ਲੰਗਰ ਘਰ ‘ਚ ਪ੍ਰਸ਼ਾਦਿਆਂ ਲਈ ਲਾਈਆਂ 2 ਹੋਰ ਨਵੀਆਂ ਮਸ਼ੀਨਾਂ

ਲੰਗਰ ਘਰ ‘ਚ ਪ੍ਰਸ਼ਾਦਿਆਂ ਲਈ ਲਾਈਆਂ 2 ਹੋਰ ਨਵੀਆਂ ਮਸ਼ੀਨਾਂ
ਕੈਪਸ਼ਨ-ਗੁਰੂ ਰਾਮਦਾਸ ਲੰਗਰ ਘਰ ਵਿੱਚ ਲਾਈਆਂ ਨਵੀਆਂ ਮਸ਼ੀਨਾਂ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਹਰਿਮੰਦਰ ਸਾਹਿਬ ਵਿੱਚ ਸ਼ਰਧਾਲੂਆਂ ਦੀ ਵਧ ਰਹੀ ਆਮਦ ਦੇ ਮੱਦੇਨਜ਼ਰ ਗੁਰੂ ਰਾਮ ਦਾਸ ਲੰਗਰ ਘਰ ਵਿੱਚ ਪ੍ਰਸ਼ਾਦੇ ਤਿਆਰ ਕਰਨ ਵਾਲੀਆਂ ਦੋ ਨਵੀਆਂ ਮਸ਼ੀਨਾਂ ਲਾਈਆਂ ਗਈਆਂ ਹਨ। ਇਨ੍ਹਾਂ ਨਵੀਆਂ ਮਸ਼ੀਨਾਂ ਨਾਲ ਪ੍ਰਸ਼ਾਦੇ ਤਿਆਰ ਕਰਨ ਦੀ ਸਮਰੱਥਾ ਵਿੱਚ ਲਗਭਗ ਤਿੰਨ ਗੁਣਾ ਵਾਧਾ ਹੋ ਗਿਆ ਹੈ। ਇੱਥੇ 2 ਹੋਰ ਵਧੇਰੇ ਸਮਰੱਥਾ ਵਾਲੀਆਂ ਮਸ਼ੀਨਾਂ ਛੇਤੀ ਲਾਉਣ ਦੀ ਯੋਜਨਾ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਰਾਮਦਾਸ ਲੰਗਰ ਘਰ ਦੀ ਨਵੀਂ ਇਮਾਰਤ ਬਣਾਈ ਜਾ ਰਹੀ ਹੈ, ਜਿਸ ਦੇ ਮੁਕੰਮਲ ਹੋਣ ਮਗਰੋਂ ਸ਼ਰਧਾਲੂਆਂ ਦੇ ਬੈਠਣ ਦੀ ਸਮਰੱਥਾ ਵਿੱਚ ਵਾਧਾ ਹੋ ਜਾਵੇਗਾ। ਇਸ ਇਮਾਰਤ ਦਾ ਕੰਮ ਛੇ ਮਹੀਨਿਆਂ ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਇਸ ਵੇਲੇ ਲੰਗਰ ਘਰ ਵਿੱਚ ਪ੍ਰਸ਼ਾਦੇ ਤਿਆਰ ਕਰਨ ਲਈ ਤਿੰਨ ਸਵੈ-ਚਲਿਤ ਮਸ਼ੀਨਾਂ ਹਨ। ਪੁਰਾਣੀਆਂ ਤਿੰਨ ਮਸ਼ੀਨਾਂ ਦੀ ਸਮਰੱਥਾ ਇੱਕ ਘੰਟੇ ਵਿੱਚ ਲਗਭਗ ਸੱਤ ਹਜ਼ਾਰ ਪ੍ਰਸ਼ਾਦੇ ਤਿਆਰ ਕਰਨ ਦੀ ਹੈ। ਪੁਰਾਣੀਆਂ ਹੋਣ ਕਾਰਨ ਪਿਛਲੇ ਦਿਨੀਂ ਇਨ੍ਹਾਂ ਮਸ਼ੀਨਾਂ ਵਿੱਚ ਤਕਨੀਕੀ ਨੁਕਸ ਪੈ ਗਿਆ ਸੀ, ਜਿਸ ਕਾਰਨ ਪ੍ਰਸ਼ਾਦੇ ਤਿਆਰ ਕਰਨ ਵਿੱਚ ਵੱਡੀ ਸਮੱਸਿਆ ਆਈ ਸੀ। ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਨਵੀਆਂ ਮਸ਼ੀਨਾਂ ਵਿੱਚੋਂ ਇੱਕ ਮਸ਼ੀਨ ਖ਼ੁਦ ਖਰੀਦੀ ਹੈ, ਜਦੋਂਕਿ ਦੋ ਮਸ਼ੀਨਾਂ ਇੱਕ ਸ਼ਰਧਾਲੂ ਔਰਤ ਵੱਲੋਂ ਭੇਟ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਮਸ਼ੀਨਾਂ ਦੇ ਆਉਣ ਨਾਲ ਇੱਕ ਘੰਟੇ ਵਿੱਚ 16 ਹਜ਼ਾਰ ਪ੍ਰਸ਼ਾਦੇ ਤਿਆਰ ਹੁੰਦੇ ਹਨ।