ਸਾਊਦੀ ਅਰਬ ‘ਚ ਬੰਦੀ ਰਹੇ 19 ਪੰਜਾਬੀ ਘਰ ਪਰਤੇ

ਸਾਊਦੀ ਅਰਬ ‘ਚ ਬੰਦੀ ਰਹੇ 19 ਪੰਜਾਬੀ ਘਰ ਪਰਤੇ

ਐਸ.ਏ.ਐਸ. ਨਗਰ (ਮੁਹਾਲੀ)/ਬਿਊਰੋ ਨਿਊਜ਼ :
ਸਮਾਜ ਸੇਵੀ ਸੰਸਥਾ ਹੈਲਪਿੰਗ ਹੈਪਲੈੱਸ ਦੀ ਸੰਚਾਲਕ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਸਾਬਕਾ ਚੇਅਰਪਰਸਨ ਬੀਬੀ ਰਾਮੂਵਾਲੀਆ ਦੀ ਪਹਿਲਕਦਮੀ ਸਦਕਾ ਸਾਊਦੀ ਅਰਬ ਵਿੱਚ ਬੰਦੀ 19 ਪੰਜਾਬੀ ਨੌਜਵਾਨ ਸਹੀ ਸਲਾਮਤ ਆਪੋ-ਆਪਣੇ ਘਰ ਪਹੁੰਚ ਗਏ ਹਨ। ਬੀਬੀ ਰਾਮੂਵਾਲੀਆ ਦੇ ਘਰ ਸਨਵਿੰਦਰ ਸਿੰਘ, ਸੰਦੀਪ ਸਿੰਘ, ਰੇਸ਼ਮ ਸਿੰਘ, ਓਮਰਾਜ, ਜਗਦੇਵ ਸਿੰਘ ਸਿੱਧੂ, ਰਣਜੀਤ ਸਿੰਘ, ਸੁਖਚੈਨ ਸਿੰਘ, ਸੁਖਮਿੰਦਰ ਸਿੰਘ, ਜਗਸੀਰ ਸਿੰਘ, ਸ਼ਿੰਦਰਪਾਲ ਸਿੰਘ, ਨਿਸ਼ਾਨ ਸਿੰਘ, ਕੇਵਲ ਸਿੰਘ, ਸੁਖਵੰਤ ਸਿੰਘ, ਗੁਰਮੀਤ ਸਿੰਘ, ਗੁਰਪਿੰਦਰ ਸਿੰਘ, ਜਸਵੀਰ ਸਿੰਘ, ਗੁਰਮੀਤ ਸਿੰਘ, ਜਸਵੰਤ ਸਿੰਘ ਅਤੇ ਹਰਦੇਵ ਸਿੰਘ ਨੇ ਦੱਸਿਆ ਕਿ ਉਹ ਰੁਜ਼ਗਾਰ ਦੀ ਭਾਲ ਵਿੱਚ ਤਿੰਨ ਸਾਲ ਪਹਿਲਾਂ ਸਾਊਦੀ ਅਰਬ ਗਏ ਸਨ। ਉੱਥੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਗਿਆ ਅਤੇ ਜਬਰੀ ਕੰਮ ਕਰਵਾਇਆ ਜਾਂਦਾ ਸੀ। ਇਸ ਬਦਲੇ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਸੀ। ਪੀੜਤ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਰਜ਼ਾ ਲੈ ਕੇ ਟਰੈਵਲ ਏਜੰਟ ਨੂੰ ਪੈਸੇ ਦਿੱਤੇ ਸਨ। ਵਿਦੇਸ਼ੀ ਮੁਲਕ ਵਿੱਚ ਉਨ੍ਹਾਂ ਤੋਂ ਦਿਨ-ਰਾਤ ਸਖ਼ਤ ਮਜ਼ਦੂਰੀ ਕਰਵਾਉਣ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਧੇਲਾ ਨਹੀਂ ਦਿੱਤਾ। ਕਰੀਬ 3 ਮਹੀਨੇ ਪਹਿਲਾਂ ਕਿਸੇ ਤਰੀਕੇ ਨਾਲ ਉਨ੍ਹਾਂ ਨੇ ਆਪਣੇ ਮਾਪਿਆਂ ਨਾਲ ਸੰਪਰਕ ਕਰਕੇ ਸਾਰੀ ਗੱਲ ਦੱਸੀ। ਉਨ੍ਹਾਂ ਦੇ ਮਾਪਿਆਂ ਨੇ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨਾਲ ਮੁਲਾਕਾਤ ਕਰਕੇ ਸਮੁੱਚੇ ਘਟਨਾਕ੍ਰਮ ਤੋਂ ਜਾਣੂ ਕਰਵਾÂਆਿ। ਬੀਬੀ ਰਾਮੂਵਾਲੀਆ ਨੇ ਆਪਣੇ ਪਿਤਾ ਤੇ ਯੂ.ਪੀ. ਸਰਕਾਰ ਦੇ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਸਹਿਯੋਗ ਨਾਲ ਪੀੜਤ ਮਾਪਿਆਂ ਦੇ ਵਫ਼ਦ ਨਾਲ ਸਾਊਦੀ ਅਰਬ ਦੇ ਰਾਜਦੂਤ ਨਾਲ ਸੰਪਰਕ ਕੀਤਾ ਅਤੇ ਭਾਰਤੀ ਰਾਜਦੂਤ ਅਹਿਮਦ ਜਾਵੇਦ ਨੂੰ ਵੀ ਪੱਤਰ ਭੇਜ ਕੇ ਉਕਤ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਦੀ ਮੰਗ ਕੀਤੀ।
ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਅੰਬੈਸੀ ਦੀ ਉੱਚ ਪੱਧਰੀ ਟੀਮ ਨੇ ਬੰਦੀ ਨੌਜਵਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਾਰ ਲਈ। ਅਖ਼ੀਰ ਹੁਣ ਸਾਰੇ ਨੌਜਵਾਨ ਆਪਣੇ ਘਰ ਪਹੁੰਚ ਸਕੇ ਹਨ।

ਬਲੱਡ ਮਨੀ ਵਿਚਾਰਨ ਲਈ ਓਬਰਾਏ ਨੂੰ 23 ਤੱਕ ਮੁਹਲਤ :
ਪਟਿਆਲਾ : ਆਬੂਧਾਬੀ ਦੇ ਅਲ.ਐਨ. ਸ਼ਹਿਰ ਵਿਚ ਇਕ ਪਾਕਿਸਤਾਨੀ ਦੇ ਕਤਲ ਮਾਮਲੇ ਵਿਚ 10 ਪੰਜਾਬੀਆਂ ਨੂੰ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਏ ਜਾਣ ਦੇ ਮਾਮਲੇ ਵਿਚ ਸਜ਼ਾਯਾਫ਼ਤਾ ਪੰਜਾਬੀਆਂ ਵੱਲੋਂ ਦਾਇਰ ਅਪੀਲ ਵਿਚ ਅਦਾਲਤ ਨੇ ਮ੍ਰਿਤਕ ਦੇ ਪਰਿਵਾਰ ਨਾਲ ਸਮਝੌਤੇ ਲਈ ਸਹਿਮਤੀ ਤੇ ਬਲੱਡ ਮਨੀ ਦਾ ਮਾਮਲਾ ਵਿਚਾਰਨ ਲਈ ਪ੍ਰਵਾਸੀ ਭਾਰਤੀ ਐਸ.ਪੀ. ਸਿੰਘ ਓਬਰਾਏ ਨੂੰ ਮੁਹਲਤ ਦਿੰਦਿਆਂ ਇਸ ਕੇਸ ਦੀ ਸੁਣਵਾਈ 23 ਜਨਵਰੀ ‘ਤੇ ਪਾ ਦਿੱਤੀ ਹੈ। ਸ. ਓਬਰਾਏ ਇਕ ਸਮਾਜ ਸੇਵੀ ਵਜੋਂ ਅਦਾਲਤ ਵਿਚ ਆਪਣੇ ਵਕੀਲ ਨਾਲ ਪੇਸ਼ ਹੋਏ। ਜੱਜ ਸਾਹਮਣੇ ਸ. ਓਬਰਾਏ ਨੇ ਸਪਸ਼ਟ ਕੀਤਾ ਕਿ ਉਹ ਸਿਰਫ਼ ਮਾਨਵਤਾ ਦੇ ਤੌਰ ‘ਤੇ ਇਨ੍ਹਾਂ ਦੀ ਮਦਦ ਕਰ ਰਹੇ ਹਨ। ਇਨ੍ਹਾਂ ਦੇ ਪਰਿਵਾਰ ਵਾਲੇ ਮੈਨੂੰ ਭਾਰਤ ਵਿਚ ਪੰਜਾਬ ਸਥਿਤ ਮੇਰੇ ਦਫ਼ਤਰ ਵਿਚ ਮਿਲੇ ਸਨ ਤੇ ਮੈਂ ਇਨ੍ਹਾਂ ਦੇ ਕੇਸ ਵਿਚ ਬਲੱਡ ਮਨੀ ਦੇ ਕੇ ਇਨ੍ਹਾਂ ਦੀ ਜਾਨ ਬਚਾਉਣਾ ਚਾਹੁੰਦਾ ਹਾਂ। ਇਸ ‘ਤੇ ਅਦਾਲਤ ਨੇ ਓਬਰਾਏ ਦੀ ਅਰਜ਼ੀ ਸਵੀਕਾਰ ਕਰਦਿਆਂ ਉਨ੍ਹਾਂ ਨੂੰ ਕੇਸ ਵਿਚ ਧਿਰ ਵਜੋਂ ਸਵੀਕਾਰ ਕਰ ਲਿਆ, ਪਰ ਨਾਲ ਹੀ ਸਪਸ਼ਟ ਕੀਤਾ ਕਿ ਪਿਸ਼ਾਵਰ ਦੇ ਰਹਿਣ ਵਾਲੇ ਮਿਝਤਕ ਮੁਹੰਮਦ ਫਰਹਾਨ ਮੁਹੰਮਦ ਇਜਾਜ਼ ਦੇ ਪਰਿਵਾਰ ਵੱਲੋਂ ਸਹਿਮਤੀ ਦੇਣ ਮਗਰੋਂ ਹੀ ਕੇਸ ਦੀ ਅੱਗੇ ਸੁਣਵਾਈ ਹੋ ਸਕੇਗੀ। ਇਸ ‘ਤੇ ਸ. ਓਬਰਾਏ ਨੇ ਅਦਾਲਤ ਵਿਚ ਸਪਸ਼ਟ ਕੀਤਾ ਕਿ ਉਹ ਆਪਣੇ ਪ੍ਰਤੀਨਿਧ ਰਾਹੀਂ ਪਿਸ਼ਾਵਰ ਸਥਿਤ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਕਰਕੇ ਇਹ ਸਹਿਮਤੀ ਹਾਸਲ ਕਰਨ ਦਾ ਯਤਨ ਕਰਨਗੇ।