟੀ ਉਤੇ ਭੇਜ ਦਿੱਤਾ ਗਿਆ ਅਤੇ ਉੱਤਰ ਰੇਲਵੇ ਦੇ ਚੀਫ ਟਰੈਕ ਇੰਜਨੀਅਰ ਦਾ ਤਬਾਦਲਾ ਕਰ ਦਿੱਤਾ ਗਿਆ। ਡਿਵੀਜ਼ਨਲ ਰੇਲਵੇ ਮੈਨੇਜਰ (ਦਿੱਲੀ) ਤੇ ਮੈਂਬਰ ਇੰਜਨੀਅਰ (ਰੇਲਵੇ ਬੋਰਡ) ਨੂੰ ਵੀ ਛੁੱਟੀ ਉਤੇ ਭੇਜਿਆ ਗਿਆ ਹੈ। ਰੇਲ ਪਟੜੀਆਂ ਦੀ ਮੁਰੰਮਤ ਲਈ ਜ਼ਿੰਮੇਵਾਰ ਜੂਨੀਅਰ ਇੰਜਨੀਅਰ ਅਤੇ ਸੀਨੀਅਰ ਸੈਕਸ਼ਨ ਇੰਜਨੀਅਰ (ਪਰਮਾਨੈਂਟ ਵੇਅ), ਸਹਾਇਕ ਇੰਜਨੀਅਰ ਅਤੇ ਸੀਨੀਅਰ ਡਿਵੀਜ਼ਨਲ ਇੰਜਨੀਅਰ ਨੂੰ ਮੁਅੱਤਲ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਰੇਲ ਮੰਤਰੀ ਸੁਰੇਸ਼ ਪ੍ਰਭੂ ਵੱਲੋਂ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਮੁੱਢਲੀ ਨਜ਼ਰੇ ਮਿਲੇ ਸਬੂਤਾਂ ਦੇ ਆਧਾਰ ਉਤੇ ਅੱਜ ਸ਼ਾਮ ਤੱਕ ਜ਼ਿੰਮੇਵਾਰੀ ਤੈਅ ਕਰਨ ਲਈ ਕਹਿਣ ਤੋਂ ਬਾਅਦ ਹਾਦਸੇ ਦੇ ਕਾਰਨਾਂ ਦੀ ਜਾਂਚ ਦਾ ਹੁਕਮ ਦਿੱਤਾ ਗਿਆ ਸੀ। ਡਿਵੀਜ਼ਨਲ ਰੇਲਵੇ ਮੈਨੇਜਰ (ਦਿੱਲੀ ਡਿਵੀਜ਼ਨ) ਆਰ.ਐਨ. ਸਿੰਘ ਨੇ ਕਿਹਾ ਕਿ ਉੜੀਸਾ ਦੇ ਪੁਰੀ ਤੋਂ ਉੱਤਰਾਖੰਡ ਦੇ ਹਰਿਦੁਆਰ ਜਾ ਰਹੀ ਇਸ ਰੇਲ ਗੱਡੀ ਦੇ 13 ਡੱਬੇ ਪਟੜੀ ਤੋਂ ਉਤਰ ਗਏ ਸਨ। ਉਨ੍ਹਾਂ ਕਿਹਾ ਕਿ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੋਂ ਵੱਧ ਉਤੇ ਚੱਲ ਰਹੀ ਇਸ ਗੱਡੀ ਦੇ ਛੇ ਡੱਬਿਆਂ ਨੂੰ ਕਾਫ਼ੀ ਨੁਕਸਾਨ ਪੁੱਜਿਆ। ਇਨ੍ਹਾਂ ਵਿੱਚੋਂ ਇਕ ਡੱਬਾ ਇਕ ਘਰ ਵਿੱਚ ਵੜ ਗਿਆ। ਰੇਲਵੇ ਬੋਰਡ ਦੇ ਮੈਂਬਰ ਟਰੈਫਿਕ ਮੁਹੰਮਦ ਜਮਸ਼ੇਦ ਨੇ ਨਵੀਂ ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਚੱਲਿਆ ਕਿ ਹਾਦਸੇ ਵਾਲੀ ਥਾਂ ਪਟੜੀਆਂ ਦੀ ਮੁਰੰਮਤ ਚੱਲ ਰਹੀ ਸੀ। ਸ਼ਾਇਦ ਇਸ ਕਾਰਨ ਰੇਲ ਗੱਡੀ ਲੀਹੋਂ ਲੱਥੀ। ਹਾਦਸੇ ਵਾਲੀ ਥਾਂ ਖਤੌਲੀ ਦਾ ਦੌਰਾ ਕਰਨ ਵਾਲੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਸ ਨੇ ਪਟੜੀਆਂ ‘ਤੇ ਮੁਰੰਮਤ ਕਾਰਜਾਂ ਵਾਲੇ ਸੰਦ ਦੇਖੇ ਸਨ। ਮੁਹੰਮਦ ਜਮਸ਼ੇਦ ਨੇ ਕਿਹਾ ਕਿ ਜੇ ਬਿਨਾਂ ਮਨਜ਼ੂਰੀ ਤੋਂ ਕੰਮ ਚੱਲ ਰਿਹਾ ਸੀ ਤਾਂ ਇਸ ਦੀ ਜ਼ਿੰਮੇਵਾਰੀ ਡਿਵੀਜ਼ਨ ਦੀ ਬਣਦੀ ਹੈ। ਹਾਲੇ ਇਹ ਸਪੱਸ਼ਟ ਨਹੀਂ ਕਿ ਉਥੇ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਸੀ। ਮੈਂਬਰ ਟਰੈਫਿਕ ਨੇ ਦੱਸਿਆ ਕਿ ਪਟੜੀਆਂ ਉਤੇ ਕੋਈ ਵੀ ਕੰਮ ਨਿਯਮਾਂਵਲੀ ਅਨੁਸਾਰ ਹੀ ਹੁੰਦਾ ਹੈ। ਸਾਡੇ ਕੋਲ ਮੁਰੰਮਤ ਕਾਰਜਾਂ ਬਾਰੇ ਨਿਯਮਾਂਵਲੀਆਂ ਹਨ, ਜਿਨ੍ਹਾਂ ਵਿੱਚ ਰੇਲਵੇ ਬੁਨਿਆਦੀ ਢਾਂਚੇ ਦੇ ਕਿਸੇ ਵੀ ਤਰ੍ਹਾਂ ਦੇ ਕੰਮ ਲਈ ਦਿਸ਼ਾ-ਨਿਰਦੇਸ਼ ਤੈਅ ਹਨ। ਖਤੌਲੀ ਨੇੜੇ ਪਟੜੀਆਂ ਨੂੰ ਸਾਫ਼ ਕਰਨ ਲਈ ਰੇਲਵੇ ਨੇ ਆਧੁਨਿਕ ਕਰੇਨਾਂ ‘ਤੇ ਸੈਂਕੜੇ ਕਾਮਿਆਂ ਨੂੰ ਕੰਮ ਉਤੇ ਲਾਇਆ ਹੈ। ਲੀਹੋਂ ਲੱਥੇ ਡੱਬਿਆਂ ਨੂੰ ਹਟਾਉਣ ਲਈ 140 ਟਨ ਦੀਆਂ ਦੋ ਕਰੇਨਾਂ ਨੂੰ ਲਾਇਆ ਗਿਆ।
ਜ਼ਿੰਮੇਵਾਰੀ ਤੈਅ ਕਰਨ ਦਾ ਆਦੇਸ਼ :
ਨਵੀਂ ਦਿੱਲੀ: ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਆਦੇਸ਼ ਦਿੱਤਾ ਕਿ ਉਹ ਉਤਕਲ ਐਕਸਪ੍ਰੈੱਸ ਹਾਦਸੇ ਦੇ ਮੁੱਢਲੀ ਨਜ਼ਰੇ ਸਾਹਮਣੇ ਆਏ ਸਬੂਤਾਂ ਦੇ ਆਧਾਰ ਉਤੇ ਜ਼ਿੰਮੇਵਾਰੀ ਤੈਅ ਕਰਨ। ਮੰਤਰੀ ਨੇ ਕਿਹਾ ਕਿ ਉਹ ਸਥਿਤੀ ਉਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਪਟੜੀਆਂ ਨੂੰ ਦੁਬਾਰਾ ਕਾਰਜਸ਼ੀਲ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਨ੍ਹਾਂ ਟਵੀਟ ਕੀਤਾ, ”ਅਸੀਂ ਬੋਰਡ ਨੂੰ ਕਾਰਜਪ੍ਰਣਾਲੀ ਵਿੱਚ ਕੁਤਾਹੀ ਦੀ ਇਜਾਜ਼ਤ ਨਹੀਂ ਦੇਵਾਂਗੇ।” ਇਸ ਦੌਰਾਨ ਕਾਂਗਰਸ ਨੇ ਕਿਹਾ ਕਿ ਰੇਲ ਮੰਤਰੀ ਨੂੰ ਹਾਦਸੇ ਦੀ ਜ਼ਿੰਮੇਵਾਰੀ ਖ਼ੁਦ ਲੈਣੀ ਚਾਹੀਦੀ ਹੈ। ਪਾਰਟੀ ਨੇ ਮੰਤਰੀ ਉਤੇ ਕੁਤਾਹੀ ਦਾ ਨਵਾਂ ਰਿਕਾਰਡ ਬਣਾਉਣ ਦਾ ਦੋਸ਼ ਲਾਇਆ।