ਅੰਡਰ-19 ਕ੍ਰਿਕਟ: ਭਾਰਤ ਚੌਥੀ ਵਾਰ ਬਣਿਆ ਵਿਸ਼ਵ ਚੈਂਪੀਅਨ

ਅੰਡਰ-19 ਕ੍ਰਿਕਟ: ਭਾਰਤ ਚੌਥੀ ਵਾਰ ਬਣਿਆ ਵਿਸ਼ਵ ਚੈਂਪੀਅਨ

ਆਸਟਰੇਲੀਆ ਨੂੰ ਅੱਠ ਵਿਕਟਾਂ ਦੀ ਹਾਰ;
ਸਭ ਤੋਂ ਵੱਧ ਵਾਰ ਖ਼ਿਤਾਬ ਜਿੱਤਣ ਦਾ ਰਿਕਾਰਡ ਭਾਰਤ ਦੇ ਨਾਂ;
ਸ਼ੁਭਮਨ ਗਿੱਲ ‘ਪਲੇਅਰ ਆਫ ਦਿ ਟੂਰਨਾਮੈਂਟ’
ਮਾਊਂਟ ਮਾਊਂਗਾਨੁਈ/ਬਿਊਰੋ ਨਿਊਜ਼
ਭਾਰਤ ਨੇ ਇੱਥੇ ਆਸਟਰੇਲੀਆ ਨੂੰ ਅੱਠ ਵਿਕਟਾਂ ਨਾਲ ਕਰਾਰੀ ਮਾਤ ਦੇ ਕੇ ਚੌਥੀ ਵਾਰ ਅੰਡਰ-19 ਵਿਸ਼ਵ ਕ੍ਰਿਕਟ ਕੱਪ ਜਿੱਤਿਆ ਹੈ। ਇਸ ਜਿੱਤ ਨਾਲ ਟੀਮ ਨੇ ਰਾਹੁਲ ਦ੍ਰਾਵਿੜ ਨੂੰ ਕੋਚਿੰਗ ਕਰੀਅਰ ਦੀ ਸਭ ਤੋਂ ਵੱਡੀ ਸਫ਼ਲਤਾ ਦਾ ਸੁਆਦ ਚਖ਼ਾਇਆ। ਭਾਰਤੀ ਗੇਂਦਬਾਜ਼ਾਂ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਪਹਿਲਾਂ ਬੱਲੇਬਾਜ਼ੀ ਲਈ ਉੱਤਰੀ ਆਸਟਰੇਲੀਅਨ ਟੀਮ ਨੂੰ 216 ਦੌੜਾਂ ‘ਤੇ ਹੀ ਢੇਰ ਕਰ ਦਿੱਤਾ। ਇਸ ਬਾਅਦ ਭਾਰਤੀ ਗੱਭਰੂਆਂ ਨੇ 217 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਮਹਿਜ਼ 38.5 ਓਵਰਾਂ ‘ਚ ਹੀ ਦੋ ਵਿਕਟਾਂ ਦੇ ਨੁਕਸਾਨ ‘ਤੇ ਖ਼ਿਤਾਬ ਆਪਣੇ ਨਾਂ ਕਰ ਲਿਆ। ਇਸ ਜਿੱਤ ਨਾਲ ਭਾਰਤ ਸਭ ਤੋਂ ਵੱਧ ਵਾਰ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲਾ ਦੇਸ਼ ਬਣ ਗਿਆ ਹੈ।
ਭਾਰਤ ਵੱਲੋਂ ਖੇਡ ਰਹੇ ਦਿੱਲੀ ਦੇ ਮਨਜੋਤ ਕਾਲੜਾ ਨੇ ਨਾਬਾਦ ਸੈਂਕੜਾ (101 ਦੌੜਾਂ) ਜੜ੍ਹਿਆ। ਕਪਤਾਨ ਪ੍ਰਿਥਵੀ ਸ਼ਾਅ ਦੇ ਆਊਟ ਹੋਣ ਮਗਰੋਂ ਕਾਲੜਾ ਨੇ ਪਾਰੀ ਨੂੰ ਸੰਭਾਲਿਆ ਅਤੇ ਸ਼ੁਭਮਨ ਗਿੱਲ ਮਗਰੋਂ ਉਹ ਇਸ ਟੂਰਨਾਮੈਂਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਦੂਜਾ ਬੱਲੇਬਾਜ਼ ਬਣ ਗਿਆ ਹੈ। ਗ਼ੌਰਤਲਬ ਹੈ ਕਿ ਛੇ ਸਾਲ ਪਹਿਲਾਂ ਭਾਰਤ ਨੇ ਆਸਟਰੇਲੀਆ ‘ਚ ਉਨਮੁਕਤ ਚੰਦ ਦੀ ਕਪਤਾਨੀ ਹੇਠ ਮੇਜ਼ਬਾਨ ਟੀਮ ਨੂੰ ਹਰਾ ਕੇ ਖ਼ਿਤਾਬ ਚੁੰਮਿਆ ਸੀ। ਕੋਚ ਦ੍ਰਾਵਿੜ ਨੇ ਖਿਡਾਰੀਆਂ ਦੀ ਕਾਰਗੁਜ਼ਾਰੀ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਭਾਰਤ ਵੱਲੋਂ ਕਪਤਾਨ ਸ਼ਾਅ ਨੇ 29 ਦੌੜਾਂ, ਗਿੱਲ ਨੇ 31 ਅਤੇ ਹਾਰਦਿਕ ਦੇਸਾਈ ਨੇ ਨਾਬਾਦ 47 ਦੌੜਾਂ ਬਣਾਈਆਂ। ਕਾਲੜਾ ਦਾ ਅੱਜ ਪ੍ਰਦਰਸ਼ਨ ਲਾਜਵਾਬ ਰਿਹਾ ਅਤੇ ਉਸ ਨੇ ਕੰਗਾਰੂ ਸਪਿੰਨਰਾਂ ਦੀਆਂ ਛਾਲਾਂ ਚੁਕਾਈ ਰੱਖੀਆਂ। ਉਸ ਨੇ ਆਪਣੀ ਪਾਰੀ ਵਿੱਚ ਤਿੰਨ ਛੱਕੇ ਤੇ ਅੱਠ ਚੌਕੇ ਜੜੇ। ਆਸਟਰੇਲੀਅਨ ਟੀਮ ਵੱਲੋਂ ਜੋਨਾਥਨ ਮਾਰਲੋ ਨੇ 76 ਦੌੜਾਂ ਬਣਾਈਆਂ। ਭਾਰਤੀ ਖੱਬੂ ਸਪਿੰਨਰਾਂ ਸ਼ਿਵਾ ਸਿੰਘ ਤੇ ਅਨੁਕੂਲ ਰੌਇ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਆਸਟਰੇਲੀਅਨ ਟੀਮ ਨੂੰ 216 ਦੌੜਾਂ ‘ਤੇ ਸਮੇਟ ਦਿੱਤਾ। ਚੰਗੇ ਸਕੋਰ ਵੱਲ ਵੱਧ ਰਹੀ ਆਸਟਰੇਲੀਅਨ ਟੀਮ ਨੇ ਆਖ਼ਰੀ ਛੇ ਵਿਕਟਾਂ ਮਹਿਜ਼ 33 ਦੌੜਾਂ ਅੰਦਰ ਹੀ ਗੁਆ ਦਿੱਤੀਆਂ। ਆਸਟਰੇਲੀਆ ਵੱਲੋਂ ਪਰਮ ਉੱਪਲ ਨੇ 34 ਅਤੇ ਨਾਥਨ ਮੈੱਕਸਵਿਨੀ ਨੇ 23 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਦੇ ਅਨੁਕੂਲ ਨੇ 32 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਬੱਲੇਬਾਜ਼ ਜੈਕ ਐਡਵਰਡਜ਼ (28) ਅਤੇ ਮੈਕਸ ਬਰਾਇੰਟ (14) ਤੇਜ਼ ਗੇਂਦਬਾਜ਼ ਇਸ਼ਾਨ (302) ਦਾ ਸ਼ਿਕਾਰ ਬਣੇ। ਭਾਰਤ ਦੇ ਕਮਲੇਸ਼ ਨਾਗਰਕੋਟੀ ਨੇ 41 ਦੌੜਾਂ ਦੇ ਕੇ ਦੋ ਵਿਕਟਾਂ ਝਟਕਾਈਆਂ। ਮੁਹਾਲੀ ਦੇ ਸ਼ੁਭਮਨ ਗਿੱਲ ਨੂੰ ‘ਪਲੇਅਰ ਆਫ ਦਿ ਟੂਰਨਾਮੈਂਟ’ ਅਤੇ ਮਨੋਜ ਕਾਲੜਾ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ।

ਬੀਸੀਸੀਆਈ ਵੱਲੋਂ ਖਿਡਾਰੀ ਤੇ ਕੋਚ ਮਾਲਾਮਾਲ
ਨਵੀਂ ਦਿੱਲੀ: ਬੀਸੀਸੀਆਈ ਨੇ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਖਿਡਾਰੀਆਂ ਨੂੰ 30-30 ਲੱਖ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਨੂੰ 50 ਲੱਖ ਰੁਪਏ ਦੇ ਕੇ ਸਨਮਾਨਿਆ ਜਾਵੇਗਾ। ਟੀਮ ਦੇ ਸਹਿਯੋਗੀ ਸਟਾਫ ਫੀਲਡਿੰਗ ਕੋਚ ਅਭੈ ਸ਼ਰਮਾ ਤੇ ਗੇਂਦਬਾਜ਼ੀ ਕੋਚ ਪਾਰਸ ਮਹਾਂਬਰੇ ਨੂੰ 20-20 ਲੱਖ ਇਨਾਮ ਵਜੋਂ ਦਿੱਤੇ ਜਾਣਗੇ।