‘ਹਾਰਵੇ’ ਤੂਫ਼ਾਨ ਨੇ ਲਈਆਂ 2 ਜਾਨਾਂ, 14 ਜਣੇ ਜ਼ਖ਼ਮੀ

‘ਹਾਰਵੇ’ ਤੂਫ਼ਾਨ ਨੇ ਲਈਆਂ 2 ਜਾਨਾਂ, 14 ਜਣੇ ਜ਼ਖ਼ਮੀ

ਹਿਊਸਟਨ/ਬਿਊਰੋ ਨਿਊਜ਼ :
ਅਮਰੀਕਾ ਵਿਚ ਲਗਭਗ 12 ਸਾਲਾਂ ਬਾਅਦ ਆਏ ਸ਼ਕਤੀਸ਼ਾਲੀ ਤੂਫ਼ਾਨ ‘ਹਾਰਵੇ’ ਨੇ ਟੈਕਸਾਸ ਦੇ ਇਲਾਕੇ ਵਿਚ ਭਾਰੀ ਤਬਾਹੀ ਦੇ ਨਿਸ਼ਾਨ ਛੱਡੇ। ਤੂਫ਼ਾਨ ਕਾਰਨ ਅਮਰੀਕੀ ਖ਼ਾੜੀ ਖੇਤਰ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਜਦਕਿ 14 ਜ਼ਖ਼ਮੀ ਹੋ ਗਏ। ‘ਹਾਰਵੇ’ ਨੇ ਸ਼ੁਰੂਆਤੀ ਘੰਟਿਆਂ ਦੌਰਾਨ ਟੈਕਸਾਸ ‘ਤੇ ਦਬਾਅ ਜਾਰੀ ਰੱਖਿਆ। ਤੇਜ਼ ਤੂਫਾਨੀ ਹਵਾਵਾਂ ਨੇ ਕਈ ਇਮਾਰਤਾਂ ਤਹਿਸ-ਨਹਿਸ ਕਰ ਦਿੱਤੀਆਂ, ਸੜਕਾਂ ‘ਤੇ ਵਾਹਨ ਪਲਟਾ ਦਿੱਤੇ ਅਤੇ ਬਿਜਲੀ ਦੇ ਖੰਬੇ, ਰੁੱਖ ਅਤੇ ਸੜਕਾਂ ਤੋਂ ਸਥਾਨ ਸੂਚਕ ਨਿਸ਼ਾਨ ਬੋਰਡ ਵੱਡੀ ਪੱਧਰ ‘ਤੇ ਪੁੱਟ ਦਿੱਤੇ। ਅਮਰੀਕਾ ਦੇ ਤੇਲ ਅਤੇ ਗੈਸ ਦੇ ਮੁੱਖ ਖੇਤਰ ਟੈਕਸਾਸ ਨੂੰ 1961 ਤੋਂ ਬਾਅਦ ਇਕ ਵਾਰ ਫਿਰ ਤੂਫ਼ਾਨ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ। ਮੌਸਮ ਵਿਭਾਗ ਦੀ ਚਿਤਾਵਨੀ ਅਨੁਸਾਰ ਤੂਫ਼ਾਨ ਅਜੇ ਹੋਰ ਨੁਕਸਾਨ ਕਰ ਸਕਦਾ ਹੈ। ਹਿਊਸਟਨ ਵਿਚ ਬਾਰਿਸ਼ ਕਾਰਨ ਅੱਧਾ-ਅੱਧਾ ਫੁੱਟ ਪਾਣੀ ਖੜ੍ਹ ਗਿਆ ਜਿਸ ਕਾਰਨ ਹੜ੍ਹ ਦੀ ਸਥਿਤੀ ਬਣ ਗਈ। ਹਿਊਸਟਨ ਦੇ ਮੇਅਰ ਸਿਲਵੈਸਟਰ ਟਰਨਰ ਨੇ ਦੱਸਿਆ ਕਿ ਸ਼ਹਿਰ ਵਿਚ ਆਗਾਮੀ ਦਿਨਾਂ ਵਿਚ ਦੋ-ਤਿੰਨ ਫੁੱਟ ਬਾਰਿਸ਼ ਹੋ ਸਕਦੀ ਹੈ। ਅੱਧੀ ਰਾਤ ਤੱਕ ਅਧਿਕਾਰੀਆਂ ਵੱਲੋਂ ਤੂਫ਼ਾਨ ਕਾਰਨ 2 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਇਕ ਦੀ ਮੌਤ ਰੌਕਪੋਰਟ ਅਤੇ ਦੂਜੇ ਦੀ ਮੌਤ ਹਿਊਸਟਨ ਵਿਚ ਹੋਣ ਹੋਈ, ਜਦਕਿ 14 ਵਿਅਕਤੀ ਜ਼ਖ਼ਮੀ ਹੋਏ ਹਨ। ਕੁਝ ਅੱਖੀਂ ਵੇਖਣ ਵਾਲਿਆਂ ਅਨੁਸਾਰ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ ਜਦਕਿ ਮੀਡੀਆ ਵੱਲੋਂ ਤੂਫ਼ਾਨ ਕਾਰਨ 3 ਲੋਕਾਂ ਦੀ ਮੌਤ ਹੋਣ ਬਾਰੇ ਦੱਸਿਆ ਜਾ ਰਿਹਾ ਹੈ। ਤੂਫ਼ਾਨ ਕਾਰਨ ਬਿਜਲੀ ਅਤੇ ਹੋਰ ਕਈ ਸੇਵਾਵਾਂ ਠੱਪ ਹੋ ਚੁੱਕੀਆਂ ਹਨ। ਉਕਤ ਰਾਜਾਂ ਵਿਚ ਹੰਗਾਮੀ ਸੇਵਾਵਾਂ ਜਾਰੀ ਹਨ। ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਅਹਿਤਿਆਤ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ। ਟੈਕਸਾਸ ਦੇ ਗਵਰਨਰ ਗਰੇਗ ਅਬੌਟ ਨੇ ਕਿਹਾ ਵੱਡੀ ਪੱਧਰ ‘ਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ।