ਬੰਗਲਾਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸਮੇਤ 19 ਨੂੰ ਫਾਂਸੀ ਦਾ ਹੁਕਮ

ਬੰਗਲਾਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸਮੇਤ 19 ਨੂੰ ਫਾਂਸੀ ਦਾ ਹੁਕਮ

ਢਾਕਾ (ਬੰਗਲਾਦੇਸ਼) /ਬਿਊਰੋ ਨਿਊਜ਼ :
ਬੰਗਲਾਦੇਸ਼ ਵਿਚ ਸੰਨ 2004 ‘ਚ ਗ੍ਰਨੇਡ ਨਾਲ ਹੋਏ ਹਮਲੇ ਦੇ ਮਾਮਲੇ ‘ਚ ਵਿਸ਼ੇਸ਼ ਅਦਾਲਤ ਨੇ ਸਖਤ ਸਜ਼ਾਵਾਂ ਦਾ ਹੁਕਮ ਸੁਣਾਇਆ ਹੈ। ਵਿਸ਼ੇਸ਼ ਅਦਾਲਤ ਦੇ ਜੱਜ ਸ਼ਾਹਿਦ ਨੁਰੂਦੀਨ ਵਲੋਂ ਸਾਬਕਾ ਜੂਨੀਅਰ ਗ੍ਰਹਿ ਮੰਤਰੀ ਲੁਤਫ਼ੂਜ਼ਾਮਨ ਬਾਬਰ, ਸਾਬਕਾ ਡਿਪਟੀ ਸਿੱਖਿਆ ਮੰਤਰੀ ਅਬਦੁਸ ਸਾਲਮ ਪਿੰਟੂ ਤੇ ਕਈ ਹੋਰ ਸਾਬਕਾ ਫ਼ੌਜ ਦੇ ਇੰਟੈਲੀਜੈਂਸ ਅਧਿਕਾਰੀਆਂ ਸਮੇਤ 19 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਅਤੇ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਦੇ ਬੇਟੇ ਤਾਰੀਕ ਰਹਿਮਾਨ ਸਮੇਤ 19 ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜੱਜ ਨੇ ਦੱਸਿਆ ਕਿ ਮੌਤ ਦੀ ਸਜ਼ਾ ਵਾਲੇ ਜਾਨ ਨਿਕਲਣ ਤੱਕ ਲਟਕਦੇ ਰਹਿਣਗੇ।
ਜ਼ਿਕਰਯੋਗ ਹੈ ਕਿ 21 ਅਗਸਤ, 2004 ‘ਚ ਹੋਏ ਇਸ ਹਮਲੇ ‘ਚ 24 ਲੋਕਾਂ ਦੀ ਮੌਤ ਹੋ ਗਈ ਸੀ ਤੇ ਉਸ ਸਮੇਂ ਦੀ ਵਿਰੋਧੀ ਧਿਰ ਦੀ ਨੇਤਾ ਸ਼ੇਖ਼ ਹਸੀਨਾ ਸਮੇਤ 500 ਲੋਕ ਜ਼ਖ਼ਮੀ ਹੋਏ ਸਨ। ਇਹ ਹਮਲਾ ਅਵਾਮੀ ਲੀਗ ਦੀ ਰੈਲੀ ‘ਚ ਸ਼ੇਖ਼ ਹਸੀਨਾ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਜੋ ਹੁਣ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹੈ। ਇਸ ਹਮਲੇ ‘ਚ ਉਸ ਦਾ ਬਚਾਅ ਤਾਂ ਹੋ ਗਿਆ ਸੀ ਪਰ ਉਸ ਦੀ ਅੱਧੀ ਸੁਣਨ ਸ਼ਕਤੀ ਜਾਂਦੀ ਰਹੀ ਸੀ, ਜਦ ਕਿ ਉਸ ਦੀ ਪਾਰਟੀ ਦੀ ਮਹਿਲਾ ਫ਼ਰੰਟ ਦੀ ਮੁਖੀ ਤੇ ਸਾਬਕਾ ਰਾਸ਼ਟਰਪਤੀ ਜ਼ਿਲੂਰ ਰਹਿਮਾਨ ਦੀ ਪਤਨੀ ਇਵੀ ਰਹਿਮਾਨ ਦੀ ਮੌਤ ਹੋ ਗਈ।
ਦੱਸਣਯੋਗ ਹੈ ਕਿ ਉਮਰ ਕੈਦ ਸਜ਼ਾਯਾਫ਼ਤਾ ਤੇ ਬੀ.ਐਨ.ਪੀ. ਦੇ ਸੀਨੀਅਰ ਉਪ ਪ੍ਰਧਾਨ ਰਹਿਮਾਨ ਨੂੰ ਅਦਾਲਤ ਨੇ ਭਗੌੜਾ ਐਲਾਨਿਆ ਹੋਇਆ ਹੈ ਤੇ ਉਹ ਇਸ ਸਮੇਂ ਲੰਡਨ ਦੇ ਇਗਜ਼ਾਈਲ ਵਿਖੇ ਰਹਿ ਰਿਹਾ ਹੈ। ਗ੍ਰਹਿ ਮੰਤਰੀ ਅਸਾਦੂਜ਼ਾਮਨ ਖ਼ਾਨ ਕਮਲ ਨੇ ਕਿਹਾ ਕਿ ਭਗੌੜੇ ਦੋਸ਼ੀਆਂ ਨੂੰ ਵਾਪਸ ਲਿਆਉਣ ਲਈ ਕਦਮ ਉਠਾਏ ਜਾ ਰਹੇ ਹਨ।