ਪਾਕਿਸਤਾਨ ਦਾ ਵੀਜ਼ਾ ਲੈਣ ਲਈ ਜਮ੍ਹਾਂ ਕਰਵਾਏ 23 ਸਿੱਖਾਂ ਦੇ ਪਾਸਪੋਰਟ ਗੁੰਮ

ਪਾਕਿਸਤਾਨ ਦਾ ਵੀਜ਼ਾ ਲੈਣ ਲਈ ਜਮ੍ਹਾਂ ਕਰਵਾਏ 23 ਸਿੱਖਾਂ ਦੇ ਪਾਸਪੋਰਟ ਗੁੰਮ

ਨਵੀਂ ਦਿੱਲੀ ਵਿਚ ਪਾਕਿਸਤਾਨ ਦਾ ਸਫ਼ਾਰਤਖਾਨਾ, ਜਿਥੋਂ ਪਾਸਪੋਰਟ ਗੁੰਮ ਹੋਏ ਹਨ।

ਨਵੀਂ ਦਿੱਲੀ/ਬਿਊਰੋ ਨਿਊਜ਼ :

ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਲਈ ਅਰਜ਼ੀਆਂ ਦੇਣ ਵਾਲੇ 23 ਸਿੱਖਾਂ ਦੇ ਪਾਸਪੋਰਟ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਵਿਚੋਂ ਗੁੰਮ ਹੋਣ ਦੀ ਖਬਰ ਹੈ। ਵਿਦੇਸ਼ ਮੰਤਰਾਲੇ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਗੁੰਮ ਹੋਏ ਪਾਸਪੋਰਟਾਂ ਨੂੰ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਇਸ ਨਾਲ ਸੁਰੱਖਿਆ ਲਈ ਵੱਡਾ ਖ਼ਤਰਾ ਖੜ੍ਹਾ ਹੋ ਗਿਆ ਹੈ।
ਸਿੱਖਾਂ ਨੇ ਏਜੰਟਾਂ ਰਾਹੀਂ ਵੀਜ਼ੇ ਲਗਾਉਣ ਲਈ ਅਰਜ਼ੀਆਂ ਦਿੱਤੀਆਂ ਸਨ ਅਤੇ ਇਨ੍ਹਾਂ ‘ਚੋਂ ਕੁਝ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀ ਜਾਣਾ ਚਾਹੁੰਦੇ ਸਨ। ਜਿਨ੍ਹਾਂ ਦੇ ਪਾਸਪੋਰਟ ਗੁੰਮ ਹੋਏ ਹਨ, ਉਨ੍ਹਾਂ ਇਸ ਦੀ ਐਫਆਈਆਰ ਕਰਜ ਕਰਵਾਈ ਹੈ ਪਰ ਇਸਲਾਮਾਬਾਦ ਨੇ ਮਾਮਲੇ ‘ਚ ਆਪਣੇ ਅਧਿਕਾਰੀਆਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਇਨ੍ਹਾਂ ਸਿੱਖਾਂ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦਾ 549ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ 21 ਤੋਂ 30 ਨਵੰਬਰ ਤਕ ਪਾਕਿਸਤਾਨ ਜਾਣਾ ਸੀ। ਦਿੱਲੀ ਆਧਾਰਿਤ ਏਜੰਟ ਨੇ ਕਿਹਾ ਕਿ ਉਸ ਨੇ ਹੋਰ ਦਸਤਾਵੇਜ਼ਾਂ ਨਾਲ ਪਾਸਪੋਰਟ ਪਾਕਿਸਤਾਨੀ ਹਾਈ ਕਮਿਸ਼ਨ ‘ਚ ਜਮਾਂ ਕਰਵਾ ਦਿੱਤੇ ਸਨ। ਉਸ ਨੇ ਭਾਰਤੀ ਅਧਿਕਾਰੀਆਂ ਨੂੰ ਦੱਸਿਆ ਕਿ ਜਦੋਂ ਉਹ ਪਾਸਪੋਰਟ ਲੈਣ ਲਈ ਪਾਕਿਸਤਾਨੀ ਹਾਈ ਕਮਿਸ਼ਨ ਗਿਆ ਤਾਂ ਉਨ੍ਹਾਂ ਪਾਸਪੋਰਟ ਨਾ ਹੋਣ ਦੀ ਗੱਲ ਆਖੀ।
ਸਰਕਾਰੀ ਅਧਿਕਾਰੀ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਅਤੇ ਗੁੰਮ ਹੋਏ ਪਾਸਪੋਰਟਾਂ ਦੀ ਦੁਰਵਰਤੋਂ ਰੋਕਣ ਲਈ ਲੋੜੀਂਦੇ ਕਦਮ ਉਠਾਏ ਗਏ ਹਨ। ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ‘ਤੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਿਆਸਤ ਜਾਰੀ ਹੈ।
ਪਤਾ ਚੱਲਿਆ ਹੈ ਕਿ ਸਰਕਾਰ ਨੇ 23 ਭਾਰਤੀ ਨਾਗਰਿਕਾਂ ਦੇ ਨਵੇਂ ਪਾਸਪੋਰਟ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ ਜਿਨ੍ਹਾਂ ਬਾਰੇ ਰਿਪੋਰਟਾਂ ਆਈਆਂ ਸਨ ਕਿ ਉਨ੍ਹਾਂ ਦੇ ਪਾਸਪੋਰਟ ਇੱਥੇ ਪਾਕਿਸਤਾਨ ਹਾਈ ਕਮਿਸ਼ਨ ‘ਚੋਂ ਗੁੰਮ ਗਏ ਸਨ। ਸਰਕਾਰੀ ਸੂਤਰਾਂ ਨੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਆਪਣੀ ਪਾਸਪੋਰਟ ਡਿਵੀਜ਼ਨ ਨੂੰ ਪਾਸਪੋਰਟ ਰੱਦ ਕਰ ਕੇ 23 ਭਾਰਤੀ ਨਾਗਰਿਕਾਂ ਦੇ ਨਵੇਂ ਪਾਸਪੋਰਟ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।