ਜਸਟਿਨ ਟਰੂਡੋ 21 ਫਰਵਰੀ ਨੂੰ ਕਰਨਗੇ ਹਰਿਮੰਦਰ ਸਾਹਿਬ ਦੇ ਦਰਸ਼ਨ

ਜਸਟਿਨ ਟਰੂਡੋ 21 ਫਰਵਰੀ ਨੂੰ ਕਰਨਗੇ ਹਰਿਮੰਦਰ ਸਾਹਿਬ ਦੇ ਦਰਸ਼ਨ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪ੍ਰਸਤਾਵਿਤ ਦੌਰੇ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੀ ਕੈਨੇਡਾ ਦੀ ਉਚ ਪੱਧਰੀ ਟੀਮ।
ਅੰਮ੍ਰਿਤਸਰ/ਬਿਊਰੋ ਨਿਊਜ਼:
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਅਤੇ ਇੱਕ ਵੱਡੇ ਵਫ਼ਦ ਨਾਲ 21 ਫਰਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਉਨ੍ਹਾਂ ਦੇ ਇਸ ਪ੍ਰਸਤਾਵਿਤ ਦੌਰੇ ਸਬੰਧੀ ਕੈਨੇਡਾ ਦੀ ਉਚ ਪੱਧਰੀ ਟੀਮ ਨੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਦੱਸਣਯੋਗ ਹੈ ਕਿ ਜਸਟਿਨ ਟਰੂਡੋ ਕੈਨੇਡਾ ਦੇ ਤੀਜੇ ਅਜਿਹੇ ਪ੍ਰਧਾਨ ਮੰਤਰੀ ਹਨ, ਜੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਤੋਂ ਪਹਿਲਾਂ 2013 ਵਿੱਚ ਸਟੀਫਨ ਹਾਰਪਰ ਅਤੇ 2003 ਵਿੱਚ ਜੀਨ ਕ੍ਰਿਟੀਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਸੀ। ਜਸਟਿਨ ਟਰੂਡੋ ਨਾਲ ਉਨ੍ਹਾਂ ਦੀ ਪਤਨੀ ਸੋਫੀਆ ਟਰੂਡੋ ਅਤੇ ਤਿੰਨ ਬੱਚੇ ਵੀ ਆਉਣਗੇ। ਕੈਨੇਡਾ ਦੇ ਪ੍ਰਧਾਨ ਮੰਤਰੀ 17 ਤੋਂ 23 ਫਰਵਰੀ ਤੱਕ ਸੱਤ ਦਿਨਾਂ ਦੇ ਭਾਰਤ ਦੌਰੇ ‘ਤੇ ਆ ਰਹੇ ਹਨ। ਆਪਣੇ ਇਸ ਦੌਰੇ ਦੌਰਾਨ ਉਹ ਦਿੱਲੀ, ਆਗਰਾ, ਅੰਮ੍ਰਿਤਸਰ, ਅਹਿਮਦਾਬਾਦ, ਮੁੰਬਈ ਆਦਿ ਥਾਵਾਂ ਦਾ ਦੌਰਾ ਕਰਨਗੇ। ਇਹ ਦੌਰਾ ਕੈਨੇਡਾ ਅਤੇ ਭਾਰਤ ਦੇ ਆਪਸੀ ਸਬੰਧਾਂ ਦੀ ਮਜ਼ਬੂਤੀ ਲਈ ਹੈ। ਉਹ ਕਈ ਥਾਵਾਂ ‘ਤੇ ਭਾਰਤੀ ਵਪਾਰੀਆਂ ਦੇ ਵਫ਼ਦਾਂ ਨਾਲ ਮੁਲਾਕਾਤ ਵੀ ਕਰਨਗੇ।
ਜਸਟਿਨ ਟਰੂਡੋ ਦੇ ਪ੍ਰਸਤਾਵਿਤ ਦੌਰੇ ਸਬੰਧੀ ਵੀਰਵਾਰ ਨੂੰ ਕੈਨੇਡਾ ਤੋਂ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਅਤੇ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਦਫਤਰ ਦੇ ਅਧਿਕਾਰੀਆਂ ਦਾ ਉਚ ਪੱਧਰੀ ਵਫਦ ਸ੍ਰੀ ਹਰਿਮੰਦਰ ਸਾਹਿਬ ਪੁੱਜਿਆ। ਇਸ ਵਫ਼ਦ ਨੇ ਇੱਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿਘ ਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਮੰਤਰੀ ਦੇ ਪ੍ਰਸਤਾਵਿਤ ਦੌਰੇ ਬਾਰੇ ਗੱਲਬਾਤ ਕੀਤੀ ਹੈ। ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਬਾਹਰ ਕੀਤੇ ਜਾਣ ਵਾਲੇ ਸੁਰੱਖਿਆ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਹੈ। ਇਹ ਟੀਮ ਲਗਭਗ ਦੋ ਘੰਟੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਰਹੀ ਅਤੇ ਪ੍ਰਧਾਨ ਮੰਤਰੀ ਦੇ 1-1 ਮਿੰਟ ਦੇ ਪ੍ਰੋਗਰਾਮ ਦਾ ਜਾਇਜ਼ਾ ਲਿਆ। ਟੀਮ ਨੇ ਪੁਲੀਸ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਹੈ ਅਤੇ ਪਾਰਟੀਸ਼ਨ ਮਿਊਜ਼ੀਅਮ ਤੇ ਤਾਜ ਹੋਟਲ ਵਿੱਚ ਵੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮਿਲੇ ਵੇਰਵਿਆਂ ਮੁਤਾਬਕ ਸ੍ਰੀ ਟਰੂਡੋ ਪਾਰਟੀਸ਼ਨ ਮਿਊਜ਼ੀਅਮ ਅਤੇ ਜਲ੍ਹਿਆਂਵਾਲਾ ਬਾਗ ਵੀ ਜਾ ਸਕਦੇ ਹਨ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਕੈਨੇਡਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ 21 ਫਰਵਰੀ ਨੂੰ ਪਰਿਵਾਰ ਸਮੇਤ ਇੱਥੇ ਪੁੱਜਣਗੇ। ਉਨ੍ਹਾਂ ਨਾਲ ਕੈਨੇਡਾ ਸਰਕਾਰ ਵਿੱਚ ਪੰਜਾਬੀ ਮੰਤਰੀ  ਅਤੇ ਸੰਸਦ ਮੈਂਬਰ ਵੀ ਆਉਣਗੇ। ਉਹ ਲਗਭਗ 1 ਘੰਟਾ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਰਹਿਣਗੇ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਉਨ੍ਹਾਂ ਦਾ ਸਵਾਗਤ ਕਰਨਗੇ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਪੰਥਕ ਰਵਾਇਤਾਂ ਅਨੁਸਾਰ ਮਾਣ-ਸਨਮਾਨ ਕੀਤਾ ਜਾਵੇਗਾ।
ਇਸੇ ਦੌਰਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਆਖ ਚੁੱਕੇ ਹਨ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਪੰਜਾਬ ਦੌਰਾ ਲਾਹੇਵੰਦ ਸਾਬਤ ਹੋਵੇਗਾ। ਇਸ ਤੋਂ ਪਹਿਲਾਂ ਅਜਿਹਾ ਲੱਗ ਰਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਜਸਟਿਨ ਟਰੂਡੋ ਦਾ ਸਿਰਫ ਰਸਮੀ ਸਵਾਗਤ ਹੀ ਕੀਤਾ ਜਾਵੇਗਾ ਕਿਉਂਕਿ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਦੌਰੇ ਦੌਰਾਨ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਖਾਲਿਸਤਾਨੀ ਹਮਾਇਤੀ ਆਖਦਿਆਂ ਜੀ ਆਇਆਂ ਨਹੀਂ ਆਖਿਆ ਗਿਆ ਸੀ।