ਦਿੱਲੀ ਮੰਤਰੀ ਮੰਡਲ ‘ਚੋਂ ਕੱਢੇ ਗਏ ਕਪਿਲ ਮਿਸ਼ਰਾ ਦਾ ਦਾਅਵਾ-ਕੇਜਰੀਵਾਲ ਨੇ ਲਈ 2 ਕਰੋੜ ਰੁਪਏ ਰਿਸ਼ਵਤ

ਦਿੱਲੀ ਮੰਤਰੀ ਮੰਡਲ ‘ਚੋਂ ਕੱਢੇ ਗਏ ਕਪਿਲ ਮਿਸ਼ਰਾ ਦਾ ਦਾਅਵਾ-ਕੇਜਰੀਵਾਲ ਨੇ ਲਈ 2 ਕਰੋੜ ਰੁਪਏ ਰਿਸ਼ਵਤ

ਕੈਪਸ਼ਨ-‘ਆਪ’ ਵੱਲੋਂ ਅਹੁਦੇ ਤੋਂ ਹਟਾਏ ਦਿੱਲੀ ਦੇ ਜਲ ਮੰਤਰੀ ਕਪਿਲ ਮਿਸ਼ਰਾ ਮੀਡੀਆ ਨੂੰ ਸੰਬੋਧਨ ਕਰਦੇ ਹੋਏ।
ਨਵੀਂ ਦਿੱਲੀ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਬਾਗ਼ੀ ਨੇਤਾ ਕਪਿਲ ਮਿਸ਼ਰਾ ਦੇ ਤੇਵਰ ਨਰਮ ਨਹੀਂ ਪੈ ਰਹੇ। ਕਪਿਲ ਮਿਸ਼ਰਾ ਨੇ ਟੈਂਕਰ ਘੁਟਾਲੇ ਨਾਲ ਜੁੜੀ ਜਾਣਕਾਰੀ ਦੀ ਫਾਈਲ ਏ.ਸੀ.ਬੀ. ਨੂੰ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਗਵਾਹ ਵੀ ਹਨ ਤੇ ਸ਼ਿਕਾਇਤਕਰਤਾ ਵੀ। ਇਸ ਮਾਮਲੇ ਦੀ ਜਾਂਚ ਵਿਚ ਜਾਣਬੁਝ ਕੇ ਦੇਰੀ ਕੀਤੀ ਗਈ। ਕੇਜਰੀਵਾਲ ਅਤੇ ਉਨ੍ਹਾਂ ਦੇ 2 ਸਾਥੀਆਂ ਨੇ ਜਾਣਬੁਝ ਕੇ ਜਾਂਚ ‘ਤੇ ਅਸਰ ਪਾਇਆ। ਹੁਣ ਮੈਂ ਸੀ.ਬੀ.ਆਈ. ਤੋਂ ਸਮਾਂ ਮੰਗਿਆ ਹੈ। ਸ਼ਨਿਚਰਵਾਰ ਨੂੰ ਮੰਤਰੀ ਮੰਡਲ ਵਿਚੋਂ ਕੱਢੇ ਜਾਣ ਮਗਰੋਂ ਕਪਿਲ ਮਿਸ਼ਰਾ ਨੇ ਐਤਵਾਰ ਨੂੰ ਅਰਵਿੰਦ ਕੇਜਰੀਵਾਲ ‘ਤੇ ਗੰਭੀਰ ਦੋਸ਼ ਲਾਏ ਹਨ। ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਅੱਖਾਂ ਸਾਹਮਣੇ ਕੇਜਰੀਵਾਲ ਨੂੰ ਸਤੇਂਦਰ ਜੈਨ ਤੋਂ 2 ਕਰੋੜ ਰੁਪਏ ਲੈਂਦੇ ਹੋਏ ਦੇਖਿਆ ਹੈ। ਉਨ੍ਹਾਂ ਨੇ ਇਸ ਖ਼ਿਲਾਫ਼ ਆਵਾਜ਼ ਉਠਾਈ ਤਾਂ ਉਨ੍ਹਾਂ ਨੂੰ ਮੰਤਰੀ ਮੰਡਲ ‘ਚੋਂ ਕੱਢ ਦਿੱਤਾ ਗਿਆ, ਹਾਲਾਂਕਿ ਆਮ ਆਦਮੀ ਪਾਰਟੀ ਦੇ ਬਾਕੀ ਨੇਤਾ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸ ਰਹੇ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਕਪਿਲ ਮਿਸ਼ਰਾ ਨੇ ਇਕ ਤੋਂ ਬਾਅਦ ਇਕ ਤਿੰਨ ਟਵੀਟ ਕੀਤੇ। ਪਹਿਲੇ ਟਵੀਟ ਵਿਚ ਉਨ੍ਹਾਂ ਕਿਹਾ, ‘ਪਰਸੋਂ ਮੈਂ ਨਕਦ ਲੈਣ-ਦੇਣ ਦੇਖਿਆ ਤੇ ਕੱਲ੍ਹ ਸਵੇਰੇ ਖੁੱਲ੍ਹ ਕੇ ਆਵਾਜ਼ ਚੁੱਕੀ। ਇਕ ਦਿਨ ਦਾ ਇੰਤਜ਼ਾਰ ਵੀ ਅਸੰਭਵ ਸੀ। ਇਸ ਤੋਂ ਬਾਅਦ ਦੂਸਰੇ ਟਵੀਟ ਵਿਚ ਕਪਿਲ ਮਿਸ਼ਰਾ ਨੇ ਕਿਹਾ ਕਿ ਜਿਸ ਦਿਨ ਸਤੇਂਦਰ ਜੈਨ ਜੇਲ੍ਹ ਜਾਣਗੇ, ਉਸ ਦਿਨ ਮੇਰੀ ਇਕ ਇਕ ਗੱਲ ਸੱਚ ਸਿੱਧ ਹੋਵੇਗੀ। ਕੁਝ ਦਿਨਾਂ ਦਾ ਇੰਤਜ਼ਾਰ ਕਰੋ। ਇਸ ਤੋਂ ਇਲਾਵਾ ਤੀਸਰੇ ਟਵੀਟ ਵਿਚ ਕਪਿਲ ਸ਼ਿਮਰਾ ਨੇ ਕਿਹਾ ਕਿ ਕੱਲ੍ਹ ਤਕ ਅਰਵਿੰਦ ਕੇਜਰੀਵਾਲ ਦਿੱਲੀ ਵਿਚ ਨਗਰ ਨਿਗਮ ਚੋਣਾਂ ਵਿਚ ਕਰਾਰੀ ਹਾਰ ਲਈ ਈ.ਵੀ.ਐਮ. ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ ਤੇ ਹੁਣ ਅਚਾਨਕ ਪਾਣੀ ਦਾ ਮੁੱਦਾ ਬਣਾ ਦਿੱਤਾ। ਆਖ਼ਰ ਕਿਉਂ ਹੁਣ ਮੀਡੀਆ ਸਾਹਮਣੇ ਆਉਣ ਤੋਂ ਬਚ ਰਹੇ ਹਨ ਅਰਵਿੰਦ ਕੇਜਰੀਵਾਲ।’
ਜ਼ਮੀਨ ਦੇ ਲੈਣ-ਦੇਣ ਨੂੰ ਲੈ ਕੇ ਨਕਦ ਦੇਣ ਦੀ ਗੱਲ :
ਮਿਸ਼ਰਾ ਨੇ ਕਿਹਾ ਕਿ ਕਾਨੂੰਨ ਨੂੰ ਆਪਣੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਮੈਂ 2 ਸਾਲ ਦਾ ਕੈਬਨਿਟ ਸਾਥੀ ਰਿਹਾ ਹਾਂ। ਉਨ੍ਹਾਂ ਕਿਹਾ ਕਿ ਪਰਸੋਂ ਹੀ ਜ਼ਮੀਨ ਦੇ ਸੌਦੇ ਦੇ 2 ਕਰੋੜ ਰੁਪਏ ਨਗਦ ਅਰਵਿੰਦ ਕੇਜਰੀਵਾਲ ਨੇ ਪੈਸੇ ਲਏ।’ ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਜ਼ਮੀਨ ਦਾ ਸੌਦਾ ਕੀਤਾ ਗਿਆ ਸੀ। ਇਹ ਜ਼ਮੀਨ 50 ਕਰੋੜ ਰੁਪਏ ਦੀ ਸੀ। ਇਹ ਜ਼ਮੀਨ ਅਰਵਿੰਦ ਕੇਜਰੀਵਾਲ ਦੇ ਰਿਸ਼ਤੇਦਾਰ ਦੀ ਸੀ।
ਮਿਸ਼ਰਾ ਨੇ ਕਿਹਾ-ਕੇਜਰੀਵਾਲ ਬੋਲੇ ਸਨ ਕਿ ਸਿਆਸਤ ਵਿਚ ਬਹੁਤ ਕੁਝ ਹੁੰਦੈ :
ਕਪਿਲ ਮਿਸ਼ਰਾ ਨੇ ਕਿਹਾ ਕਿ ਇਹ ਗੱਲ ਉਨ੍ਹਾਂ ਨੂੰ ਸਤੇਂਦਰ ਜੈਨ ਨੇ ਦੱਸੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨਾਲ ਇਸ ਮੁੱਦੇ ‘ਤੇ ਗੱਲਬਾਤ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ 2 ਕਰੋੜ ਦੇ ਲੈਣ-ਦੇਣ ਦੀ ਗੱਲ ‘ਤੇ ਵੀ ਮੈਂ ਕੇਜਰੀਵਾਲ ਨੂੰ ਪੁਛਿਆ ਕਿ ਇਹ ਨਗਦ ਕਿਉਂ ਲਿਆ ਗਿਆ। ਮੈਂ ਪੁਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਿਆਸਤ ਵਿਚ ਬਹੁਤ ਕੁਝ ਹੁੰਦਾ ਹੈ। ਇਸ ਦਾ ਸਮੇਂ ‘ਤੇ ਜਵਾਬ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤੋਂ ਵੀ ਗ਼ਲਤੀ ਹੋਈ ਹੋਵੇਗੀ। ਉਹ ਵੀ ਇਨਸਾਨ ਹਨ। ਗ਼ਲਤੀ ਉਨ੍ਹਾਂ ਤੋਂ ਵੀ ਹੋ ਸਕਦੀ ਹੈ। ਲੋਕਾਂ ਦੇ ਸਾਹਮਣੇ ਆ ਕੇ ਉਨ੍ਹਾਂ ਨੂੰ ਸਫ਼ਾਈ ਦੇਣੀ ਚਾਹੀਦੀ ਹੈ।
ਮਿਸ਼ਰਾ ਦਾ ਇਹ ਵੀ ਦਾਅਵਾ ਹੈ ਕਿ ਉਸ ਨੂੰ ਇਸ ਲਈ ਹਟਾਇਆ ਗਿਆ ਕਿਉਂਕਿ ਉਨ੍ਹਾਂ ਕੁਝ ਸਮੇਂ ਤੋਂ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਕਾਰਨ ਪਾਰਟੀ ਆਗੂਆਂ ਉਤੇ ਦਬਾਅ ਪਾਇਆ ਸੀ। ਉਨ੍ਹਾਂ ਪੰਜਾਬ ਚੋਣ ਫੰਡਾਂ ਵਿੱਚ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਹਵਾਲਾ ਕਾਰੋਬਾਰ, ਕਾਲਾ ਧਨ ਅਤੇ ਮੰਤਰੀ ਜੈਨ ਦੀ ਧੀ ਦੀ ਨਿਯੁਕਤੀ ਤੋਂ ਲੈ ਕੇ ਲਗਜ਼ਰੀ ਬੱਸ ਸਕੀਮ, ਸੀਐਨਜੀ ਫਿਟਨੈੱਸ ਟੈਸਟ ਘਪਲੇ ਉਸ ਦੀ ਜਾਣਕਾਰੀ ਵਿੱਚ ਹਨ।
ਸਿਸੋਦੀਆ ਬੋਲੇ-ਦੋਸ਼ ਬੇਬੁਨਿਆਦ:
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬਾਹਰ ਆ ਕੇ ਮੀਡੀਆ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਪਿਲ ਮਿਸ਼ਰਾ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਤੇ ਕਿਹਾ ਕਿ ਇਨ੍ਹਾਂ ਦੋਸ਼ਾਂ ਨੂੰ ਕੋਈ ਸਵੀਕਾਰ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਮਿਸ਼ਰਾ ਦੇ ਦੋਸ਼ ਬੇਬੁਨਿਆਦ ਹਨ।
ਕੁਮਾਰ ਵਿਸ਼ਵਾਸ ਬੋਲੇ-ਮੈਂ ਕੇਜਰੀਵਾਲ ਨੂੰ 12 ਸਾਲ ਤੋਂ ਜਾਣਦਾ ਹਾਂ :
ਕੁਮਾਰ ਵਿਸ਼ਵਾਸ ਨੇ ਕਿਹਾ, ‘ਮੈਂ 12 ਸਾਲ ਤੋਂ ਕੇਜਰੀਵਾਲ ਨੂੰ ਜਾਣਦਾ ਹਾਂ, ਉਹ ਭ੍ਰਿਸ਼ਟਾਚਾਰ ਕਰਨ, ਮੈਂ ਮੰਨ ਹੀ ਨਹੀਂ ਸਕਦਾ। ਬਿਨਾਂ ਆਧਾਰ ਦੇ ਦੋਸ਼ ਲਾਉਣਾ ਗ਼ਲਤ ਹੈ।’ ਹਾਲ ਹੀ ਵਿਚ ‘ਆਪ’ ਵਲੋਂ ਰਾਜਸਥਾਨ ਦੇ ਇੰਚਾਰਜ ਬਣਾਏ ਗਏ ਕੁਮਾਰ ਵਿਸ਼ਵਾਸ ਨੇ ਕਿਹਾ ਕਿ ਕੇਜਰੀਵਾਲ ਦੇ ਰਿਸ਼ਵਤ ਲੈਣ ਦੀ ਗੱਲ ਸੋਚੀ ਵੀ ਨਹੀਂ ਜਾ ਸਕਦੀ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਮੁਸ਼ਕਲ ਦੀ ਇਸ ਘੜੀ ਵਿਚ ਅਰਵਿੰਦ ਕੇਜਰੀਵਾਲ ਦਾ ਸਾਥ ਦੇਣ। ਇਸ ਤੋਂ ਪਹਿਲਾਂ ਕੁਮਾਰ ਵਿਸ਼ਵਾਸ ਨੇ ਟਵੀਟ ‘ਤੇ ਵਰਕਰਾਂ ਨੂੰ ਇਕਜੁਟ ਰਹਿਣ ਦੀ ਅਪੀਲ ਕੀਤੀ। ਟਵੀਟ ਵਿਚ ਕੁਮਾਰ ਵਿਸ਼ਵਾਸ ਨੇ ਲਿਖਿਆ, ‘ਸਾਥੀਆਂ-ਕਰਮਚਾਰੀਆਂ ਨੂੰ ਅਪੀਲ ਹੈ ਕਿ ਹਿੰਮਤ ਰੱਖਣ, ਆਪਣਾ ਭਰੋਸਾ ਬਣਾਈ ਰੱਖਣ।’
ਜ਼ਿਕਰਯੋਗ ਹੈ ਕਿ ਦਿੱਲੀ ਦੇ ਬਰਤਰਫ਼ ਮੰਤਰੀ ਕਪਿਲ ਮਿਸ਼ਰਾ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਜ਼ਮੀਨ ਸੌਦੇ ਵਿੱਚ ਸਾਥੀ ਮੰਤਰੀ ਤੋਂ ਦੋ ਕਰੋੜ ਰੁਪਏ ਲੈਣ ਦਾ ਦੋਸ਼ ਲਾਉਣ ਨਾਲ ਮੁੱਖ ਮੰਤਰੀ ਦੇ ਸਿੰਘਾਸਨ ਦੀਆਂ ਚੂਲਾਂ ਹਿੱਲ ਗਈਆਂ। ਇਨ੍ਹਾਂ ਦੋਸ਼ਾਂ ਨਾਲ ਆਮ ਆਦਮੀ ਪਾਰਟੀ ਵਿੱਚ ਤੂਫ਼ਾਨ ਖੜ੍ਹਾ ਹੋ ਗਿਆ। ਵਿਰੋਧੀ ਧਿਰਾਂ ਨੇ ਕੇਜਰੀਵਾਲ ਤੋਂ ਨੈਤਿਕਤਾ ਦੇ ਆਧਾਰ ਉਤੇ ਅਸਤੀਫ਼ਾ ਮੰਗਿਆ। ਦਿੱਲੀ ਪ੍ਰਦੇਸ਼ ਭਾਜਪਾ ਵਿਧਾਇਕ ਦਲ ਦਾ ਵਫ਼ਦ ਉਪ ਰਾਜਪਾਲ ਅਨਿਲ ਬੈਜਲ ਨੂੰ ਮਿਲਿਆ ਤੇ ਮੰਗ ਕੀਤੀ ਕਿ ਉਹ ਸ੍ਰੀ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ  ਤੋਂ ਬਰਖ਼ਾਸਤ ਕਰਨ ਦੀਆਂ ਸੰਭਾਵਨਾਵਾਂ ਦਾ ਅਧਿਐਨ ਕਰਨ।
ਦੂਜੇ ਪਾਸੇ ਦਿੱਲੀ ਪ੍ਰਦੇਸ਼ ਕਾਂਗਰਸ ਦੇ  ਪ੍ਰਧਾਨ ਅਜੈ ਮਾਕਨ ਨੇ ਵੀ ਕਿਹਾ ਕਿ ਜਿਹੜੇ ਆਦਰਸ਼ਾਂ ਨੂੰ ਲੈ ਕੇ ਕੇਜਰੀਵਾਲ ਸੱਤਾ ਵਿੱਚ  ਆਏ ਸਨ, ਉਹ ਹੁਣ ਪਿੱਛੇ ਰਹਿ ਗਏ ਹਨ।
ਉਨ੍ਹਾਂ ਕਿਹਾ ਕਿ ਹੁਣ ਤੱਕ ਚਾਰ ਮੰਤਰੀਆਂ ਨੂੰ  ਹਟਾਇਆ ਜਾ ਚੁੱਕਾ ਹੈ ਅਤੇ ਛੇ ਵਿਧਾਇਕਾਂ, ਮੰਤਰੀਆਂ ‘ਤੇ ਦੋਸ਼ ਲੱਗ ਚੁੱਕੇ ਹਨ। ਸੀਨੀਅਰ  ਕਾਂਗਰਸੀ ਆਗੂ ਸ਼ਕੀਲ ਅਹਿਮਦ ਨੇ ਕਿਹਾ ਕਿ ਕੇਜਰੀਵਾਲ ਨੂੰ ਤੁਰੰਤ ਅਸਤੀਫ਼ਾ ਦੇ  ਕੇ ਲਾਂਭੇ ਹੋ ਜਾਣਾ ਚਾਹੀਦਾ ਹੈ। ਕਾਂਗਰਸ ਦੇ ਯੂਥ ਵਿੰਗ ਨੇ ਅਰਵਿੰਦ ਕੇਜਰੀਵਾਲ ਦੇ ਸਰਕਾਰੀ ਗ੍ਰਹਿ ਨੇੜੇ ਰੋਸ ਪ੍ਰਦਰਸ਼ਨ ਕੀਤਾ ਤੇ ਕੇਜਰੀਵਾਲ ਦੇ ਅਸਤੀਫ਼ੇ ਦੀ ਮੰਗ ਕੀਤੀ। ਯੂਥ ਵਿੰਗ ਦੇ ਕਾਰਕੁਨ ਸਿਵਲ ਲਾਈਨਜ਼ ਦੀ ਫਲੈਗ ਸਟਾਫ਼ ਰੋਡ ‘ਤੇ  ਕੇਜਰੀਵਾਲ ਦੀ ਕੋਠੀ ਨੇੜੇ ਇਕੱਠੇ ਹੋਏ ਤੇ ਉਹ ਸਰਕਾਰੀ ਰਿਹਾਇਸ਼ ਵੱਲ ਵਧੇ। ਦਿੱਲੀ  ਪੁਲੀਸ ਨੇ ਉਨ੍ਹਾਂ ਨੂੰ ਰਾਹ ਵਿੱਚ ਹੀ ਰੋਕ ਲਿਆ। ਜਦੋਂ ਪ੍ਰਦਰਸ਼ਨਕਾਰੀ ਅੱਗੇ ਵਧਣ ਲਈ ਜ਼ਬਰਦਸਤੀ ਕਰਨ ਲੱਗੇ ਤਾਂ ਪੁਲੀਸ ਨੇ ਜਲ-ਤੋਪਾਂ ਨਾਲ ਉਨ੍ਹਾਂ ਨੂੰ ਖਦੇੜ ਦਿੱਤਾ।