ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਅਖ਼ਤਿਆਰੀ ਫੰਡ ਤਿਗੁਣੇ ਕੀਤੇ ਨਵੇਂ ਬੱਜਟ ‘ਚ ਵਿਦਿਅਕ ਅਦਾਰਿਆਂ ਲਈ 228 ਕਰੋੜ ਰੁਪਏ ਦਾ ਵਾਧਾ

ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਅਖ਼ਤਿਆਰੀ ਫੰਡ ਤਿਗੁਣੇ ਕੀਤੇ ਨਵੇਂ ਬੱਜਟ ‘ਚ ਵਿਦਿਅਕ ਅਦਾਰਿਆਂ ਲਈ 228 ਕਰੋੜ ਰੁਪਏ ਦਾ ਵਾਧਾ

ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸ਼ੁੱਕਰਵਾਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਕਮੇਟੀ ਦਾ ਬਜਟ ਪੇਸ਼ ਕਰਦੇ ਹੋਏ।
ਅੰਮ੍ਰਿਤਸਰ/ਬਿਊਰੋ ਨਿਊਜ਼:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਵਰ੍ਹੇ 2018-19 ਵਾਸਤੇ ਲਗਪਗ 1159 ਕਰੋੜ 67 ਲੱਖ ਰੁਪਏ ਦਾ ਅਨੁਮਾਨਿਤ ਬਜਟ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਬਜਟ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਅਖ਼ਤਿਆਰੀ ਫੰਡਾਂ ਵਿੱਚ ਦੋ ਲੱਖ ਰੁਪਏ ਦਾ ਸਾਲਾਨਾ ਵਾਧਾ ਕਰ ਦਿੱਤਾ ਗਿਆ ਹੈ। ਇੱਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ ਜਨਰਲ ਹਾਊਸ ਦੀ ਮੀਟਿੰਗ ਵਿੱਚ ਬਜਟ  ਪਾਸ ਕੀਤਾ ਗਿਆ। ਬਜਟ ਦੀ ਸ਼ੁਰੂਆਤ ਅਰਦਾਸ ਅਤੇ ਹੁਕਮਨਾਮਾ ਲੈ ਕੇ ਕੀਤੀ ਗਈ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲ ਨੇ ਬਜਟ ਪੇਸ਼ ਕੀਤਾ। 2018-19 ਵਰ੍ਹੇ ਦਾ ਇਹ ਬਜਟ 1159 ਕਰੋੜ 67 ਲੱਖ ਰੁਪਏ ਦਾ ਹੈ, ਜੋ ਕਿ ਪਿਛਲੇ ਵਰ੍ਹੇ 2017-18  ਦੇ ਬਜਟ 1106.59 ਕਰੋੜ ਨਾਲੋਂ ਲਗਪਗ 53 ਕਰੋੜ ਰੁਪਏ ਵੱਧ ਹੈ। ਬਜਟ ਵਿਚ ਭਾਵੇਂ ਵਾਧਾ ਹੋਇਆ ਹੈ ਪਰ ਵਾਧੇ ਦੀ ਦਰ ਵਿੱਚ ਕਮੀ ਆਈ ਹੈ। ਪਿਛਲੇ ਵਰ੍ਹੇ ਦੇ ਬਜਟ ਵਿੱਚ 88.1 ਕਰੋੜ ਰੁਪਏ ਦਾ ਵਾਧਾ ਹੋਇਆ ਸੀ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਮੁਤਾਬਕ ਨੋਟਬੰਦੀ ਦੇ ਕਾਰਨ ਗੁਰਦੁਆਰਿਆਂ ਦੀ ਗੋਲਕ ਵਿੱਚ ਅਤੇ ਦਾਨ ਦੀ ਰਕਮ ਵਿਚ ਕਮੀ ਆਈ ਹੈ। ਇਸ ਤੋਂ ਇਲਾਵਾ ਹੁਣ ਤਕ ਸ਼੍ਰੋਮਣੀ ਕਮੇਟੀ ਸਾਢੇ ਚਾਰ ਕਰੋੜ ਰੁਪਏ ਜੀਐਸਟੀ ਟੈਕਸ ਦੇ ਭੁਗਤਾਨ ਵਜੋਂ ਅਦਾ ਕਰ ਚੁੱਕੀ ਹੈ।
ਬਜਟ ਬਾਰੇ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਹੁਣ ਤਕ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇੱਕ ਲੱਖ ਰੁਪਏ ਅਖ਼ਤਿਆਰੀ ਫੰਡ ਵਜੋਂ ਮਿਲਦਾ ਸੀ, ਜੋ ਕਿ ਹੁਣ ਨਵੇਂ ਵਿੱਤੀ ਵਰ੍ਹੇ ਵਿੱਚ ਤਿੰਨ ਲੱਖ ਰੁਪਏ ਹੋਵੇਗਾ। ਇਸ ਨਾਲ ਸ਼੍ਰੋਮਣੀ ਕਮੇਟੀ ਤੇ ਪੰਜ ਕਰੋੜ ਤੋਂ ਵੱਧ ਦਾ ਨਵਾਂ ਬੋਝ ਪਵੇਗਾ। ਪ੍ਰਧਾਨ ਨੇ ਸਮੂਹ ਮੈਂਬਰਾਂ ਨੂੰ ਸਪੱਸ਼ਟ ਆਖਿਆ ਹੈ ਕਿ ਹੁਣ ਭਵਿੱਖ ਵਿੱਚ ਉਹ ਆਪਣੇ ਅਖ਼ਤਿਆਰੀ ਫੰਡ ਵਿੱਚੋਂ ਹੀ ਗੁਰਦੁਆਰਿਆਂ ਨੂੰ ਲੰਗਰ ਦੇ ਬਰਤਨ ਤੇ ਹੋਰ ਸਾਮਾਨ ਵਾਸਤੇ ਗਰਾਂਟ ਦੇਣਗੇ। ਸ਼੍ਰੋਮਣੀ ਕਮੇਟੀ ਆਪਣੇ ਫੰਡਾਂ ਵਿਚੋਂ ਅਜਿਹੇ ਖਰਚੇ ਨਹੀਂ ਕਰੇਗੀ। ਬਜਟ ਵਿੱਚ ਸੈਕਸ਼ਨ 85 ਹੇਠ ਸਿੱਧੇ ਆਉਂਦੇ ਗੁਰਦੁਆਰਿਆਂ ਅਤੇ ਇਨ੍ਹਾਂ ਨਾਲ ਜੋੜੇ ਗਏ  ਗੁਰਦੁਆਰਿਆਂ ਦਾ ਬਜਟ 688 ਕਰੋੜ 94 ਲੱਖ ਰੁਪਏ ਰੱਖਿਆ ਗਿਆ ਹੈ। ਧਰਮ ਪ੍ਰਚਾਰ ਕਮੇਟੀ ਦਾ  ਬਜਟ 76
ਕਰੋੜ ਰੁਪਏ, ਵਿਦਿਅਕ ਅਦਾਰਿਆਂ ਦਾ ਬਜਟ 228 ਕਰੋੜ ਰੁਪਏ , ਪ੍ਰਿੰਟਿੰਗ ਪ੍ਰੈੱਸਾਂ ਲਈ 7 ਕਰੋੜ 98 ਲੱਖ ਰੁਪਏ
ਬਜਟ ਰੱਖਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਨਿੱਜੀ ਬਜਟ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਦਾ ਕੁਲ ਜੋੜ 158.75 ਕਰੋੜ ਰੁਪਏ ਹੈ, ਜਿਸ ਵਿਚ ਜਨਰਲ ਬੋਰਡ ਫੰਡ 66 ਕਰੋੜ 25 ਲੱਖ, ਟਰੱਸਟ ਫੰਡ 56 ਕਰੋੜ ਅਤੇ ਵਿੱਦਿਆ ਫੰਡ 36 ਕਰੋੜ 50 ਲੱਖ ਰੁਪਏ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਬਜਟ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਮੂਹ 233 ਅਦਾਰਿਆਂ ਦਾ ਬਜਟ ਹੈ। ਬਜਟ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ ਵਿਸ਼ੇਸ਼ ਬਜਟ ਰੱਖਿਆ ਗਿਆ ਹੈ, ਜਿਸ ਤਹਿਤ ਗੁਰਮਤਿ ਸਮਾਗਮ ਕੀਤੇ ਜਾਣਗੇ, ਸੁਲਤਾਨਪੁਰ ਲੋਧੀ ਵਿੱਚ ਯਾਦਗਾਰਾਂ ਉਸਾਰੀਆਂ ਜਾਣਗੀਆਂ। ਵਿਸ਼ੇਸ਼ ਯਾਦਗਾਰ ਗੁਰਦੁਆਰਾ ਸੰਤ ਘਾਟ ਦੇ ਨੇੜੇ ਸਥਾਪਿਤ ਹੋਵੇਗੀ, ਜਿਥੇ ਇੱਕ ਮੀਨਾਰ ਤੇ ੴ ਦਾ ਵਿਸ਼ਾਲ ਚਿੰਨ੍ਹ ਬਣੇਗਾ। ਪੱਛੜੇ ਇਲਾਕਿਆਂ ਖਾਸ ਕਰਕੇ ਪਿੰਡਾਂ ਵਿਚ ਮੁਢਲੀਆਂ ਮੈਡੀਕਲ ਸਹੂਲਤਾਂ ਦੇਣ ਲਈ ਮੈਡੀਕਲ ਵੈਨਾਂ ਖਰੀਦਣ ਵਾਸਤੇ 90 ਲੱਖ ਰੁਪਏ ਰੱਖੇ ਗਏ ਹਨ। ਜਦੋਂਕਿ ਡਾਕਟਰੀ ਸਹੂਲਤਾਂ ਤੇ ਦਵਾਈਆਂ ਲਈ 25 ਲੱਖ ਰੁਪਏ ਰੱਖੇ ਗਏ ਹਨ, ਕੈਂਸਰ ਪੀੜਤ ਫੰਡ ਵਿੱਚ 9 ਕਰੋੜ 50 ਲੱਖ ਰੁਪਏ, ਕੁਦਰਤੀ ਆਫਤਾਂ ਵੇਲੇ ਮਨੁੱਖੀ ਭਲਾਈ ਲਈ 61 ਲੱਖ ਰੁਪਏ, ਖਾਲਸਾਈ ਖੇਡਾਂ ਤੇ ਸਾਬਤ ਸੂਰਤ ਸਿੱਖ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ 63 ਲੱਖ ਰੁਪਏ ਰੱਖੇ ਗਏ ਹਨ। ਸਿੱਖ ਰੈਫਰੈਂਸ ਲਾਇਬਰੇਰੀ ਦੇ ਨਵੀਨੀਕਰਨ ਲਈ 25 ਲੱਖ ਰੁਪਏ, ਪੰਥਕ ਵਿਦਵਾਨਾਂ ਤੇ ਧਾਰਮਿਕ ਸ਼ਖਸੀਅਤਾਂ ਦੇ ਸਨਮਾਨ ਲਈ 50 ਲੱਖ ਰੁਪਏ, 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ 30 ਲੱਖ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਦੇਸ਼ ਭਰ ਦੇ ਸਿੱਖਿਆ ਬੋਰਡਾਂ ਵਿੱਚੋਂ ਪਹਿਲੇ 20 ਸਥਾਨ ਪ੍ਰਾਪਤ ਕਰਨ ਵਾਲੇ ਅੰਮ੍ਰਿਤਧਾਰੀ ਬੱਚਿਆਂ ਦੇ ਸਨਮਾਨ ਲਈ, ਧਾਰਮਿਕ ਵਿੱਦਿਆ ਦੇ ਹੋਰ ਪਾਸਾਰ ਵਾਸਤੇ, ਆਈਏਐਸ ਤੇ ਇਸ ਦੇ ਬਰਾਬਰ ਪ੍ਰੀਖਿਆਵਾਂ ਵਿੱਚ ਚੁਣੇ ਜਾਣ ਵਾਲੇ ਸਾਬਤ ਸੂਰਤ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਵੀ ਫੰਡ ਰੱਖੇ ਗਏ ਹਨ।
ਬਜਟ ਸਮਾਗਮ ਦੀ ਸ਼ੁਰੂਆਤ ਵੇਲੇ ਪ੍ਰਧਾਨ ਸ੍ਰੀ ਲੌਂਗੋਵਾਲ ਵੱਲੋਂ ਅਕਾਲ ਚਲਾਣਾ ਕਰ ਗਏ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ, ਮਨਜੀਤ ਸਿੰਘ ਕਲਕੱਤਾ ਅਤੇ ਗੁਰਬਖਸ਼ ਸਿੰਘ ਖਾਲਸਾ ਦੇ ਦੇਹਾਂਤ ਉੱਤੇ  ਸ਼ੋਕ ਮਤੇ ਪੜ੍ਹੇ ਗਏ। ਅੱਜ ਦੇ ਸਮਾਗਮ ਵਿੱਚ ਕੁੱਲ 19 ਮਤੇ ਪੜ੍ਹੇ ਗਏ, ਜਿਨ੍ਹਾਂ ਨੂੰ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ਵਿਚ ਸਿੱਖ ਰੈਫਰੈਂਸ ਲਾਇਬਰੇਰੀ ਦਾ ਅਮੁੱਲਾ ਖ਼ਜ਼ਾਨਾ ਵਾਪਿਸ ਕਰਨ ਲਈ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ, ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਮਾਂ ਬੋਲੀ ਪੰਜਾਬੀ ਨੂੰ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਵਿੱਚ ਢੁੱਕਵਾਂ ਮਾਣ ਸਨਮਾਨ ਦੇਣ ਦੀ ਮੰਗ, ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਖੁੱਲ੍ਹੇ ਲਾਂਘੇ ਦੀ ਮੰਗ, ਹਵਾਈ ਅੱਡਿਆਂ ਉੱਤੇ ਦਸਤਾਰ ਦੀ ਸ਼ਾਨ ਨੂੰ ਬਹਾਲ ਰੱਖਣ ਦੀ ਮੰਗ, ਜੀਐਸਟੀ ਖਤਮ ਕਰਨ ਦੀ ਮੰਗ, ਸੈਂਸਰ ਬੋਰਡ ਵਿੱਚ ਸਿੱਖ ਪ੍ਰਤੀਨਿਧ ਵਜੋਂ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਸ਼ਾਮਲ ਕਰਨ, ਆਨੰਦ ਮੈਰਿਜ ਐਕਟ ਨੂੰ ਦੇਸ਼ ਭਰ ਵਿੱਚ ਲਾਗੂ ਕਰਨ, ਵਿਦੇਸ਼ਾਂ ਵਿੱਚ ਸਿੱਖਾਂ ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਉਪਰਾਲੇ ਕਰਨ ਦੀ ਮੰਗ, ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਰਸਤਿਆਂ ਨੂੰ ਖੁੱਲ੍ਹੇ ਕਰਨ ਦੀ ਮੰਗ, ਜੰਮੂ ਕਸ਼ਮੀਰ ਵਿਚ ਵਸਦੇ ਸਿੱਖਾਂ ਨੂੰ ਘੱਟ ਗਿਣਤੀਆਂ ਵਾਲੀਆਂ ਵਿਸ਼ੇਸ਼ ਸਹੂਲਤਾਂ ਦੇਣ ਦੀ ਮੰਗ ਆਦਿ ਮਤੇ ਸ਼ਾਮਲ ਹਨ। ਅੱਜ ਦੇ ਬਜਟ ਸਮਾਗਮ ਵਿਚ ਲਗਪਗ 115 ਸ਼੍ਰੋਮਣੀ ਕਮੇਟੀ ਮੈਂਬਰ ਹਾਜ਼ਰ ਸਨ।