ਬੇਅ ਏਰੀਏ ਦੇ ਭਰਵੀਂ ਸਿੱਖ ਵਸੋਂ ਵਾਲੇ ਯੂਨੀਅਨ ਸਿਟੀ ਦੀ ਕੌਂਸਲ ਵੱਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਮਾਨਤਾ

ਬੇਅ ਏਰੀਏ ਦੇ ਭਰਵੀਂ ਸਿੱਖ ਵਸੋਂ ਵਾਲੇ ਯੂਨੀਅਨ ਸਿਟੀ ਦੀ ਕੌਂਸਲ ਵੱਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਮਾਨਤਾ

ਫਰੀਮਾਂਟ/ਬਿਊਰੋ ਨਿਊਜ਼:
ਬੇਅ ਏਰੀਆ ਦੇ ਸੰਘਣੀ ਸਿੱਖ ਵਸੋਂ ਵਾਲੇ ਯੂਨੀਅਨ ਸਿਟੀ ਦੀ ਸਿਟੀ ਕੌਂਸਲ ਵੱਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਮਾਨਤਾ ਦੇਣ ਦਾ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਮਤਾ (Proclamation) ਕੌਂਸਲ ਦੀ 22 ਨਵੰਬਰ 2016 ਨੂੰ ਹੋਈ ਮੀਟਿੰਗ ਵਿੱਚ ਪਾਸ ਕੀਤਾ ਗਿਆ। ਕੌਂਸਲ ਦੀ ਇਹ ਮਹੀਨਾਵਾਰ ਮੀਟਿੰਗ ਮੰਗਲਵਾਰ ਨੂੰ 7:00 ਵਜੇ ਆਰੰਭ ਹੋਈ ਜਿਸ ਵਿਚ ਸਭ ਤੋਂ ਪਹਿਲਾਂ ਯੂਨੀਅਨ ਸਿਟੀ ਦੀ ਮੇਅਰ ਕਾਰਲ ਡੁਟਰਾਂ ਨੇ ਨਵੰਬਰ 1984 ਵਿਚ ਦਿੱਲੀ ਅਤੇ ਭਾਰਤ ਦੇ ਅਨੇਕਾਂ ਥਾਵਾਂ ਉਪਰ 30,000 ਤੋਂ ਵੱਧ ਹੋਏ ਸਿੱਖਾਂ ਦੇ ਕਤਲੇਆਮ ਦਾ ਮਤਾ ਪੇਸ਼ ਕੀਤਾ। ਇਸ ਮਤੇ ਨੂੰ ਸਰਬਸੰਮਤੀ ਨਾਲ ਬਾਕੀ ਮੈਂਬਰਾਂ ਨੇ ਪ੍ਰਵਾਨਗੀ ਦਿੱਤੀ।
ਕੌਂਸਲ ਮੀਟਿੰਗ ਵਲੋਂ ਪਾਸ ਕੀਤੇ ਇਸ ਬਹੁਤ ਹੀ ਅਹਿਮ ਮਤੇ ਵਿੱਚ ਉਚੇਚਾ ਜ਼ਿਕਰ ਕੀਤਾ ਗਿਆ ਕਿ ਸਿੱਖ ਧਰਮ ਦੁਨੀਆਂ ਦੇ ਸਭ ਤੋਂ ਵੱਡੇ ਪੰਜ ਧਰਮਾਂ ਵਿਚੋਂ ਇਕ ਹੈ। 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜਿਸ ਤਰੀਕੇ ਨਾਲ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਸਿੱਖਾਂ ਦਾ ਸਮੂਹਿਕ ਕਤਲੇਆਮ ਕੀਤਾ ਗਿਆ, ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਸਾੜਿਆ ਗਿਆ, ਸਿੱਖ ਬੀਬੀਆਾਂ ਦੀਆਂ ਇਜ਼ਤਾਂ ਲੁੱਟੀਆਂ ਗਈਆਂ, ਗੁਰਦੁਆਰਾ ਸਾਹਿਬ ਨੂੰ ਅੱਗਾਂ ਲਾਈਆਂ ਗਈਆਂ। ਇਸ ਤੋਂ ਇਲਾਵਾ ਪੱਛਮੀ ਬੰਗਾਲ, ਉਤਰ ਪ੍ਰਦੇਸ਼, ਬਿਹਾਰ ਅਤੇ ਭਾਰਤ ਦੀਆਂ ਹੋਰ ਕਈ ਸਟੇਟਾਂ ਵਿਚ ਇਹੋ ਜਿਹੀਆਂ ਅਣਗਿਣਤ ਘਟਨਾਵਾਂ ਵਾਪਰੀਆਂ, ਜਿੱਥੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹਰਿਆਣਾ ਦਾ ਪਿੰਡ ਹੋਂਦ ਚਿਲੜ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ ਜਿਥੇ ਵਹਿਸ਼ੀ ਭੀੜ ਨੇ ਸਿੱਖਾਂ ਦਾ ਸਮੂਹਿਕ ਕਤਲੇਆਮ ਕੀਤਾ, ਗੁਰਦੁਆਰਾ ਸਾਹਿਬ ‘ਚ ਅੱਗ ਲਗਾ ਕੇ ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਅਗਨ ਭੇਂਟ ਕੀਤੇ। ਇਹ ਸਾਰਾ ਕੁਝ ਅਚਾਨਕ ਨਹੀਂ ਵਾਪਰਿਆ ਬਲਕਿ ਇਕ ਗਿਣੀ ਮਿਥੀ ਸਾਜਿਸ਼ ਤਹਿਤ ਯੋਜਨਾਬੱਧ ਢੰਗ ਨਾਲ ਕੀਤਾ ਗਿਆ।
ਨਵੰਬਰ 1984 ਅੱਜ ਤੋਂ 32 ਵਰ੍ਹੇ ਪਹਿਲਾਂ ਇਕ ਅਜ਼ਾਦ ਦੇਸ਼ ਜਿਹੜਾ ਆਪਣੇ ਆਪ ਨੂੰ ਲੋਕਤੰਤਰ ਦਾ ਸਭ ਤੋਂ ਵੱਡਾ ਥੰਮ ਮੰਨਦਾ, ਦੇਸ਼ ਦੀ ਇਕ ਘੱਟ ਗਿਣਤੀ ਕੌਮ ਦੀ ਇਕ ਗਿਣੀ ਮਿਥੀ ਸਾਜ਼ਿਸ਼ ਤਹਿਤ ਨਸਲਕੁਸ਼ੀ ਕੀਤੀ ਗਈ, ਉਹ 20ਵੀਂ ਸਦੀ ਦੀ ਸਭ ਤੋਂ ਭਿਆਨਕ, ਜ਼ਾਲਮਾਨਾ ਅਤੇ ਦਰਿੰਦਗੀ ਭਰੀ ਘਟਨਾ ਸੀ, ਜਿਸ ਨਾਲ ਦੁਨੀਆਂ ਦੇ ਇਨਸਾਫ਼ ਪਸੰਦ ਲੋਕਾਂ ਦਾ ਕੰਬ ਜਾਣਾ ਕੁਦਰਤੀ ਸੀ। ਦੂਜੇ ਪਾਸੇ ਜਿਨ੍ਹਾਂ ਸਿੱਖਾਂ ਨੇ ਉਹ ਭਿਆਨਕ ਵਹਿਸ਼ੀਆਨਾ ਕਤਲੇਆਮ ਆਪਣੇ ਪਿੰਡੇ ਤੇ ਹੰਢਾਇਆ, ਉਹ ਉਸ ਭਿਆਨਕ ਸਮੇਂ ਨੂੰ ਚੇਤੇ ਕਰਕੇ ਅੱਜ ਵੀ ਕੰਬ ਜਾਂਦੇ ਹਨ।
ਸਿੱਖ ਨਸਲਕੁਸ਼ੀ ਦਾ ਸੱਚ ਸਮੁੱਚੀ ਦੁਨੀਆਂ ਦੇ ਸਾਹਮਣੇ ਜਾਣਾ ਚਾਹੀਦਾ ਹੈ ਅਤੇ ਇਸ ਭਿਆਨਕ ਕਾਂਡ ਨੇ ਸਿੱਖ ਮਾਨਸਿਕਤਾ ਨੂੰ ਕਿਸ ਤਰ੍ਹਾਂ ਝੰਜੋੜਿਆ, ਦਰਬਾਰ ਸਾਹਿਬ ਦੇ ਸਾਕੇ ਅਤੇ ਸਿੱਖ ਕਤਲੇਆਮ ਦੇ ਕਾਰਨ ਸਿੱਖਾਂ ਦੇ ਜ਼ਖ਼ਮ ਹਾਲੇ ਤੱਕ ਕਿਸ ਤਰ੍ਹਾਂ ਨਾਸੂਰ ਬਣਬਕੇ ਰਿਸਦੇ ਹਨ, ਇਨਸਾਫ਼ ਪਸੰਦ ਲੋਕਾਂ ਦੀ ਕਚਹਿਰੀ ਵਿਚੋਂ ਅਸੀਂ ਆਪਣਾ ਦਰਦ ਪਿਛਲੇ 32ਵੀਂ: ਤੋਂ ਰੱਖਦੇ ਆ ਰਹੇ ਹਾਂ। ਸਿੱਖ ਕੌਮ ਦਾ ਸਮੂਹਿਕ ਰੂਪ ਵਿਚ ਕਤਲੇਆਮ ਕਰਨਾ ਤੇ ਅੱਜ ਤੱਕ ਕਾਤਲਾਂ ਨੂੰ ਕੋਈ ਸਜ਼ਾ ਨਾਲ ਮਿਲਣਾ, ਇਸ ਤੋਂ ਵੱਧ ਅਪਮਾਨਜਨਕ ਅਤੇ ਹੈਰਾਨੀਜਨਕ ਕੀ ਹੋਵੇਗਾ।
ਸੈਕਸ਼ਨ 1091 ਦੀ 18. ਯੂ ਐਸ ਸੀ ਐਕਟ 2007 ਇਸ ਗੱਲ ਦੀ ਪ੍ਰੋੜਤਾ ਕਰਦਾ ਹੈ ਕਿ ਇਹ ਸਿੱਖ ਨਸਲਕੁਸ਼ੀ ਸੀ। ਗੁਰਦੁਆਰਾ ਸਾਹਿਬ ਫਰੀਮਾਂਟ ਦੀ ਸਿੱਖ ਸੰਗਤ ਅਤੇ ਸਿੱਖ ਪੰਚਾਇਤ ਵੱਲੋਂ ਯੂਨੀਅਨ ਸਿਟੀ ਦੀ ਮੇਅਰ ਅਤੇ ਕੌਂਸਲ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਕਿ ਜਿਨ੍ਹਾਂ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਨਵੰਬਰ 1984 ਵਿਚ ਹੰਢਾਏ ਹੋਏ ਦਰਦ ਨੂੰ ਮਹਿਸੂਸ ਕਰਦਿਆਂ ਸਿੱਖ ਕੌਮ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ। ਇਸ ਮਤੇ ਦੀ ਕਾਪੀ ਪ੍ਰੈਜੀਡੈਂਟ ਬਰਾਕ ਓਬਾਮਾ ਅਤੇ ਹੁਣੇ ਹੀ ਨਿਯੁਕਤ ਹੋਏ ਅਮਰੀਕਾ ਦੇ ਨਵੇਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਵੀ ਭੇਜੀ ਜਾਵੇਗੀ।
ਇਸ ਮਤੇ ਨੂੰ ਪਾਸ ਕਰਾਉਣ ਲਈ ਸਿੱਖ ਕਮਿਉਨਿਟੀ ਦੇ ਸੇਵਾਦਾਰ ਸਰਦਾਰ ਕਸ਼ਮੀਰ ਸਿੰਘ ਸ਼ਾਹੀ ਨੇ ਸਿਰਤੋੜ ਯਤਨ ਕੀਤੇ ਅਤੇ ਸਿਟੀ ਕੌਂਸਲ ਦੇ ਮੈਂਬਰਾਂ ਨੂੰ ਸਿੱਖਾਂ ਦੀ ਹੋਈ ਨਸਲਕੁਸ਼ੀ ਅਤੇ ਸਮੇਂ ਸਮੇਂ ਤੇ ਕੌਮ ਨਾਲ ਹੋਇਆ ਧੱਕਿਆਂ ਬਾਰੇ ਜਾਣੂੰ ਕਰਾਇਆ।
ਇਸ ਮੌਕੇ 1984 ਦੇ ਦਿੱਲੀ ਸਿੱਖ ਕਤਲੇਆਮ ਦੇ ਪੀੜਤ ਸੁਰਿੰਦਰਪਾਲ ਸਿੰਘ ਵਾਲੀਆ ਨੇ ਆਪਣੇ ਅਤੇ ਆਪਣੇ ਪਰਿਵਾਰ ਨਾਲ ਜੋ ਹੋਇਆ ਉਸ ਹੱਡਬੀਤੀ ਨੂੰ ਬੜੇ ਹੀ ਭਾਵੁਕ ਸ਼ਬਦਾਂ ਨਾਲ ਸਿਟੀ ਕੌਂਸਲ ਦੇ ਸਾਹਮਣੇ ਦੱਸਿਆ। ਇਸ ਤੋਂ ਇਲਾਵਾ ਸ਼ਰਨ ਕੌਰ, ਅਰਵਿੰਦਰ ਕੌਰ, ਸਰਬਜੀਤ ਕੌਰ ਚੀਮਾ, ਰਾਜ ਸਿੰਘ, ਹਰਪ੍ਰੀਤ ਸਿੰਘ, ਭਾਈ ਰਾਮ ਸਿੰਘ ਅਤੇ ਕਸ਼ਮੀਰ ਸਿੰਘ ਸ਼ਾਹੀ ਨੇ ਆਪਣੇ ਵਿਚਾਰ ਪੇਸ ਕੀਤੇ ਅਤੇ ਯੂਨੀਅਨ ਸਿਟੀ ਕੌਂਸਲ ਦੀ ਮੇਅਰ ਅਤੇ ਸਾਰੇ ਕੌਂਸਲਮੈਨਾਂ ਦਾ ਧੰਨਵਾਦ ਕੀਤਾ।