ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ ਦਾ ਖੇਡ ਤੇ ਸਭਿਆਚਾਰਕ ਮੇਲਾ 2 ਜੁਲਾਈ ਨੂੰ

ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ ਦਾ ਖੇਡ ਤੇ ਸਭਿਆਚਾਰਕ ਮੇਲਾ 2 ਜੁਲਾਈ ਨੂੰ

ਸ਼ਿਕਾਗੋ/ਬਿਊਰੋ ਨਿਊਜ਼:
ਸਥਾਨਕ ਖੇਡ ਤੇ ਸਭਿਆਚਾਰਕ ਸੰਸਥਾ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਦਾ ਖੇਡ ਅਤੇ ਸਭਿਆਚਾਰਕ ਮੇਲਾ ਆਉਂਦੀ 2 ਜੁਲਾਈ, ਐਤਵਾਰ ਨੂੰ ਇਥੇ ਬੱਸੀਵੁਡਜ਼ ਫਾਰੈਸਟ ਪ੍ਰਿਜ਼ਰਵ, ਐਲਕ ਗਰੂਵ ਵਿਲੇਜ ਵਿਖੇ ਸਵੇਰੇ 11:00 ਤੋਂ ਸ਼ਾਮ 6:00 ਵਜੇ ਤੱਕ ਹੋਵੇਗਾ। ਟੂਰਨਾਮੈਂਟ ਦੌਰਾਨ ਚੋਟੀ ਦੇ ਕਬੱਡੀ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ।
ਕਲੱਬ ਪ੍ਰਧਾਨ ਸ. ਅਮਰੀਕ ਸਿੰਘ ਸ਼ਿਕਾਗੋ ਅਤੇ ਚੇਅਰਮੈਨ ਸ. ਬਲਦੇਵ ਸਿੰਘ ਸੱਲ੍ਹਾਂ ਵਲੋਂ ਜਾਰੀ ਬਿਆਨ ਅਨੁਸਾਰ ਟੂਰਨਾਮੈਂਟ ਦੌਰਾਨ ਵਾਲੀਬਾਲ ਦੇ ਮੈਚ ਵੀ ਹੋਣਗੇ। ਵਾਲੀਬਾਲ ਟੂਰਨਾਮੈਂਟ ਸਵਰਗੀ ਹਰਭਜਨ ਸਿੰਘ ਗਾਖਲ, ਹਰਜਾਪ ਸਿੰਘ ਸੰਘਾ ਤੇ ਮੇਜਰ ਸਿੰਘ ਮੌਜੀ ਨੂੰ ਸਮਰਪਿਤ ਹੋਵੇਗਾ। ਇਸ ਤੋਂ ਇਲਾਵਾ ਬੀਬੀਆਂ ਤੇ ਬਜ਼ੁਰਗਾਂ ਦੇ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਮੇਲੇ ਲਈ ਪਾਰਕਿੰਗ ਮੁਫਤ ਹੋਵੇਗੀ। ਮੇਲੀਆਂ ਲਈ ਮੁਫਤ ਰੋਟੀ-ਪਾਣੀ ਤੇ ਠੰਡੇ-ਬੱਤੇ ਅਤੇ ਬੀਬੀਆਂ ਲਈ ਫਰੀ ਮਹਿੰਦੀ ਦਾ ਵੀ ਉਚੇਚਾ ਪ੍ਰਬੰਧ ਹੋਵੇਗਾ।
ਕਬੱਡੀ ਦਾ ਪਹਿਲਾ ਇਨਾਮ ਸੂਬੇਦਾਰ ਬਾਪੂ ਕਰਤਾਰ ਸਿੰਘ ਦੀ ਯਾਦ ਵਿਚ ਮਿਲਵਾਕੀ ਤੋਂ ਬਿਜਨਸਮੈਨ ਸ. ਦਰਸ਼ਨ ਸਿੰਘ ਧਾਲੀਵਾਲ ਵਲੋਂ ਦਿੱਤਾ ਜਾਵੇਗਾ। ਦੂਜੇ ਇਨਾਮ ਦੇ ਸਪਾਂਸਰ ਸ. ਹੈਰੀ ਘੁਮਾਣ ਤੇ ਸ. ਅਮਰਵੀਰ ਘੁਮਾਣ (ਇੰਡਿਆਨਾ) ਹੋਣਗੇ। ਮੇਲੇ ਦੇ ਮੁੱਖ ਮਹਿਮਾਨ ਰਾਜ ਗਾਇਕ ਹੰਸ ਰਾਜ ਹੰਸ ਹੋਣਗੇ ਜਦਕਿ ‘ਗੈਸਟ ਆਫ ਆਨਰ’ ਸ਼ਿਕਾਗੋ ਵਿਚ ਭਾਰਤੀ ਕੌਂਸਲ ਜਨਰਲ ਸ੍ਰੀਮਤੀ ਨੀਤਾ ਭੂਸ਼ਨ, ਸਮਾਜ ਸੇਵੀ ਸ. ਐਸ ਪੀ ਸਿੰਘ ਓਬਰਾਏ, ਯੂਨਾਈਟਿਡ ਸਪੋਰਟਸ ਕਲੱਬ ਕੈਲੀਫੋਰਨੀਆ ਦੇ ਸਰਪ੍ਰਸਤ ਸ. ਅਮੋਲਕ ਸਿੰਘ ਗਾਖਲ ਅਤੇ ਸ. ਮਨਜੀਤ ਸਿੰਘ ਰਾਜਪੁਰ ਭਾਈਆਂ ਹੋਣਗੇ।
ਕਬੱਡੀ ਮੈਚਾਂ ਉਪਰੰਤ ਚੋਟੀ ਦੇ ਗਾਇਕ ਰੁਪਿੰਦਰ ਹਾਂਡਾ, ਸ਼ੈਰੀ ਮਾਨ ਅਤੇ ਜੈਸਮੀਨ ਸੈਂਡਲਸ ਤਿੰਨ ਘੰਟੇ ਸਭਿਆਚਾਰਕ ਗਾਇਕੀ ਦਾ ਰੰਗਾ ਰੰਗ ਅਖਾੜਾ ਲਾਉਣਗੇ। ਕਲੱਬ ਨੇ ਸਭਨਾਂ ਨੂੰ ਮੇਲੇ ਲਈ ਸੱਦਾ ਦਿੰਦਿਆਂ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ ਹੈ।
ਕੈਪਸ਼ਨ: ਅਮਰੀਕ ਸਿੰਘ ਸ਼ਿਕਾਗੋ ਪ੍ਰਧਾਨ ਤੇ ਸ. ਬਲਦੇਵ ਸਿੰਘ ਸੱਲ੍ਹਾਂ ਚੇਅਰਮੈਨ ਖੇਡ ਮੇਲੇ ਬਾਰੇ ਜਾਣਕਾਰੀ ਦੇਣ ਸਮੇਂ।