ਡੇਰਾ ਨੂਰਮਹਿਲ ਦੇ ਪੈਰੋਕਾਰਾਂ ਤੇ ਸਤਿਕਾਰ ਕਮੇਟੀ ਵਿਚਾਲੇ ਝੜਪ, 2 ਦਰਜਨ ਜ਼ਖ਼ਮੀ

ਡੇਰਾ ਨੂਰਮਹਿਲ ਦੇ ਪੈਰੋਕਾਰਾਂ ਤੇ ਸਤਿਕਾਰ ਕਮੇਟੀ ਵਿਚਾਲੇ ਝੜਪ, 2 ਦਰਜਨ ਜ਼ਖ਼ਮੀ

ਕੈਪਸ਼ਨ-ਘੁਮਾਣ ਵਿੱਚ ਗੱਡੀਆਂ ਦੀ ਭੰਨ-ਤੋੜ ਕਰਦੇ ਹੋਏ ਨੂਰਮਹਿਲ ਡੇਰੇ ਦੇ ਪੈਰੋਕਾਰ।
ਘੁਮਾਣ/ਬਟਾਲਾ/ਬਿਊਰੋ ਨਿਊਜ਼ :
ਡੇਰਾ ਨੂਰਮਹਿਲ ਦੇ ਪੈਰੋਕਾਰਾਂ ਅਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਕਾਰਕੁਨਾਂ ਦਰਮਿਆਨ ਕਸਬਾ ਘੁਮਾਣ ਵਿੱਚ ਹੋਈ ਝੜਪ ਦੇ ਮਾਮਲੇ ਵਿੱਚ ਘੁਮਾਣ ਪੁਲੀਸ ਨੇ ਸਤਿਕਾਰ ਕਮੇਟੀ ਦੇ ਮੁਖੀ ਭਾਈ ਬਲਬੀਰ ਸਿੰਘ ਮੁੱਛਲ ਸਮੇਤ ਦੋ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਨੂਰਮਹਿਲ ਡੇਰੇ ਦੇ ਪੈਰੋਕਾਰਾਂ ਨੇ ਦੋਸ਼ ਲਾਇਆ ਸੀ ਕਿ ਸਤਿਕਾਰ ਕਮੇਟੀ ਦੇ ਕਾਰਕੁਨਾਂ ਨੇ ਉਨ੍ਹਾਂ ‘ਤੇ ਹਮਲਾ ਕੀਤਾ, ਜਦੋਂ ਕਿ ਸਤਿਕਾਰ ਕਮੇਟੀ ਨੇ ਨੂਰਮਹਿਲੀਆਂ ‘ਤੇ ਉਲਟੇ ਦੋਸ਼ ਲਾਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਝੜਪ ਵਿੱਚ ਦੋਵਾਂ ਧਿਰਾਂ ਦੇ ਦਰਜਨ ਭਰ ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। ਇਸ ਦੌਰਾਨ ਡੇਰਾ ਪੈਰੋਕਾਰਾਂ ਵੱਲੋਂ ਇਕ ਏਐਸਆਈ ਦੀ ਮੌਜੂਦਗੀ ਵਿੱਚ ਸਤਿਕਾਰ ਕਮੇਟੀ ਦੀ ਗੱਡੀ ਭੰਨਣ ਦੀ ਵੀਡੀਓ ਵੀ ਵਾਇਰਲ ਹੋਈ ਹੈ। ਇਸ ਦੇ ਬਾਵਜੂਦ ਅਜੇ ਡੇਰਾ ਪੈਰੋਕਾਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।
ਘੁਮਾਣ ਪੁਲੀਸ ਨੇ ਸਤਿਕਾਰ ਕਮੇਟੀ ਦੇ ਮੁਖੀ ਭਾਈ ਬਲਬੀਰ ਸਿੰਘ ਮੁੱਛਲ ਵਾਸੀ ਪਿੰਡ ਮੁੱਛਲ (ਅੰਮ੍ਰਿਤਸਰ) ਸਤਨਾਮ ਸਿੰਘ ਪਿੰਡ ਸਮਸਾ (ਥਾਣਾ ਘੁਮਾਣ), ਗੁਰਨਾਮ ਸਿੰਘ ਬਟਾਲਾ, ਨਿਸ਼ਾਨ ਸਿੰਘ ਢਡਿਆਲਾ ਨੱਤ (ਥਾਣਾ ਰੰਗੜ ਨੰਗਲ), ਗੁਰਮੀਤ ਸਿੰਘ, ਸੁੱਖਾ ਸਿੰਘ, ਗੁਰਨਾਮ ਸਿੰਘ ਤੇ ਕਿਰਪਾਲ ਸਿੰਘ ਵਾਸੀ ਛਿੱਤ (ਅੰਮ੍ਰਿਤਸਰ) ਤੋਂ ਇਲਾਵਾ 20-22 ਹੋਰ ਕਮੇਟੀ ਕਾਰਕੁਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਸੂਤਰਾਂ ਅਨੁਸਾਰ ਇਹ ਝੜਪ ਥਾਣਾ ਘੁਮਾਣ ਦੇ ਬਿਲਕੁਲ ਨੇੜੇ ਹੋਈ। ਇਸ ਦੌਰਾਨ ਡੇਰਾ ਨੂਰਮਹਿਲ ਦੇ ਪੈਰੋਕਾਰਾਂ ਵੱਲੋਂ ਕਮੇਟੀ ਮੈਂਬਰਾਂ ਸਮੇਤ ਹੋਰਾਂ ਦੀਆਂ ਗੱਡੀਆਂ ਦੀ ਭੰਨ-ਤੋੜ ਕਰਨ ਦੀ ਵੀਡੀਓ ਵਾਇਰਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਸਤਿਕਾਰ ਕਮੇਟੀ ਦੇ 2-3 ਮੈਂਬਰ ਵੀ ਜ਼ਖ਼ਮੀ ਹੋਏ ਪਰ ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਮੇਟੀ ਮੈਂਬਰਾਂ ਨੇ ਪੁਲੀਸ ਤੱਕ ਪਹੁੰਚ ਨਹੀਂ ਕੀਤੀ ਅਤੇ ਨਾ ਇਹ ਦੱਸਿਆ ਕਿ ਉਨ੍ਹਾਂ ਦੇ ਮੈਂਬਰ ਕਿਹੜੇ ਹਸਪਤਾਲ ਵਿੱਚ ਦਾਖ਼ਲ ਹਨ।
ਇਸ ਮੌਕੇ ਐਸਐਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਨੂਰਮਹਿਲ ਪੈਰੋਕਾਰਾਂ ਵੱਲੋਂ ਪੁਲੀਸ ਦੀ ਮੌਜੂਦਗੀ ਵਿੱਚ ਗੱਡੀਆਂ ਭੰਨਣ ਦੀ ਵਾਇਰਲ ਹੋਈ ਵੀਡੀਓ ਦੀ ਜਾਂਚ ਕਰ ਕੇ ਹੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਪੁਲੀਸ ਦੀ ਮੁਸਤੈਦੀ ਨੇ ਸਤਿਕਾਰ ਕਮੇਟੀ ਵੱਲੋਂ ਕੀਤੇ ਜਾਣ ਵਾਲੇ ਇਕੱਠ ਨੂੰ ਅਸਫ਼ਲ ਬਣਾ ਦਿੱਤਾ।
ਘੁਮਾਣ ਪੁਲੀਸ ਵੱਲੋਂ ਸਤਿਕਾਰ ਕਮੇਟੀ ਦੇ ਮੈਂਬਰਾਂ ਦੀ ਭਾਲ ਵਿੱਚ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡਾਂ ਸ਼ੀਂਹ ਭੱਟੀਆਂ ਅਤੇ ਘੋੜੇਵਾਹ ਵਿੱਚ ਨਾਕੇ ਲਾਏ ਗਏ। ਥਾਣਾ ਘੁਮਾਣ ਦੇ ਮੁਖੀ ਯਾਦਵਿੰਦਰ ਸਿੰਘ, ਐਚਐਚਓ ਇੰਸਪੈਕਟਰ ਬਲਜੀਤ ਕੌਰ ਤੇ ਪੁਲੀਸ ਚੌਕੀ ਹਰਚੋਵਾਲ ਦੇ ਇੰਚਾਰਜ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਸੈਂਕੜੇ ਪੁਲੀਸ ਮੁਲਾਜ਼ਮ ਪਿੰਡ ਘੋੜੇਵਾਹ ਅਤੇ ਸ਼ੀਂਹ ਭੱਟੀਆਂ ਦੇ ਤੁਗਲਵਾਲ ਅਤੇ ਭੈਣੀ ਮੀਆਂ ਖਾਂ ਸੰਪਰਕ ਸੜਕ ਦੇ ਚੌਕ ਵਿੱਚ ਪੁੱਜੇ। ਸੂਤਰਾਂ ਅਨੁਸਾਰ ਪੁਲੀਸ ਵੱਲੋਂ ਨਾਮਜ਼ਦ ਸਤਿਕਾਰ ਕਮੇਟੀ ਮੈਂਬਰਾਂ ਦੀ ਫੋਨ ਲੋਕੇਸ਼ਨ ਟਰੇਸ ਕੀਤੀ ਗਈ ਸੀ, ਜਿਸ ਤਹਿਤ ਇਨ੍ਹਾਂ ਪਿੰਡਾਂ ਵਿੱਚ ਨਾਕੇ ਲਾਏ ਗਏ। ਪੁਲੀਸ ਨੂੰ ਲਗਪਗ ਦੋ ਘੰਟੇ ਦੀ ਕਾਰਵਾਈ ਮਗਰੋਂ ਖਾਲੀ ਪਰਤਣਾ ਪਿਆ।