ਭਾਰਤ ਦੇ ਯੂਪੀ ਸਮੇਤ ਕਈ ਹੋਰ ਰਾਜਾਂ ‘ਚ ਤੂਫ਼ਾਨ ਤਾ ਕਹਿਰ,17 ਹਲਾਕ

ਭਾਰਤ ਦੇ ਯੂਪੀ ਸਮੇਤ ਕਈ ਹੋਰ ਰਾਜਾਂ ‘ਚ ਤੂਫ਼ਾਨ ਤਾ ਕਹਿਰ,17 ਹਲਾਕ

ਲਖਨਊ/ਬਿਊਰੋ ਨਿਊਜ਼ :

 

ਉੱਤਰ ਪ੍ਰਦੇਸ਼ ਵਿੱਚ ਬੀਤੇ 24 ਘੰਟਿਆਂ ਵਿੱਚ ਆਏ ਤੂਫ਼ਾਨ ਕਾਰਨ 17 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 25 ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਗੋਂਡਾ ਅਤੇ ਸੀਤਾਪੁਰ ਵਿੱਚ ਤਿੰਨ ਤਿੰਨ ਵਿਅਕਤੀ ਜਦੋਂ ਇਕ ਵਿਅਕਤੀ ਦੀ ਫੈਜ਼ਾਬਾਦ ਵਿੱਚ ਮੌਤ ਹੋਈ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਫੈਜ਼ਾਬਾਦ ਵਿੱਚ 11 ਜਦੋਂ ਕਿ ਸੀਤਾਪੁਰ ਵਿੱਚ 10 ਵਿਅਕਤੀ ਜ਼ਖ਼ਮੀ ਹੋਏ ਹਨ। ਮੁੱਖ ਮੰਤਰੀ ਯੋਗੀ ਆਦਿਆਨਾਥ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਜ਼ਖ਼ਮੀਆਂ ਨੂੰ ਲੋੜੀਂਦਾ ਇਲਾਜ ਅਤੇ 24 ਘੰਟਿਆਂ ਵਿੱਚ ਰਾਹਤ ਸਮੱਗਰੀ ਮੁਹੱਈਆ ਕਰਾਉਣ ਦੀ ਹਦਾਇਤ ਕੀਤੀ ਹੈ। ਮੁੱਖ ਮੰਤਰੀ ਨੇ ਤੂਫਾਨ ਕਾਰਨ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਪ੍ਰਗਟਾਇਆ ਹੈ।
ਗੁਹਾਟੀ (ਆਸਾਮ) ਤੋਂ ਮਿਲੀਆਂ ਖਬਰਾਂ ਮੁਤਾਬਕ ਉੱਤਰ ਪੂਰਬੀ ਰਾਜਾਂ ਵਿੱਚ ਬੀਤੇ 48 ਘੰਟਿਆਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਤਿ੍ਪੁਰਾ ਅਤੇ ਮਣੀਪੁਰ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ  ਹਜ਼ਾਰਾਂ ਲੋਕ ਬੇਘਰ ਹੋ ਗਏ। ਮੀਂਹ ਕਾਰਨ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।
ਤਿ੍ਪੁਰਾ ਵਿੱਚ ਸੂਬਾ ਸਰਕਾਰ ਨੇ ਮੀਂਹ ਕਾਰਨ ਪ੍ਰਭਾਵਿਤ ਇਲਾਕਿਆਂ ਵਿਚੋਂ ਲੋਕਾਂ ਨੂੰ ਬਾਹਰ ਕੱਢਣ ਅਤੇ ਬਚਾਅ ਕਾਰਜਾਂ ਲਈ ਕੇਂਦਰ ਤੋਂ ਫੌਜ ਅਤੇ ਐਨਡੀਆਰਐਫ ਦਾ ਸਹਿਯੋਗ ਮੰਗਿਆ ਹੈ। ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਜਿਨ੍ਹਾਂ ਬੀਤੇ ਦਿਨੀਂ ਊਨਾਕੋਟੀ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਸੀ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਸੂਬੇ ਵਿਚਲੇ ਗੰਭੀਰ ਹਾਲਾਤ ਤੋਂ ਜਾਣੂ ਕਰਵਾਇਆ ਹੈ।
ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੇਂਦਰ ਨੇ ਹੜ੍ਹ ਨਾਲ ਸਿੱਝਣ ਲਈ ਸੂਬੇ ਨੂੰ ਲੋੜੀਂਦੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਤਿ੍ਪੁਰਾ ਵਿੱਚ ਨਦੀ ਵਿੱਚ ਆਏ ਹੜ੍ਹ ਕਾਰਨ ਦੋ ਪਿੰਡ ਵਾਸੀ ਰੁੜ ਗਏ ਜਦੋਂ ਕਿ 14000 ਲੋਕ ਬੇਘਰ ਹੋ ਗਏ ਹਨ। ਸਰਕਾਰ ਨੇ ਮਿ੍ਤਕਾਂ ਦੇ ਪਰਿਵਾਰ ਵਾਲਿਆਂ ਨੂੰ 5 ਲੱਖ ਰੁਪਏ  ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਅਸਾਮ ਰਾਈਫਲਜ਼ ਦੀ ਟੁਕੜੀ ਅਤੇ ਇੰਜਨੀਅਰ ਮਾਇਬਾਮ ਅਤੇ ਉਚੀਵਾ ਪਿੰਡਾਂ ਵਿੱਚ ਖਾਣਾ ਅਤੇ ਪਾਣੀ ਸਪਲਾਈ ਕਰ ਰਹੇ ਹਨ। ਮੀਂਹ ਕਾਰਨ ਸੂਬੇ ਵਿੱਚ ਰੇਲ ਸੇਵਾ ਵੀ ਪ੍ਰਭਾਵਿਤ ਹੋਈ ਹੈ। ਪਹਾੜੀ ਖੇਤਰ ਵਿੱਚ ਕਈ ਥਾਈਂ ਢਿੱਗਾਂ ਡਿੱਗਣ ਦੀ ਵੀ ਸੂਚਨਾ ਹੈ।
ਮਿਜ਼ੋਰਮ ਵਿੱਚ ਵੀ ਭਾਰੀ ਮੀਂਹ ਪਿਆ, ਜਿਸ ਕਾਰਨ ਦੱਖਣੀ ਹਿੱਸੇ ਦੇ ਲੁੰਗਲੇਈ, ਲਵੰਗਤਲਾਈ ਅਤੇ ਸਿਆਹਾ ਜ਼ਿਲ੍ਹੇ ਦੇਸ਼ ਨਾਲੋਂ ਕੱਟੇ ਗਏ ਹਨ। ਖਿੱਤੇ ਵਿੱਚ ਬੀਤੀ ਰਾਤ ਮੀਂਹ ਨਾਲ ਢਿੱਗਾਂ ਡਿੱਗਣ ਕਾਰਨ ਦੱਖਣੀ ਮਿਜ਼ੋਰਮ ਦੀਆਂ ਦੋ ਜੀਵਨ ਰੇਖਾਵਾਂ ਕੌਮੀ ਸ਼ਾਹਰਾਹ 54 ਅਤੇ ਇਕ ਹੋਰ ਸੜਕ ਵਾਇਆ ਥੇਂਜਾਵਲ ਪਹੁੰਚ ਤੋਂ ਦੂਰ ਹੋ ਗਈਆਂ ਹਨ।

ਕੇਰਲਾ ਦੇ ਕੋਜ਼ੀਕੋੜ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਢਿੱਗ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ 10 ਜਣੇ ਲਾਪਤਾ ਹੋ ਗਏ। ਮਿ੍ਤਕਾਂ ਵਿੱਚ ਤਿੰਨ ਬੱਚੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਉੱਤਰੀ ਕੇਰਲ ਵਿੱਚ ਵੀ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਵਾਪਰੀਆਂ ਘਟਨਾਵਾਂ ਵਿੱਚ ਹੁਣ ਤਕ 43 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਥਮਾਰਾਸੇਰੀ ਤਾਲੁਕ ਦੇ ਕੱਟੀਪਾਰਾ ਪਿੰਡ ਵਿਚ ਚਾਰ ਲੋਕਾਂ ਦੀ ਮੌਤ ਹੋਈ ਹੈ ਅਤੇ ਲਾਪਤਾ ਵਿਅਕਤੀਆਂ ਦੀ ਤਲਾਸ਼ ਲਈ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਮੁੱਖ ਮੰਤਰੀ ਪਿਨਾਰਾਈ ਵਿਜਿਯਨ ਨੇ ਮੌਤ ਦੀ ਪੁਸ਼ਟੀ ਕਰਦਿਆਂ ਇਸ ’ਤੇ ਦੁੱਖ ਪ੍ਰਗਟਾਇਆ ਹੈ।

 

 ਅਸਾਮ ਦੇ ਸਿਲਚਰ ਵਿੱਚ ਭਾਰੀ ਬਾਰਸ਼ ਮਗਰੋਂ ਆਏ ਹੜ੍ਹ ਬਾਅਦ ਪਾਣੀ ਵਿੱਚ ਫਸੀ ਕਾਰ।