ਰੋਹਿੰਗਿਆ ਸ਼ਰਨਾਰਥੀਆਂ ਦੀ ਕਿਸ਼ਤੀ ਡੁੱਬਣ ਨਾਲ 23 ਮੌਤਾਂ

ਰੋਹਿੰਗਿਆ ਸ਼ਰਨਾਰਥੀਆਂ ਦੀ ਕਿਸ਼ਤੀ ਡੁੱਬਣ ਨਾਲ 23 ਮੌਤਾਂ

ਕੈਪਸ਼ਨ-ਰੋਹਿੰਗਿਆ ਸ਼ਰਨਾਰਥੀ ਨੂਰ ਫਾਤਿਮਾ ਕਿਸ਼ਤੀ ਡੁੱਬਣ ਨਾਲ ਮਾਰੇ ਆਪਣੇ 9 ਮਹੀਨੇ ਦੇ ਬੱਚੇ ਨੂੰ ਸਮੂਹਿਕ ਤੌਰ ‘ਤੇ ਦਫਨਾਏ ਜਾਣ ਤੋਂ ਪਹਿਲਾਂ ਆਖਰੀ ਵਾਰ ਉਸ ਦਾ ਚਿਹਰਾ ਛੋਂਹਦੀ ਹੋਈ। 

ਕੌਕਸ ਬਾਜ਼ਾਰ/ਬਿਊਰੋ ਨਿਊਜ਼:
ਮਿਆਂਮਾਰ ਦੇ ਰੋਹਿੰਗਿਆ ਮੁਸਲਿਮ ਪਨਾਹਗੀਰਾਂ ਦੀ ਇਕ ਕਿਸ਼ਤੀ ਦੇ ਬੰਗਲਾਦੇਸ਼ ਨੇੜੇ ਸਮੁੰਦਰ ਵਿੱਚ ਡੁੱਬ ਜਾਣ ਕਾਰਨ ਘੱਟੋ-ਘੱਟ 23 ਵਿਅਕਤੀ ਮਾਰੇ ਗਏ। ਇਸ ਦੌਰਾਨ ਸੰਯੁਕਤ ਰਾਸ਼ਟਰ (ਯੂਐਨ) ਦੇ ਸਕੱਤਰ ਜਨਰਲ ਐਂਤੋਨੀਓ ਗੁਟਰੇਜ਼ ਨੇ ਮਿਆਂਮਾਰ ਨੂੰ ਸਮੱਸਿਆ ਦੇ ਖ਼ਾਤਮੇ ਲਈ ਆਖਿਆ ਹੈ। ਯੂਐਨ ਦੀ ਸ਼ਰਨਾਰਥੀਆਂ ਬਾਰੇ ਏਜੰਸੀ ਨੇ ਜਨੇਵਾ ਵਿੱਚ ਕਿਹਾ, ”23 ਮੌਤਾਂ ਦੀ ਪੁਸ਼ਟੀ ਹੋ ਗਈ ਹੈਸ਼ 40 ਹਾਲੇ ਲਾਪਤਾ ਹਨ, ਜਿਨ੍ਹਾਂ ਦੇ ਡੁੱਬ ਜਾਣ ਦਾ ਖ਼ਦਸ਼ਾ ਹੈ।”
ਗ਼ੌਰਤਲਬ ਹੈ ਕਿ ਮਿਆਂਮਾਰ ਦੀ ਫੌਜ ਵੱਲੋਂ ਮੁਲਕ ਦੇ ਘੱਟ ਗਿਣਤੀ ਫਿਰਕੇ ਰੋਹਿੰਗਿਆ ਮੁਸਲਮਾਨਾਂ ਖ਼ਿਲਾਫ਼ ਛੇੜੀ ਗਈ ਦਮਨਕਾਰੀ ਮੁਹਿੰਮ ਤੋਂ ਬਚਣ ਲਈ ਕਰੀਬ ਪੰਜ ਲੱਖ ਲੋਕ ਗੁਆਂਢੀ ਮੁਲਕ ਬੰਗਲਾਦੇਸ਼ ਵਿੱਚ ਪਨਾਹ ਲੈਣ ਲਈ ਮਜਬੂਰ ਹਨ। ਦੂਜੇ ਪਾਸੇ ਦੋਵਾਂ ਮੁਲਕਾਂ ਦੀ ਸਰਹੱਦ ਸਾਂਝੀ ਨਾਲ ਹੋਣ ਕਾਰਨ ਸ਼ਰਨਾਰਥੀ ਸਮੁੰਦਰੀ ਰਸਤੇ ਹੀ ਬੰਗਲਾਦੇਸ਼ ਜਾ ਰਹੇ ਹਨ ਤੇ ਇਸ ਅਮਲ ਵਿੱਚ ਅਨੇਕਾਂ ਲੋਕ ਡੁੱਬ ਚੁੱਕੇ ਹਨ।
ਇਸ ਸੰਕਟ ਕਾਰਨ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਬੀਤੇ ਅੱਠ ਸਾਲਾਂ ਦੌਰਾਨ ਮਿਆਂਮਾਰ ਸਬੰਧੀ ਆਪਣੀ ਪਹਿਲੀ ਮੀਟਿੰਗ ਸੱਦਣ ਲਈ ਮਜਬੂਰ ਹੋਣਾ ਪਿਆ, ਹਾਲਾਂਕਿ ਇਸ ਦੌਰਾਨ ਮੈਂਬਰ ਮੁਲਕ ਸਾਂਝੇ ਮਤੇ ਲਈ ਸਹਿਮਤ ਨਹੀਂ ਹੋ ਸਕੇ। ਇਸ ਮੌਕੇ ਅਮਰੀਕਾ ਨੇ ਮਿਆਂਮਾਰ ਉਤੇ ਮੁਲਕ ਦੀ ‘ਇਕ ਨਸਲੀ ਘੱਟਗਿਣਤੀ ਦੇ ਸਫ਼ਾਏ’ ਦੀ ਕੋਸ਼ਿਸ਼ ਦਾ ਦੋਸ਼ ਲਾਇਆ। ਦੂਜੇ ਪਾਸੇ ਚੀਨ ਤੇ ਰੂਸ ਨੇ ਮਿਆਂਮਾਰ ਹਕੂਮਤ ਦੀ ਹਮਾਇਤ ਕੀਤੀ। ਸ੍ਰੀ ਗੁਟਰੇਜ਼ ਨੇ ਕੌਂਸਲ ਨੂੰ ਸੰਬੋਧਨ ਕਰਦਿਆਂ ਮਿਆਂਮਾਰ ਨੂੰ ਫ਼ੌਜੀ ਅਪਰੇਸ਼ਨ ਰੋਕਣ ਅਤੇ ਮੁਲਕ ਤੇ ਪੱਛਮੀ ਖ਼ਿੱਤੇ ਤੱਕ ਕੌਮਾਂਤਰੀ ਰਾਹਤ ਏਜੰਸੀਆਂ ਨੂੰ ਰਸਾਈ ਦੇਣ ਦੀ ਅਪੀਲ ਕੀਤੀ।