ਪਾਕਿਸਤਾਨ ਨੂੰ ਹਰਾ ਕੇ ਭਾਰਤ ਦੂਜੀ ਵਾਰ ਬਣਿਆ ਟੀ-20 ਨੇਤਰਹੀਣ ਕ੍ਰਿਕਟ ਵਿਸ਼ਵ ਚੈਂਪੀਅਨ

ਪਾਕਿਸਤਾਨ ਨੂੰ ਹਰਾ ਕੇ ਭਾਰਤ ਦੂਜੀ ਵਾਰ ਬਣਿਆ ਟੀ-20 ਨੇਤਰਹੀਣ ਕ੍ਰਿਕਟ ਵਿਸ਼ਵ ਚੈਂਪੀਅਨ

ਬੰਗਲੁਰੂ/ਬਿਊਰੋ ਨਿਊਜ਼ :
ਮੌਜੂਦਾ ਚੈਂਪੀਅਨ ਭਾਰਤ ਨੇ ਪ੍ਰਕਾਸ਼ ਜਯਾਰਮਈਆ ਦੀਆਂ ਅਜੇਤੂ 99 ਦੌੜਾਂ ਸਦਕਾ ਆਪਣੇ ਕੱਟੜ ਵਿਰੋਧੀ ਪਾਕਿਸਤਾਨ ਨੂੰ ਦੂਜੇ ਨੇਤਰਹੀਣ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿਚ ਲਗਾਤਾਰ ਦੂਜੀ ਵਾਰ ਹਰਾ ਕੇ ਵਿਸ਼ਵ ਚੈਂਪੀਅਨ ਹੋਣ ਦਾ ਆਪਣਾ ਖਿਤਾਬ ਬਰਕਰਾਰ ਰੱਖਿਆ ਹੈ। ਫਾਈਨਲ ਮੈਚ ਵਿਚ ਵਿਚ ਭਾਰਤ ਨੇ ਪਾਕਿਤਾਨ ਨੂੰ 8 ਵਿਕਟਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਂਅ ਕੀਤਾ। ਇਥੇ ਬੰਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਦੀ ਨੇਤਰਹੀਣ ਕਿਝਕਟ ਟੀਮ ਨੇ ਬੱਲੇਬਾਜ਼ ਬਦਰ ਮੁਨੀਰ (57) ਦੇ ਅਰਧ ਸੈਂਕੜੇ ਅਤੇ ਮੁਹੰਮਦ ਜਮਾਲ ਦੀਆਂ 24 ਦੌੜਾਂ ਦੀ ਬਦੌਲਤ ਨਿਰਧਾਰਿਤ 20 ਓਵਰਾਂ ਵਿਚ 8 ਵਿਕਟਾਂ ਗਵਾ ਕੇ 197 ਦੌੜਾਂ ਬਣਾਈਆਂ। ਭਾਰਤ ਵੱਲੋਂ ਕੀਤਨ ਪਟੇਲ ਅਤੇ ਇਕਬਾਲ ਨੇ 2-2 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਨੇਤਰਹੀਣ ਟੀਮ ਨੇ ਪ੍ਰਕਾਸ਼ ਜਯਾਰਮਈਆ ਦੀਆਂ ਅਜੇਤੂ 99 ਦੌੜਾਂ ਸਦਕਾ 17.4 ਓਵਰਾਂ ਵਿਚ ਹੀ 200 ਦੌੜਾਂ ਬਣਾ ਕੇ ਖਿਤਾਬੀ ਜਿੱਤ ਹਾਸਲ ਕਰ ਲਈ। ਭਾਰਤ ਵਲੋਂ ਅਜੇ ਰੈਡੀ 43 ਦੌੜਾਂ ਬਣਾ ਕੇ ਰਨ ਆਊਟ ਹੋਏ। ਕੀਤਨ ਪਟੇਲ (26) ਦੌੜਾਂ ਬਣਾ ਰਿਟਾਇਰ ਹਰਟ ਹੋਏ ਜਦਕਿ ਵੈਂਕਟੈਸ਼ 11 ਦੌੜਾਂ ਬਣਾ ਕੇ ਅਜੇਤੂ ਰਹੇ। ਭਾਰਤ ਦੇ ਪ੍ਰਕਾਸ਼ ਜਯਾਰਮਈਆ ਨੂੰ ਮੈਨ ਆਫ ਦ ਮੈਚ ਅਤੇ ਟੂਰਨਾਮੈਂਟ ਵਿਚ ਸਭ ਤੋਂ ਵੱਧ 570 ਦੌੜਾਂ ਬਣਾਉਣ ਵਾਲੇ ਪਕਿਸਤਾਨ ਦੇ ਬੱਲੇਬਾਜ਼ ਬਦਰ ਮੁਨੀਰ ਨੂੰ ਮੈਨ ਆਫ ਦ ਸੀਰੀਜ਼ ਦਾ ਐਵਾਰਡ ਦਿੱਤਾ ਗਿਆ।