ਮਿਸ਼ਨ 2019 : ਮੋਦੀ ਨੇ ਪੰਜਾਬ ਦੇ ਕਿਸਾਨਾਂ ਤੇ ਬਾਦਲ ਨੇ ਮੋਦੀ ਦੀਆਂ ਤਰੀਫਾਂ ਦੇ ਪੁਲ ਬੰਨ੍ਹੇ

ਮਿਸ਼ਨ 2019 : ਮੋਦੀ ਨੇ ਪੰਜਾਬ ਦੇ ਕਿਸਾਨਾਂ ਤੇ ਬਾਦਲ ਨੇ ਮੋਦੀ ਦੀਆਂ ਤਰੀਫਾਂ ਦੇ ਪੁਲ ਬੰਨ੍ਹੇ

ਮਲੋਟ/ਬਿਊਰੋ ਨਿਊਜ਼ :
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਲੋਟ ਵਿਚ ਤਿੰਨ ਸੂਬਿਆਂ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਉਨ੍ਹਾਂ ਨੂੰ ਪੰਜਾਬ ਆਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਰਿਣੀ ਹਨ ਕਿ ਉਨ੍ਹਾਂ ਨੇ ਸੂਬੇ ਦੇ ਕਿਸਾਨਾਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ।
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਨਾਲ ਧੋਖਾ ਕੀਤਾ ਤੇ ਹਰ ਸਮਾਂ ਉਨ੍ਹਾਂ ਨਾਲ ਰਾਜਨੀਤੀ ਕੀਤੀ । 70 ਸਾਲਾਂ ਵਿਚ ਕਿਸਾਨਾਂ ਲਈ ਐਮਐਸਪੀ ਦਾ ਪਹਿਲੀ ਵਾਰ ਵਾਧਾ ਕੀਤਾ ਗਿਆ ਹੈ ਅਤੇ 40 ਸਾਲਾਂ ਤੋਂ ਰੁਕੀ ਹੋਈ ਵਨ-ਰੈਂਕ-ਵਨ ਪੈਂਸ਼ਨ ਨੂੰ ਭਾਜਪਾ ਸਰਕਾਰ ਨੇ ਹੀ ਲਾਗੂ ਕੀਤਾ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਪੰਜਾਬ, ਰਾਜਸਥਾਨ ਤੇ ਹਰਿਆਣਾ ਦੇ ਕਿਸਾਨਾਂ ਨੂੰ ਬਹੁਤ ਲਾਭ ਹੋਣ ਵਾਲਾ ਹੈ। ਮੋਦੀ ਨੇ ਮਲੋਟ ਦੀ ਕਪਾਹ ਦੀ ਤਰੀਫ ਕਰਦਿਆਂ ਕਿਹਾ ਕਿ ਪੂਰੇ ਦੇਸ਼ ਤੇ ਦੁਨੀਆ ‘ਚ ਪੰਜਾਬ ਦੀ ਕਪਾਹ ਮਸ਼ਹੂਰ ਹੈ। ਉਨ੍ਹਾਂ ਪੰਜਾਬੀ ਵਿਚ ਬੋਲਦਿਆਂ ਕਿਹਾ ਕਿ ਨਰਮੇ ਦੀ ਧਰਤੀ ਮਲੋਟ ਲਈ ਉਨ੍ਹਾਂ ਦਾ ਖਾਸ ਤੋਹਫਾ ਹੈ ਕਿ ਕਪਾਹ ਲਈ ਮਿਲਣ ਵਾਲਾ ਸਮਰਥਨ ਮੁੱਲ ਵਧਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨਹੀਂ ਚਾਹੁੰਦੀ ਕਿ ਕਿਸਾਨ ਚੈਨ ਦੀ ਨੀਂਦ ਸੌਂਵੇ । ਮੋਦੀ ਵੱਲੋਂ 2022 ਤੱਕ ਕਿਸਾਨਾਂ ਦੀ ਆਮਦਨੀ ਨੂੰ ਦੋ-ਗੁਣਾ ਵੱਧ ਕਰਨ ਬਾਰੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਨਿਰੰਤਰ ਕਿਸਾਨਾਂ ਦੀ ਆਮਦਨੀ ‘ਚ ਵਾਧੇ ਨੂੰ ਲੈ ਕੇ ਠੋਸ ਕਦਮ ਉਠਾਏ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿਚ 15 ਕਰੋੜ ਸੁਆਇਲ ਹਿੱਲ ਕਾਰਡ ਵੰਡੇ ਜਾ ਚੁੱਕੇ ਹਨ ਜਿਨ੍ਹਾਂ ਵਿਚ ਕਿਸਾਨਾਂ ਦੀ ਜ਼ਮੀਨ, ਮਿੱਟੀ ਦਾ ਰਿਕਾਰਡ ਸ਼ਾਮਲ ਹੈ। ਇਸ ਨਾਲ ਕਿਸਾਨਾਂ ਨੂੰ ਪਤਾ ਲਗਦਾ ਹੈ ਕਿ ਕਿਹੜੀ ਮਿੱਟੀ ਵਿਚ ਕਿਹੜੀ ਫਸਲ ਕਦੋਂ ਲਗਾਉਣੀ ਹੈ।
ਇਸੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਹਿੰਦੁਸਤਾਨ ਦੇ ਲੋਕ ਨਾਇਕ ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਰੈਲੀ ਦਾ ਮਕਸਦ ਕੋਈ ਸਿਆਸੀ ਰੋਟੀਆਂ ਸੇਕਣਾ ਨਹੀਂ ਹੈ, ਸਗੋਂ ਕਿਸਾਨਾਂ ਲਈ ਮੋਦੀ ਸਰਕਾਰ ਵੱਲੋਂ ਐਮਐਸਪੀ ‘ਚ ਕੀਤੇ ਵਾਧੇ ਦਾ ਧੰਨਵਾਦ ਕਰਨਾ ਹੈ। ਉਨ੍ਹਾਂ ਕਿਹਾ ਕਿ ਬਹੁਤ ਹੀ ਫਖ਼ਰ ਨਾਲ ਕਿਹਾ ਜਾ ਸਕਦਾ ਹੈ ਕਿ ਹਿੰਦੁਸਾਤਾਨ ਆਰਥਿਕ ਤੌਰ ‘ਤੇ ਦੁਨੀਆ ਵਿਚ ਸੁਪਰ ਪਾਵਰ ਬਣ ਗਿਆ ਹੈ ਅਤੇ ਇਹ ਸਿਰਫ ਮੋਦੀ ਸਰਕਾਰ ਦੌਰਾਨ ਹੀ ਹੋਇਆ ਹੈ ਜੋ ਸਿਰਫ ਚਾਰ ਸਾਲਾਂ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕ੍ਰਿਸ਼ਮਾ ਹੈ।ਉਨ੍ਹਾਂ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਦੁਆ ਕਰਦੇ ਹਨ ਕਿ ਮੋਦੀ ਲੰਮਾ ਸਮਾਂ ਪ੍ਰਧਾਨ ਮੰਤਰੀ ਰਹਿਣ। ਅੰਤ ਵਿਚ ਸ. ਬਾਦਲ ਨੇ ਆਪਣੇ ਅੰਦਾਜ਼ ‘ਚ ਕਿਹਾ ਕਿ ”ਗਰਮੀ ਕਰਕੇ ਸਭ ਦੇ ਗਲੇ ਸੁੱਕੇ ਲਗਦੇ ਐ, ਜੈਕਾਰਾ ਬੁਲਾਓ ਤਾਂ ਜੋ ਪਤਾ ਲੱਗੇ ਕਿ ਪੰਜਾਬ ਵਿਚ ਨਰੇਂਦਰ ਮੋਦੀ ਆਏ ਹਨ।”