ਪਾਕਿ : ਬਹਾਵਲਪੁਰ ਨੇੜੇ ਤੇਲ ਟੈਂਕਰ ‘ਚ ਧਮਾਕੇ ਕਾਰਨ 151 ਮੌਤਾਂ, 140 ਜ਼ਖ਼ਮੀਂ

ਪਾਕਿ : ਬਹਾਵਲਪੁਰ ਨੇੜੇ ਤੇਲ ਟੈਂਕਰ ‘ਚ ਧਮਾਕੇ ਕਾਰਨ 151 ਮੌਤਾਂ, 140 ਜ਼ਖ਼ਮੀਂ

ਕੈਪਸ਼ਨ-ਪਾਕਿਸਤਾਨ ਦੇ ਬਹਾਵਲਪੁਰ ਵਿਚ ਤੇਲ ਵਾਲੇ ਟੈਂਕਰ ‘ਚ ਹੋਏ ਧਮਾਕੇ ਮਗਰੋਂ ਨੁਕਸਾਨੇ ਗਏ ਵਾਹਨਾਂ ਦੇ ਮਲਬੇ ਕੋਲ ਖੜ੍ਹਾ ਇੱਕ ਸੁਰੱਖਿਆ ਕਰਮੀ। 

ਲਾਹੌਰ/ਬਿਊਰੋ ਨਿਊਜ਼ :
ਲਹਿੰਦੇ ਪੰਜਾਬ ਵਿਚ ਇਕ ਸ਼ਾਹਰਾਹ ਉਤੇ ਤੇਲ ਟੈਂਕਰ ਪਲਟਣ ਮਗਰੋਂ ਪੈਟਰੋਲ ਇਕੱਠਾ ਕਰਨ ਲਈ ਇਕੱਤਰ ਹੋਏ 151 ਵਿਅਕਤੀ ਅੱਗ ਲੱਗਣ ਕਾਰਨ ਮਾਰੇ ਗਏ ਅਤੇ 140 ਹੋਰ ਜ਼ਖ਼ਮੀਂ ਹੋ ਗਏ। ਕਰਾਚੀ ਤੋਂ ਲਾਹੌਰ ਜਾ ਰਿਹਾ ਤੇਲ ਟੈਂਕਰ ਅੱਜ ਸਵੇਰੇ ਟਾਇਰ ਫਟਣ ਕਾਰਨ ਜ਼ਿਲ੍ਹਾ ਬਹਾਵਲਪੁਰ ਦੇ ਅਹਿਮਦਪੁਰ ਸ਼ਰਕੀਆ ਇਲਾਕੇ ਵਿਚ ਕੌਮੀ ਮਾਰਗ ਉਤੇ ਪਲਟ ਗਿਆ। ਪੈਟਰੋਲ ਇਕੱਠਾ ਕਰਨ ਲਈ ਨੇੜਲੇ ਰਿਹਾਇਸ਼ੀ ਇਲਾਕਿਆਂ ਦੇ ਲੋਕ ਮੌਕੇ ਉਤੇ ਇਕੱਠੇ ਹੋਏ। ਇਸ ਦੌਰਾਨ ਕਿਸੇ ਨੇ ਸਿਗਰਟ ਬਾਲ ਲਈ, ਜਿਸ ਨਾਲ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਦੀ ਲਪੇਟ ਵਿਚ ਆਉਣ ਕਾਰਨ 151 ਵਿਅਕਤੀ ਮਾਰੇ ਗਏ ਅਤੇ 140 ਹੋਰ ਜ਼ਖ਼ਮੀ ਹੋ ਗਏ।
ਬਹਾਵਲਪੁਰ ਦੇ ਜ਼ਿਲ੍ਹਾ ਤਾਲਮੇਲ ਅਧਿਕਾਰੀ (ਡੀਸੀਓ) ਰਾਣਾ ਸਲੀਮ ਅਫ਼ਜ਼ਲ ਨੇ ਇਸ ਨੂੰ ਪਾਕਿਸਤਾਨ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਦੁਖਾਂਤ ਦੱਸਿਆ। ਉਨ੍ਹਾਂ ਕਿਹਾ ਕਿ ਟੈਂਕਰ ਵਿਚੋਂ ਤਕਰੀਬਨ 50 ਹਜ਼ਾਰ ਲਿਟਰ ਪੈਟਰੋਲ ਡੁੱਲਿਆ। ਉਨ੍ਹਾਂ ਦੱਸਿਆ ਕਿ ਬਚਾਅ ਕਾਮਿਆਂ ਨੇ 100 ਤੋਂ ਵੱਧ ਜ਼ਖ਼ਮੀਆਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਦੇ ਹਸਪਤਾਲ ਅਤੇ ਬਹਾਵਲਪੁਰ ਦੇ ਵਿਕਟੋਰੀਆ ਹਸਪਤਾਲ ਵਿਚ ਤਬਦੀਲ ਕੀਤਾ ਗਿਆ। ਜ਼ਖ਼ਮੀਆਂ ਵਿਚੋਂ ਜ਼ਿਆਦਾਤਰ ਦੀ ਹਾਲਤ ਗੰਭੀਰ ਹੈ। ਅਫ਼ਜ਼ਲ ਨੇ ਕਿਹਾ ਕਿ ਪੀੜਤਾਂ ਵਿਚ ਜ਼ਿਆਦਾਤਰ ਔਰਤਾਂ ਤੇ ਬੱਚੇ ਹਨ।
ਬਚਾਅ ਕਾਰਜਾਂ ਵਿਚ ਲੱਗੇ ਅਧਿਕਾਰੀ ਜੇ. ਸੱਜਾਦ ਨੇ ਕਿਹਾ ਕਿ ਜ਼ਿਆਦਾਤਰ ਲਾਸ਼ਾਂ ਪੂਰੀ ਤਰ੍ਹਾਂ ਸੜ ਗਈਆਂ ਅਤੇ ਇਨ੍ਹਾਂ ਦੀ ਪਛਾਣ ਸਿਰਫ਼ ਡੀਐਨਏ ਟੈਸਟਾਂ ਰਾਹੀਂ ਹੋਵੇਗੀ। ਵਿਕਟੋਰੀਆ ਹਸਪਤਾਲ ਵਿਚ ਦਾਖ਼ਲ ਇਕ ਫੱਟੜ ਮੁਹੰਮਦ ਹਨੀਫ਼ (40) ਨੇ ਦੱਸਿਆ ਕਿ ਉਹ ਘਰ ਵਿਚ ਮੌਜੂਦ ਸੀ, ਜਦੋਂ ਉਸ ਦੇ ਚਚੇਰੇ ਭਰਾ ਨੇ ਦੱਸਿਆ ਕਿ ਪਿੰਡ ਦੇ ਲੋਕ ਤੇਲ ਇਕੱਠਾ ਕਰਨ ਲਈ ਕੌਮੀ ਮਾਰਗ ਵੱਲ ਭੱਜ ਰਹੇ ਹਨ। ਉਸ ਨੇ ਦੱਸਿਆ ਕਿ ਭਰਾ ਨੇ ਉਸ ਨੂੰ ਬੋਤਲਾਂ ਲੈ ਕੇ ਆਉਣ ਲਈ ਕਿਹਾ। ਜਦੋਂ ਉਹ ਘਰੋਂ ਬਾਹਰ ਨਿਕਲਿਆ ਤਾਂ ਲੋਕ ਕੌਮੀ ਮਾਰਗ ਵੱਲ ਭੱਜੇ ਜਾ ਰਹੇ ਸਨ ਅਤੇ ਕਈ ਮੋਟਰਸਾਈਕਲਾਂ ਉਤੇ ਵੀ ਸਨ। ਉਹ ਆਪਣੇ ਚਚੇਰੇ ਭਰਾ ਨਾਲ ਸੜਕ ਉਤੇ ਪੁੱਜਿਆ ਅਤੇ ਤੇਲ ਇਕੱਠਾ ਕਰਨ ਲੱਗਿਆ। ਹਨੀਫ਼ ਨੇ ਕਿਹਾ ਕਿ ਅਚਾਨਕ ਟੈਂਕਰ ਫਟ ਗਿਆ ਅਤੇ ਕਈ ਬੰਦੇ ਜਿਊਂਦੇ ਸੜ ਗਏ। ਰਾਸ਼ਿਦ ਤੇ ਉਹ ਟੈਂਕਰ ਤੋਂ ਥੋੜ੍ਹੀ ਦੂਰ ਸਨ, ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਉਸ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਲਾਲਚ ਨੇ ਉਨ੍ਹਾਂ ਨੂੰ ਮੌਤ ਦੇ ਮੂੰਹ ਵਿਚ ਧੱਕਿਆ। ਪੰਜਾਬ ਸਰਕਾਰ ਨੇ ਕਿਹਾ ਕਿ ਗੰਭੀਰ ਜ਼ਖ਼ਮੀਆਂ ਨੂੰ ਬਿਹਤਰ ਸਿਹਤ ਸੰਭਾਲ ਸਹੂਲਤਾਂ ਲਈ ਮੁਲਤਾਨ ਦੇ ਫੌਜੀ ਹਸਪਤਾਲ ਤੇ ਨਿਸ਼ਤਰ ਹਸਪਤਾਲ ਵਿਚ ਤਬਦੀਲ ਕਰਨ ਲਈ ਤਿੰਨ ਹੈਲੀਕਾਪਟਰ ਲੱਗੇ ਹੋਏ ਹਨ। ਬਹਾਵਲਪੁਰ ਦੇ ਖੇਤਰੀ ਪੁਲੀਸ ਅਧਿਕਾਰੀ ਰਾਜਾ ਰਿਫਾਤ ਨੇ ਕਿਹਾ ਕਿ ਜਦੋਂ ਮੋਟਰਵੇਅ ਪੁਲੀਸ ਮੁਲਾਜ਼ਮ ਮੌਕੇ ਉਤੇ ਪੁੱਜੇ ਤਾਂ ਟੈਂਕਰ ਪਲਟਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਨੇੜਲੇ ਪਿੰਡ ਮੌਜ਼ਾ ਰਮਜ਼ਾਨ ਦੇ ਵਾਸੀ ਵੀ ਉਥੇ ਇਕੱਤਰ ਸਨ। ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਚਲੇ ਜਾਣ ਲਈ ਕਿਹਾ ਪਰ ਲੋਕਾਂ ਨੇ ਪੈਟਰੋਲ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ।
ਅਚਾਨਕ ਟੈਂਕਰ ਫਟ ਗਿਆ ਅਤੇ ਸਕਿੰਟਾਂ ਵਿਚ ਹੀ ਅੱਗ ਨੇ ਮੌਕੇ ਉਤੇ ਮੌਜੂਦ ਲੋਕਾਂ ਨੂੰ ਲਪੇਟ ਵਿਚ ਲੈ ਲਿਆ। ਮੌਕੇ ਉਤੇ ਖੜ੍ਹੇ ਦਰਜਨਾਂ ਮੋਟਰਸਾਈਕਲ ਤੇ ਕਾਰਾਂ ਵੀ ਫੂਕੀਆਂ ਗਈਆਂ। ਥਲ ਸੈਨਾ ਮੁਖੀ ਕਮਰ ਜਾਵੇਦ ਬਾਜਵਾ ਨੇ ਆਦੇਸ਼ ਦਿੱਤਾ ਕਿ ਫੌਜ ਬਚਾਅ ਕਾਰਜਾਂ ਵਿਚ ਸਿਵਲ ਪ੍ਰਸ਼ਾਸਨ ਨੂੰ ਸਹਿਯੋਗ ਦੇ ਰਹੀ ਹੈ। ਫੌਜੀ ਹੈਲੀਕਾਪਟਰ ਨੂੰ ਰਾਹਤ ਕਾਰਜਾਂ ਵਿਚ ਲਾਇਆ ਗਿਆ ਹੈ। ਇਹ ਦੁਖਾਂਤ ਅਜਿਹੇ ਸਮੇਂ ਵਾਪਰਿਆ, ਜਦੋਂ ਇਕ ਦਿਨ ਬਾਅਦ ਹੀ ਦੇਸ਼ ਵਿਚ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਜਾਣਾ ਹੈ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਕਰਾਚੀ ਵਿਚ ਤੇਲ ਟੈਂਕਰ ਤੇ ਬੱਸ ਦੀ ਟੱਕਰ ਕਾਰਨ ਅੱਗ ਲੱਗਣ ਨਾਲ 62 ਜਣੇ ਮਾਰੇ ਗਏ ਸਨ।