ਮੈਨਚੈਸਟਰ ‘ਚ ਸੰਗੀਤ ਪ੍ਰੋਗਰਾਮ ਦੌਰਾਨ ਦਹਿਸ਼ਤੀ ਹਮਲੇ ‘ਚ 22 ਮੌਤਾਂ

ਮੈਨਚੈਸਟਰ ‘ਚ ਸੰਗੀਤ ਪ੍ਰੋਗਰਾਮ ਦੌਰਾਨ ਦਹਿਸ਼ਤੀ ਹਮਲੇ ‘ਚ 22 ਮੌਤਾਂ

ਆਮ ਚੋਣਾਂ ਤੋਂ ਪਹਿਲਾਂ 12 ਸਾਲ ਬਾਅਦ ਸਭ ਤੋਂ ਵੱਡਾ ਦਹਿਸ਼ਤੀ ਹਮਲਾ
ਬਰਤਾਨੀਆ ਵਿਚ ਹੋ ਸਕਦੇ ਹਨ ਹੋਰ ਹਮਲੇ, ਸਾਰੀਆਂ ਅਹਿਮ ਥਾਵਾਂ ‘ਤੇ ਫ਼ੌਜ ਤੈਨਾਤ
ਧਮਾਕੇ ਤੋਂ ਇਕ ਘੰਟਾ ਪਹਿਲਾਂ ਹੀ ਆਈ.ਐਸ. ਸਮਰਥਕ ਮਨਾਉਣ ਲੱਗੇ ਸਨ ਟਵਿੱਟਰ ‘ਤੇ ਜਸ਼ਨ
ਲੰਡਨ/ਬਿਊਰੋ ਨਿਊਜ਼ :
ਬਰਤਾਨੀਆ ਵਿਚ ਆਮ ਚੋਣਾਂ ਤੋਂ ਠੀਕ ਪਹਿਲਾਂ 12 ਸਾਲ ਬਾਅਦ ਸਭ ਤੋਂ ਭਿਆਨਕ ਦਹਿਸ਼ਤੀ ਹਮਲਾ ਹੋਇਆ ਹੈ। ਮੰਗਲਵਾਰ ਨੂੰ ਮੈਨਚੈਸਟਰ ਵਿਚ ਪੌਪ ਸਟਾਰ ਏਰੀਏਨਾ ਗਰੈਂਡ ਦੇ ਕਨਸਰਟ ਵਿਚ ਦਹਿਸ਼ਤੀ ਸੰਗਠਨ ਆਈ.ਐਸ. ਦੇ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ। ਧਮਾਕੇ ਵਿਚ 8 ਸਾਲ ਦੀ ਬੱਚੀ ਸਮੇਤ 22 ਲੋਕਾਂ ਦੀ ਮੌਤ ਹੋ ਗਈ, ਜਦਕਿ 119 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿਚ ਜ਼ਿਆਦਾਤਰ ਬੱਚੇ ਅਤੇ ਨੌਜਵਾਨ ਹੀ ਹਨ। ਆਈ.ਐਸ. ਦਾ ਜੇਹਾਦੀ ਹਮਲਾਵਰ ਵੀ ਮੌਕੇ ‘ਤੇ ਮਾਰਿਆ ਗਿਆ। ਆਈ.ਐਸ. ਨੇ ਕਿਹਾ, ‘ਤੁਸੀਂ ਰੱਕਾ-ਮੋਸੂਲ ਵਿਚ ਸਾਡੇ ਬੱਚਿਆਂ ‘ਤੇ ਬੰਬ ਸੁੱਟੇ, ਹੁਣ ਅਸੀਂ ਤੁਹਾਡੇ ਬੱਚੇ ਮਾਰੇ ਹਨ।’ ਅਮਰੀਕੀ ਪੌਪ ਸਟਾਰ ਏਰੀਏਨਾ ਸੁਰੱਖਿਅਤ ਹੈ। ਮੈਨਚੈਸਟਰ ਵਿਚ ਕਾਫ਼ੀ ਗਿਣਤੀ ਵਿਚ ਦੱਖਣ ਏਸ਼ਿਆਈ ਲੋਕ ਰਹਿੰਦੇ ਹਨ। ਹਾਲੇ ਤਕ ਕਿਸੇ ਭਾਰਤੀ ਦੇ ਮਾਰੇ ਜਾਣ ਦੀ ਖ਼ਬਰ ਨਹੀਂ ਹੈ। ਖ਼ੁਫ਼ੀਆ ਸੂਤਰਾਂ ਅਨੁਸਾਰ ਹਾਲੇ ਹੋਰ ਦਹਿਸ਼ਤੀ ਹਮਲੇ ਦਾ ਖ਼ਦਸ਼ਾ ਹੈ। ਪ੍ਰਧਾਨ ਮੰਤਰੀ ਥੇਰੇਸਾ ਮੇ ਨੇ ਖ਼ਤਰੇ ਨੂੰ ਦੇਖਦਿਆਂ ਗੰਭੀਰ ਚਿਤਾਵਨੀ ਜਾਰੀ ਕੀਤੀ ਹੈ ਤੇ ਸੁਰੱਖਿਆ ਮਜ਼ਬੂਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਪੂਰੇ ਦੇਸ਼ ਵਿਚ ਫ਼ੌਜ ਦੇ 5 ਹਜ਼ਾਰ ਜਵਾਨਾਂ ਨੂੰ ਤੈਨਾਤ ਕੀਤਾ ਗਿਆ ਹੈ। ਆਈ.ਐਸ. ਸੰਗਠਨ ਨੇ ਹੋਰ ਹਮਲਿਆਂ ਦੀ ਚਿਤਾਵਨੀ ਦਿੱਤੀ ਹੈ।
ਧਮਾਕੇ ਤੋਂ ਬਾਅਦ ਹਫੜਾ-ਦਫੜੀ ਫੈਲ ਗਈ ਅਤੇ ਲੋਕ ਆਪਣਿਆਂ ਦੀ ਭਾਲ ਵਿਚ ਜੁੱਟ ਗਏ। ਧਮਾਕੇ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ 8 ਜੂਨ ਨੂੰ ਹੋਣ ਵਾਲੀਆਂ ਚੋਣਾਂ ਦਾ ਪ੍ਰਚਾਰ ਮੁਲਤਵੀ ਕਰ ਦਿੱਤਾ ਹੈ। ਗਰੇਟਰ ਮਾਨਚੈਸਟਰ ਪੁਲੀਸ ਮੁਖੀ ਇਆਨ ਹੋਪਕਿਨਸ ਨੇ ਦੱਸਿਆ ਕਿ ਜ਼ਖ਼ਮੀ ਹੋਏ ਵਿਅਕਤੀਆਂ ਦਾ ਅੱਠ ਹਸਪਤਾਲਾਂ ਵਿਚ ਇਲਾਜ ਚਲ ਰਿਹਾ ਹੈ। ਪੁਲੀਸ ਨੇ ਦੱਖਣੀ ਮੈਨਚੈਸਟਰ ਦੇ ਚਾਰਲਟਨ ਤੋਂ 23 ਵਰ੍ਹਿਆਂ ਦੇ ਇਕ ਨੌਜਵਾਨ ਨੂੰ ਧਮਾਕੇ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਤਸਦੀਕ ਕੀਤੀ ਹੈ ਕਿ ਹਮਲਾਵਰ ਐਰਿਨਾ ਵਿਚ ਹੀ ਮਾਰਿਆ ਗਿਆ। ਹਮਲੇ ਵਿਚ ਕਿਸੇ ਭਾਰਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ ਪਰ ਇਹਤਿਆਤ ਵਜੋਂ ਭਾਰਤੀ ਹਾਈ ਕਮਿਸ਼ਨ ਨੇ ਫੋਨ ਨੰਬਰ ਜਾਰੀ ਕੀਤੇ ਹਨ। ਪੌਪ ਗਾਇਕਾ ਸੁਰੱਖਿਅਤ ਹੈ ਅਤੇ ਉਸ ਨੇ ਹਮਲੇ ਦੀ ਨਿਖੇਧੀ ਕਰਦਿਆਂ ਆਪਣੇ ਟੂਰ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਪ੍ਰਤੱਖਦਰਸ਼ੀਆਂ ਮੁਤਾਬਕ 21 ਹਜ਼ਾਰ ਸਮਰੱਥਾ ਵਾਲੇ ਐਰਿਨਾ ਵਿਚ ਇਕ ਧਮਾਕਾ ਉਸ ਸਮੇਂ ਸੁਣਿਆ ਗਿਆ ਜਦੋਂ ਪੌਪ ਗਾਇਕਾ ਦਾ ਸ਼ੋਅ ਖ਼ਤਮ ਹੋ ਗਿਆ ਸੀ।
ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਸਮੇਤ ਦੁਨੀਆ ਭਰ ਦੇ ਆਗੂਆਂ ਨੇ ਦਹਿਸ਼ਤੀ ਹਮਲੇ ਦੀ ਨੁਕਤਾਚੀਨੀ ਕੀਤੀ ਹੈ। ਮਹਾਰਾਣੀ ਨੇ ਹਮਲੇ ਨੂੰ ਜ਼ਾਲਮਾਨਾ ਕਾਰਵਾਈ ਕਰਾਰ ਦਿੱਤਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਲੇ ਨੂੰ ਕਾਇਰਾਨਾ ਦੱਸਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੈਥਲਹੈਮ ਵਿਚ ਆਪਣੇ ਗੁੱਸੇ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਾਰੇ ਮੁਲਕਾਂ ਨੂੰ ਦਹਿਸ਼ਤਗਰਦਾਂ ਤੋਂ ਲੋਕਾਂ ਦੀ ਰਾਖੀ ਲਈ ਹੱਥ ਮਿਲਾਉਣੇ ਚਾਹੀਦੇ ਹਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਨੂੰ ਗ਼ੈਰ ਮਨੁੱਖੀ ਕਾਰਾ ਕਰਾਰ ਦਿੱਤਾ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਬ੍ਰਿਟਿਸ਼ ਲੋਕਾਂ ਦੀ ਮੁਸ਼ਕਲ ਘੜੀ ‘ਚ ਚੀਨੀ ਲੋਕ ਉਨ੍ਹਾਂ ਨਾਲ ਖੜ੍ਹੇ ਹਨ। ਫਰਾਂਸ ਦੇ ਨਵੇਂ ਬਣੇ ਰਾਸ਼ਟਰਪਤੀ ਇਮੈਨੁਅਲ ਮੈਕਰੌਨ ਨੇ ਕਿਹਾ ਕਿ ਸਾਰੇ ਰਲ ਕੇ ਅਤਿਵਾਦ ਖ਼ਿਲਾਫ਼ ਲੜ ਰਹੇ ਹਨ ਅਤੇ ਉਨ੍ਹਾਂ ਦੀ ਪੈੜ ਨੱਪੀ ਜਾਣੀ ਚਾਹੀਦੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਦੇ ਲੋਕ ਦਰਦਨਾਕ ਖ਼ਬਰ ਸੁਣ ਕੇ ਸਦਮੇ ਵਿਚ ਹਨ।

manchester-sikhs-free-taxi
ਸਿੱਖ ਕੈਬ ਡਰਾਈਵਰ ਨੇ ਦਿੱਤੀ ਮੁਫ਼ਤ ਸਰਵਿਸ, ਗੁਰਦੁਆਰਿਆਂ ਨੇ ਦਿੱਤਾ ਆਸਾਰ
ਹਮਲੇ ਤੋਂ ਬਾਅਦ ਅਫਰਾ-ਤਫਰੀ ਮੱਚੀ ਸੀ, ਪਰ ਇਸ ਦੌਰਾਨ ਇਕ ਸਿੱਖ ਕੈਬ ਡਰਾਈਵਰ ਨੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ। ਉਹ ਆਪਣੀ ਕੈਬ ਰਾਹੀਂ ਜ਼ਖ਼ਮੀ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਵਿਚ ਜੁੱਟ ਗਿਆ। ਉਸ ਨੇ ਟੈਕਸੀ ‘ਤੇ ਕਾਗਜ਼ ਚਿਪਕਾ ਦਿੱਤਾ, ਜਿਸ ‘ਤੇ ਲਿਖਿਆ ਸੀ, ‘ਫਰੀ ਟੈਕਸੀ ਇਫ਼ ਨੀਡਡ’ ਨਾਲ ਹੀ ਉਥੋਂ ਦੇ ਗੁਰਦੁਆਰਿਆਂ ਨੇ ਪੀੜਤਾਂ ਨੂੰ ਸ਼ਰਨ ਦੇਣ ਦਾ ਐਲਾਨ ਕੀਤਾ। 4 ਗੁਰਦੁਆਰਿਆਂ ਦਾ ਪਤਾ ਟਵੀਟ ਕਰਦਿਆਂ ਹਰਜਿੰਦਰ ਸਿੰਘ ਕੁਕਰੇਜਾ ਨੇ ਲਿਖਿਆ, ‘ਗੁਰਦੁਆਰਿਆਂ ਵਿਚ ਖਾਣ ਅਤੇ ਰਹਿਣ ਦੀ ਵਿਵਸਥਾ ਹੈ ਤੇ ਇਸ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹੋਏ ਹਨ।'