ਗਾਂਧੀ ਮੁੜ ਹੋ ਰਿਹਾ ਹੈ ਬੇਨਕਾਬ-2

ਗਾਂਧੀ ਮੁੜ ਹੋ ਰਿਹਾ ਹੈ ਬੇਨਕਾਬ-2

ਗਾਂਧੀ ਨੇ ਦੱਖਣੀ ਅਫ਼ਰੀਕਾ ਵਿਚ ਬਣਾਇਆ ਸੀ ਨਸਲੀ ਆਧਾਰ ਉਤੇ “ਥ੍ਰੀ-ਟਾਇਰਡ ਸਿਸਟਮ”: ਵਿਸ਼ਲੇਸ਼ਕ
ਬਲਾਟਾਇਰ (ਮਲਾਵੀ)/ਬਿਊਰੋ ਨਿਊਜ਼ :
ਦੱਖਣੀ ਅਫਰੀਕੀ ਮੁਲਕ ਮਲਾਵੀ ਦੇ ਨਾਗਰਿਕ ਮੋਹਨ ਦਾਸ ਗਾਂਧੀ ਦੀ ਮੂਰਤੀ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਬਲਾਟਾਇਰ ਵਿਚ ਸਥਾਪਿਤ ਕਰਨ ਤੋਂ ਰੋਕਣ ਲਈ ਸੰਘਰਸ਼ ਕਰ ਰਹੇ ਹਨ। ਅਜਿਹਾ ਉਹ ਮੋਹਨ ਦਾਸ ਗਾਂਧੀ ਦੀਆਂ ਨਸਲੀ ਵਿਤਕਰਿਆਂ ਤੇ ਜਾਤਪਾਤੀ ਛੂਆਛਾਤ ਦੀਆਂ ਨੀਤੀਆਂ ਦੇ ਸਬੂਤਾਂ ਸਮੇਤ ਹੋ ਰਹੇ ਖੁਲਾਸਿਆਂ ਦੇ ਮੱਦੇਨਜ਼ਰ ਕਰ ਰਹੇ ਹਨ।
ਗੌਤਲਬ ਹੈ ਕਿ ਬੀਤੇ ਦਿਨੀਂ ਅਮਰੀਕਨ ਹਾਊਸ ਆਫ ਰਿਪਰਜ਼ੈਂਟੇਟਿਵਜ਼ ਵਿਚ ਮਹਾਤਮਾ ਗਾਂਧੀ ਨੂੰ ਮਰਨ ਤੋਂ ਬਾਅਦ ਅਮਰੀਕਾ ਦੇ ਵੱਕਾਰੀ ਗੋਲਡ ਮੈਡਲ ਪੁਰਸਕਾਰ ਦੇਣ ਬਾਰੇ ਮਤੇ ਦੇ ਵਿਰੋਧ ਦਾ ਮਾਮਲਾ ਵੀ ਭਖਿਆ ਹੀ ਹੋਇਆ ਹੈ। ਅਮਰੀਕਾ ਵਿਚ ਔਰਤਾਂ ਨਾਲ ਲਿੰਗਕ ਅਪਰਾਧਾਂ ਖਿਲਾਫ ਕੰਮ ਕਰਨ ਵਾਲੀਆਂ ਸ਼ਖਸੀਅਤਾਂ, ਮਨੁੱਖੀ ਅਧਿਕਾਰ ਕਾਰਕੁੰਨਾਂ, ਘੱਟ ਗਿਣਤੀ ਹੱਕਾਂ ਦੇ ਰਾਖਿਆਂ ਵੱਲੋਂ ਇਸ ਮਤੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਵਿਰੋਧ ਵਿਚ ਇਕ ਲੰਮਾ ਪੱਤਰ ਲਿਖਿਆ ਗਿਆ ਹੈ, ਜਿਸ ਵਿਚ ਗਾਂਧੀ ਦੇ ਕਥਿਤ ”ਕਾਲੇ ਕਾਰਨਾਮਿਆਂ” ਦਾ ਕੱਚਾ ਚਿੱਠਾ ਖੋਲ੍ਹਿਆ ਗਿਆ ਹੈ, ਜਿਸ ਵਿਚ ਮੋਹਨ ਦਾਸ ਗਾਂਧੀ ਉਤੇ ਆਪਣੀਆਂ ਹੀ ਰਿਸ਼ਤੇਦਾਰ ਕੁੜੀਆਂ ਦਾ ਸਰੀਰਕ ਸ਼ੋਸ਼ਣ ਕਰਨ ਤਕ ਦੇ ਸੰਗੀਨ ਇਲਜ਼ਾਮ ਲਗਾਏ ਗਏ ਹਨ।
ਮਲਾਵੀ ਦੇ ਨਾਗਰਿਕ ਮੋਹਨਦਾਸ ਦੀ “ਮਹਾਤਮਾ” ਵਾਲੀ ਮੂਰਤੀ ਨੂੰ ਹਜਮ ਕਰਨ ਨੂੰ ਤਿਆਰ  ਨਹੀਂ ਹਨ। ਦੱਖਣੀ ਅਫ਼ਰੀਕਾ ਵਿਚ ਗਾਂਧੀ ਦੇ 21 ਸਾਲ ਰਹਿਣ ਨਾਲ ਸਬੰਧਤ ਨਵੀਂ ਸਕਾਲਰਸ਼ਿਪ ਵੀ ਸ਼ੁਰੂ ਹੋਈ ਹੈ। ਮਲਾਵੀ ਦੇ ਮੀਡੀਆ ਵਿਚ ਦੱਖਣ ਏਸ਼ੀਅਨ ਮਾਮਲਿਆਂ ਦੇ ਇੱਕ ਵਿਸ਼ਲੇਸ਼ਕ ਪੈਟਰ ਫਰੈਡਰਿਕ ਦੇ ਹਵਾਲੇ ਨਾਲ ਮੋਹਨ ਦਾਸ ਗਾਂਧੀ ਦੇ ਸਿਆਸੀ ਤੇ ਸਦਾਚਾਰਕ ਦੰਭ ਦੀਆਂ ਧੱਜੀਆਂ ਉਡਾਉਂਦੇ ਲੇਖ ਤੇ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ। ਇਕ ਅਜਿਹੀ ਹੀ ਮੀਡੀਆ ਰਿਪੋਰਟ ਵਿਚ ਫਰੈਡਰਿਕ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ , “ਗਾਂਧੀ ਨੇ ਦੱਖਣੀ ਅਫ਼ਰੀਕਾ ਵਿੱਚ ਨਸਲੀ-ਵਿਤਕਰੇ ਦੇ ਵੱਖਰੇ ਕਾਨੂੰਨਾਂ ਲਈ ਲੜਾਈ ਲੜੀ, ਨਾ ਕਿ ਨਸਲੀ ਵਿਤਕਰੇ ਦੇ ਖਿਲਾਫ ਕੋਈ ਮਾਅਰਕਾ ਮਾਰਿਆ, ਜਿਹਾ ਕਿ ਆਮ ਹੀ ਪਰਚਾਰਿਆ ਜਾਂਦਾ ਹੈ। ਜਦੋਂ ਗਾਂਧੀ  ਲੰਡਨ ਤੋਂ ਕਾਨੂੰਨ ਦੀ ਡਿਗਰੀ ਲੈ ਕੇ ਦੱਖਣੀ ਅਫ਼ਰੀਕਾ ਪਹੁੰਚੇ ਤਾਂ ਉਸ ਦੀ ਪਹਿਲੀ ਕਾਰਵਾਈ ਡਰਬਨ ਸ਼ਹਿਰ ਦੇ ਡਾਕਘਰ ਵਿਚ ਜਾਣ ਲਈ ਤੀਜੇ ਦਰਵਾਜ਼ੇ ਦੀ ਸਥਾਪਨਾ ਦੀ ਮੰਗ ਕਰਨਾ ਸੀ। ਇਸ ਡਾਕਘਰ ਵਿਚ ਜਾਣ ਲਈ ਪਹਿਲਾਂ ਹੀ ਦੋ ਦਰਵਾਜ਼ੇ ਸਨ, ਇਕ ਗੋਰਿਆਂ ਲਈ ਅਤੇ ਦੂਸਰਾ ਸਾਰੇ ਗੈਰ-ਗੋਰਿਆਂ ਲਈ। ਗਾਂਧੀ ਨੇ ਇਸ ਵਿਤਕਰੇ ਦਾ ਵਿਰੋਧ ਕਰਨ ਦੀ ਬਜਾਏ, ਭਾਰਤੀਆਂ ਨੂੰ ਕਾਲੇ ਅਫਰੀਕਨਾਂ ਤੋਂ ਅਲੱਗ ਇਕ ਹੋਰ ਤੀਜੇ ਦਰਵਾਜ਼ੇ ਦੀ ਮੰਗ ਕੀਤੀ।”
ਅਫਰੀਕੀ ਮੀਡੀਆ ਵਿਚ ਫਰੈਡਰਿਕ ਦੇ ਅਮਰੀਕਾ ਦੇ ਕੈਲੀਫੋਰਨੀਆ ਵਿਚ ਸੈਕਰਾਮੈਂਟੋ ਸਟੇਟ ਯੂਨੀਵਰਸਿਟੀ ਵਿਚ ਦਿੱਤੇ ਇਕ ਲੈਕਚਰ ਦਾ ਵੀ ਵਿਸਥਾਰ ਵਿਚ ਜ਼ਿਕਰ ਹੋ ਰਿਹਾ ਹੈ, ਜੋ ਯੂ-ਟਿਊਬ ਉਤੇ ਹੈ। ਇਸ ਵਿਚ ਫਰੈਡਰਿਕ ਦੱਖਣੀ ਅਫ਼ਰੀਕਾ ਵਿਚ ਗਾਂਧੀ ਦੁਆਰਾ ਦਿੱਤੇ ਗਏ ਕਈ ਬਿਆਨ ਅਤੇ ਕਾਰਵਾਈਆਂ ਦਾ ਵਿਸ਼ਲੇਸ਼ਣ ਕਰਦਾ ਹੈ। ਫਰੈਡਰਿਕ ਦੱਸਦਾ ਹੈ ਕਿ “ਉਹ ਸਿਰਫ 26 ਸਾਲਾਂ ਦਾ ਸੀ, ਜਦੋਂ ਉਸਨੇ ਡਰਬਨ ਪੋਸਟ ਆਫਿਸ ਨੂੰ ਨਸਲੀ ਤੌਰ ਉਤੇ ਵੱਖ ਕਰਨ ਲਈ ਕੰਮ ਕੀਤਾ।” ਉਹ ਦੱਸਦੇ ਹਨ ਕਿ ਗਾਂਧੀ ਨੇ ਸੰਨ 1903 ਵਿੱਚ 34 ਸਾਲ ਦੀ ਉਮਰ ਵਿਚ ਬਸਤੀਵਾਦੀ ਬ੍ਰਿਟਿਸ਼ ਸਰਕਾਰ ਨੂੰ ਇੱਕ ਪੱਤਰ ਲਿਖਿਆ ਸੀ, ਕਿ ਦੱਖਣੀ ਅਫ਼ਰੀਕਾ ਵਿਚ ਗੋਰੀ ਨਸਲ ਦੀ ਪ੍ਰਮੁੱਖਤਾ ਤੇ ਪਹਿਲੀ ਥਾਂ ਹੋਣੀ ਚਾਹੀਦੀ ਹੈ। ਉਹ ਅੱਗੇ ਕਹਿੰਦਾ ਹੈ : “ਗਾਂਧੀ ਦੀ ਸੰਨ 1925 ਵਿਚ ਲਿਖੀ ਆਤਮਕਥਾ ਦਾ ਅਤੇ ਉਸ ਦੇ ਸਮਕਾਲੀਆਂ ਦੀਆਂ ਲਿਖਤਾਂ ਦਾ ਤੁਲਨਾਤਮਕ ਵਿਸ਼ਲੇਸ਼ਣ ਕਰਕੇ ਉਪਰੋਕਤ ਸਾਰੇ ਵਿਰੋਧਾਭਾਸਾਂ ਦਾ ਪਰਦਾਫਾਸ਼ ਕੀਤਾ ਜਾ ਸਕਦਾ ਹੈ। ਇਸ ਨੂੰ ਦੱਖਣੀ ਅਫ਼ਰੀਕਾ ਵਿਚ ਆਪਣੀਆਂ ਕਾਰਵਾਈਆਂ ਬਾਰੇ ਸਿਰਫ ਗਾਂਧੀ ਦੇ ਝੂਠ ਬੋਲਣ ਦੇ ਰੂਪ ਵਿਚ ਹੀ ਸਮਝਿਆ ਜਾ ਸਕਦਾ ਹੈ। ਗਾਂਧੀ ਨੇ ਦੱਖਣੀ ਅਫ਼ਰੀਕਾ ਵਿਚ ਰਹਿੰਦਿਆਂ ਆਪਣੇ ਦੋ ਦਹਾਕਿਆਂ ਦੇ ਸਮੁੱਚੇ ਸਮੇਂ ਵਿਚ ਵਾਰ-ਵਾਰ ਕਾਲੇ ਲੋਕਾਂ ਦੇ ਅਪਮਾਨ ਬਾਰੇ ਤਾਂ ਲਿਖਿਆ ਪਰ ਨਾਲ ਹੀ ਭਾਰਤੀਆਂ ਅਤੇ ਕਾਲਿਆਂ ਨੂੰ ਵੱਖ-ਵੱਖ ਕਰਨ ਲਈ ਨਸਲੀ ਵੰਡ ਦੀ ਵਿਵਸਥਾ ਕਾਇਮ ਕਰਨ ਲਈ ਵੀ ਕੰਮ ਕੀਤਾ। ਇਕ ਤਰ੍ਹਾਂ ਗਾਂਧੀ ਨੇ ਸਮਾਨਤਾ ਦੇ ਖਿਲਾਫ ਰੋਸ ਪ੍ਰਗਟ ਕੀਤਾ। ਉਹ ਸੰਨ 1895 ਵਿਚ ਉਪਨਿਵੇਸ਼ੀ ਸਰਕਾਰ ਨੂੰ ਇਕ ਪਟੀਸ਼ਨ ਵਿਚ “ਬ੍ਰਾਹਮਣਵਾਦ“ ਦੀ ਸ਼ਲਾਘਾ ਕਰਦੇ ਸੰਕੇਤ ਦਿੰਦੇ ਹਨ ਕਿ ਜਾਤ ਅਧਾਰਤ ਦਰਸ਼ਨ ਵਿਚ ਸਭ ਤੋਂ ਉੱਚੀ ਜਾਤੀ ਦੇ ਬ੍ਰਾਹਮਣਾਂ ਨੂੰ ਸਰਬੋਤਮ ਦਰਜੇ ਦੇ ਰੂਪ ਵਿੱਚ ਰੱਖਿਆ ਜਾਂਦਾ ਹੈ।”
ਫਰੈਡਰਿਕ ਇਹ ਵੀ ਦੱਸਦਾ ਹੈ ਕਿ ਗਾਂਧੀ ਦੇ ਦੱਖਣ ਅਫਰੀਕੀ ਕਿਆਮ ਦੇ ਸਮੇਂ ਬਾਰੇ ਪਹਿਲਾਂ ਜਾਣਕਾਰੀ ਦੀ ਘਾਟ ਸੀ ਪਰ ਹੁਣ ਅਜਿਹਾ ਨਹੀਂ ਹੈ, ਹੁਣ ਸੱਚ ਸਭ ਦੇ ਸਾਹਮਣੇ ਆ ਰਿਹਾ ਹੈ। 21 ਵੀਂ ਸਦੀ ਤੋਂ ਪਹਿਲਾਂ ਅਕਾਦਮਿਕ ਖੋਜਾਰਥੀਆਂ ਦੀ ਕਿਸੇ ਵੀ ਮੂਲ ਸ੍ਰੋਤ ਤੇ ਸਮੱਗਰੀ ਤੱਕ ਪਹੁੰਚ ਨਹੀਂ ਸੀ ਹੁੰਦੀ, ਪਰ ਹੁਣ ਡਿਜ਼ੀਟਾਈਲੇਸ਼ਨ ਹੋਣ ਕਰਕੇ ਬਹੁਤ ਸਾਰੇ ਨਵੇਂ ਤੱਥਾਂ ਦਾ ਪਤਾ ਲੱਗਿਆ ਹੈ। ਪਹਿਲਾਂ ਸਿਰਫ ਗਾਂਧੀ ਦੀ ਸਵੈ-ਪ੍ਰਚਾਰਕ ਆਤਮਕਥਾ ਸੀ, ਜਾਂ ਸੰਨ 1909 ਵਿਚ ਲਿਖੀ ਪਹਿਲੀ ਜੀਵਨੀ ਜਿਹੀ ਰਚਨਾ ਸੀ। ਇਹ ਵਾਸਤਵਿਕ ਅਤੇ ਸਹੀ ਇਤਿਹਾਸਿਕ ਬਿਰਤਾਂਤ ਲਈ ਭਰੋਸੇਯੋਗ ਸਮੱਗਰੀ ਹੀ ਨਹੀਂ ਹੈ।” ਫਰੈਡਰਿਕ ਇਥੋਂ ਤਕ ਕਹਿੰਦਾ ਹੈ ਕਿ ਸਾਲਾਂ ਤੋਂ ਗਾਂਧੀ ਨੇ ਕਈ ਅਫਰੀਕੀ ਮਹਾਨ ਆਗੂਆਂ ਹੈਲੇ ਸੇਲਾਸੀ, ਡਾ. ਮਾਰਟਿਨ ਲੂਥਰ ਕਿੰਗ, ਜੂਨੀਅਰ ਅਤੇ ਨੇਲਸਨ ਮੰਡੇਲਾ ਵਰਗਿਆਂ ਵਿਚ ਮਾਨਤਾ ਪ੍ਰਾਪਤ ਕੀਤੀ ਹੋਈ ਹੈ ਪਰ ਉਨ੍ਹਾਂ ਕੋਲ ਉਸ ਜਾਣਕਾਰੀ ਦੀ ਪਹੁੰਚ ਨਹੀਂ ਸੀ, ਜੋ ਸਾਡੇ ਕੋਲ ਹੈ।
ਫਰੈਡਰਿਕ ਗਾਂਧੀ ਦੇ ਬ੍ਰਿਟਿਸ਼ ਫ਼ੌਜ ਲਈ ਬ੍ਰਿਟੇਨ ਨੂੰ ਹਥਿਆਰਾਂ ਦੀ ਸਪਲਾਈ ਅਤੇ ਸਿਖਲਾਈ ਦੇਣ ਲਈ ਮਨਾਉਣ ਦੀ ਕੋਸ਼ਿਸ਼ ਕਰਨ, ਬ੍ਰਿਟੇਨ ਦੀਆਂ ਫੌਜਾਂ ਨੂੰ ਫੰਡ ਦੇਣ ਲਈ ਅਖਬਾਰਾਂ ਵਿਚ ਲਿਖਣ ਦੀਆਂ ਉਦਾਹਰਣਾਂ ਪੇਸ਼ ਕਰਦੇ ਹਨ।
ਇਹਨਾਂ ਮੀਡੀਆ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਗਾਂਧੀ ਨੇ ੧੯20 ਦੇ ਦਹਾਕੇ ਦੇ ਅੱਧ ਤੋਂ ਲੈ ਕੇ 40 ਵੇਂ ਦਹਾਕੇ ਤੱਕ ਜਾਤੀਵਾਦ ਦਾ ਪੱਖ ਪੂਰਿਆ। ਉਹ ਭਾਰਤ ਵਾਪਸ ਪਰਤਣ ਤੋਂ ਬਾਅਦ ਨਸਲੀ ਭੇਦਭਾਵ ਨੂੰ ਉਤਸ਼ਾਹਿਤ ਕਰਨਾ ਬੰਦ ਕਰ ਦਿੰਦਾ ਹੈ, ਪਰ ਇਸ ਲਈ ਕਿਉਂਕਿ ਇਥੇ ਉਹ ਕਾਲ਼ੀ ਅਫਰੀਕਨ ਜਨਸੰਖਿਆ ਨਾਲ ਘਿਰਿਆ ਹੋਇਆ ਨਹੀਂ ਸੀ। ਸੰਨ 1905 ਵਿਚ ਉਹ ਵੱਖਰੇ ਸਕੂਲਾਂ ਦੀ ਮੰਗ ਕਰ ਰਿਹਾ ਸੀ, “ਇਕ ਚਿੱਠੀ ਵਿਚ ਗਾਂਧੀ ਨੇ ਬਸਤੀਵਾਦੀ ਸਰਕਾਰ ਨੂੰ ਲਿਖਿਆ ਕਿ ਸਾਰੇ ਬੱਚਿਆਂ ਲਈ ਸਕੂਲ ਖੋਲ੍ਹਣ ਦਾ ਫ਼ੈਸਲਾ ਭਾਰਤੀ ਭਾਈਚਾਰੇ ਨਾਲ ਅਨਿਆਂ ਹੈ ਅਤੇ ਇਹ ਮੰਗ ਕੀਤੀ ਕਿ ਕੇਵਲ ਭਾਰਤੀ ਬੱਚਿਆਂ ਲਈ ਰਾਖਵਾਂ ਸਕੂਲ ਰੱਖਿਆ ਜਾਵੇ।”
ਇਸ ਦੌਰਾਨ ਮਲਾਵੀ ਵਿਚ ਗਾਂਧੀ ਦੀ ਮੂਰਤੀ ਦੇ ਵਿਰੋਧੀ ਅੰਦੋਲਨ ਦੌਰਾਨ ਇਕ ਬਿਆਨ ਵਿਚ ਕਿਹਾ ਗਿਆ ਹੈ, ਕਿ “ਅਸੀਂ ਇਹ ਮੰਗ ਕਰਦੇ ਹਾਂ ਕਿ ਮੂਰਤੀ ਪ੍ਰਾਜੈਕਟ ਨੂੰ ਬੰਦ ਕੀਤਾ ਜਾਵੇ।”
ਗੌਰਤਲਬ ਹੇ ਕਿ ਗਾਂਧੀ ਸੰਨ 1905 ਵਿਚ 36 ਸਾਲ ਦੇ ਸਨ ਜਦੋਂ ਉਸ ਨੇ ਭਾਰਤੀਆਂ ਨੂੰ ਜ਼ੁਲੂ ਦੇ ਆਜ਼ਾਦੀ ਘੁਲਾਟੀਆਂ ਨਾਲ ਲੜਨ ਵਾਸਤੇ ਬ੍ਰਿਟਿਸ਼ ਫ਼ੌਜ ਵਿਚ ਭਰਤੀ ਹੋਣ ਦੀ ਮੰਗ ਕੀਤੀ ਸੀ। ਇਸ ਦੀ ਚਰਚਾ ਵੀ ਗਾਂਧੀ ਦੀ ਮੂਰਤੀ ਦਾ ਵਿਰੋਧ ਕਰ ਰਹੇ ਲੋਕਾਂ ਵਿਚ ਹੈ।
ਸੰਨ 1907 ਵਿਚ ਗਾਂਧੀ ਨੇ ਕਾਲੇ ਲੋਕਾਂ ਬਾਰੇ ਅਪਮਾਨਜਨਕ ਟਿੱਪਣੀ ਕਰਦਿਆਂ ਉਨ੍ਹਾਂ ਨੂੰ ਬਹੁਤ ਗੰਦੇ ਅਤੇ ਜਾਨਵਰਾਂ ਵਰਗੇ ਲਿਖਿਆ ਸੀ। ਇਥੇ ਗਾਂਧੀ ਦੇ ਕਾਮੁਕ ਕਿੱਸਿਆਂ ਦੀ ਚਰਚਾ ਵੀ ਚੱਲ ਰਹੀ ਹੈ। ਗਾਂਧੀ ਦੀ ਆਤਮ ਕਥਾ ਦਾ ਇਕ ਵੱਡਾ ਹਿੱਸਾ ਦੱਖਣੀ ਅਫ਼ਰੀਕਾ ਵਿਚ ਬਿਤਾਏ ਆਪਣੇ ਸਮੇਂ ਦੀਆਂ ਘਟਨਾਵਾਂ ਨਾਲ ਸਬੰਧਿਤ ਹੈ। ਇਸ ਦੇ ਆਧਾਰ ਉਤੇ ਜੋ ਸਵਾਲ ਚੁੱਕੇ ਜਾ ਰਹੇ ਹਨ, ਉਨ੍ਹਾਂ ਵਿਚ ਗਾਂਧੀ ਦੇ ਦੋਗਲੇ ਕਿਰਦਾਰ ਨੂੰ ਲੈ ਕੇ ਕਾਫੀ ਤਰਕ-ਵਿਤਰਕ ਹੋ ਰਹੇ ਹਨ।