ਦਲਿਤ ਸਮਾਰੋਹ ਉੱਤੇ ਹਮਲੇ ਵਿਰੁਧ ਅੰਦੋਲਨ ਦੌਰਾਨ ਝੜਪਾਂ ਸਬੰਧੀ 150 ਗ੍ਰਿਫ਼ਤਾਰ

ਦਲਿਤ ਸਮਾਰੋਹ ਉੱਤੇ ਹਮਲੇ ਵਿਰੁਧ ਅੰਦੋਲਨ ਦੌਰਾਨ ਝੜਪਾਂ ਸਬੰਧੀ 150 ਗ੍ਰਿਫ਼ਤਾਰ

ਮਹਾਰਾਸ਼ਟਰ ਬੰਦ ਦੇ ਸੱਦੇ ਦੌਰਾਨ ਦਲਿਤ ਭਾਈਚਾਰੇ ਦੇ ਲੋਕ ਥਾਣੇ ਦੇ ਰੇਲਵੇ ਸਟੇਸ਼ਨ ‘ਤੇ ਮੁਜ਼ਾਹਰਾ ਕਰਦਾ ਹੋਏ।
ਮੁੰਬਈ/ਬਿਊਰੋ ਨਿਊਜ਼:
ਭੀਮ ਕੋਰੇਗਾਓਂ ਜੰਗ ਦੀ 200ਵੀਂ ਵਰ੍ਹੇਗੰਢ ਮਨਾਉਣ ਮੌਕੇ ਹੋਈ ਹਿੰਸਾ ਦੇ ਵਿਰੋਧ ‘ਚ ਮਹਾਰਾਸ਼ਟਰ ਬੰਦ ਦੇ ਦਿੱਤੇ ਗਏ ਸੱਦੇ ਦੌਰਾਨ ਅੰਦੋਲਨ ਹੋਰ ਹਿੰਸਕ ਹੋ ਗਿਆ ਅਤੇ ਰੇਲ, ਬੱਸ ਅਤੇ ਸੜਕ ਆਵਾਜਾਈ ‘ਚ ਅੜਿੱਕਾ ਡਾਹਿਆ ਗਿਆ। ਸ਼ਹਿਰ ਅਤੇ ਮਹਾਰਾਸ਼ਟਰ ਦੇ ਕਈ ਹਿੱਸਿਆਂ ‘ਚ ਆਮ ਜਨਜੀਵਨ ਠੱਪ ਹੋ ਕੇ ਰਹਿ ਗਿਆ। ਬੰਦ ਨੂੰ ਦੇਖਦਿਆਂ ਮੁੰਬਈ ਡੱਬਾਵਾਲਾ ਐਸੋਸੀਏਸ਼ਨ ਨੇ ਆਪਣੇ ਗਾਹਕਾਂ ਨੂੰ ਖਾਣਾ ਪਹੁੰਚਾਉਣ ਦੀਆਂ ਸੇਵਾਵਾਂ ਨਹੀਂ ਦਿੱਤੀਆਂ। ਸੂਬਾ ਸਰਕਾਰ ਨੇ ਸਕੂਲਾਂ ‘ਚ ਛੁੱਟੀ ਨਹੀਂ ਐਲਾਨੀ ਸੀ ਪਰ ਬੰਦ ਕਾਰਨ ਬੱਸ ਅਪਰੇਟਰਾਂ ਨੇ ਆਪਣੀਆਂ ਬੱਸਾਂ ਨਹੀਂ ਚਲਾਈਆਂ। ਭਰੀਪਾ ਬਹੁਜਨ ਮਹਾਸੰਘ ਆਗੂ ਅਤੇ ਬੀ ਆਰ ਅੰਬੇਦਕਰ ਦੇ ਪੋਤੇ ਪ੍ਰਕਾਸ਼ ਅੰਬੇਦਕਰ ਨੇ ਪੁਣੇ ਜ਼ਿਲ੍ਹੇ ਦੇ ਪਿੰਡ ਭੀਮ ਕੋਰੇਗਾਓਂ ‘ਚ ਦੋ ਦਿਨ ਪਹਿਲਾਂ ਹੋਈ ਹਿੰਸਾ ਨੂੰ ਸੂਬਾ ਸਰਕਾਰ ਵੱਲੋਂ ਰੋਕਣ ‘ਚ ਨਾਕਾਮ ਰਹਿਣ ਦੇ ਵਿਰੋਧ ‘ਚ ਅੱਜ ਮਹਾਰਾਸ਼ਟਰ ਬੰਦ ਦਾ ਸੱਦਾ ਦਿੱਤਾ ਸੀ। ਅੰਦੋਲਨਕਾਰੀਆਂ ਵੱਲੋਂ ਬੱਸਾਂ ‘ਤੇ ਹਮਲੇ, ਨੀਮ ਸ਼ਹਿਰੀ ਲੋਕਲ    ੇਵਾਵਾਂ ਰੋਕਣ ਅਤੇ ਵੱਖ ਵੱਖ ਥਾਵਾਂ ‘ਤੇ ਸੜਕਾਂ ਜਾਮ ਕੀਤੇ ਜਾਣ ਮਗਰੋਂ ਮੁੰਬਈ ‘ਚ ਮਾਹੌਲ ਅਸ਼ਾਂਤ ਹੋ ਗਿਆ। ਬੰਦ ਦਾ ਹਵਾਈ ਉਡਾਣਾਂ ‘ਤੇ ਵੀ ਅਸਰ ਪਿਆ ਅਤੇ 12 ਉਡਾਣਾਂ ਰੱਦ ਹੋ ਗਈਆਂ ਜਦਕਿ 235 ਦੇਰੀ ਨਾਲ ਰਵਾਨਾ ਹੋਈਆਂ। ਪੁਲੀਸ ਨੇ ਕਿਹਾ ਕਿ ਅੰਦੋਲਨਕਾਰੀਆਂ ਨੇ ਚੇਂਬੂਰ, ਘਾਟਕੋਪਰ, ਕਾਮਰਾਜ ਨਗਰ, ਵਿਖਰੋਲੀ, ਦਿਨਦੋਸ਼ੀ, ਕਾਂਡੀਵਲੀ, ਜੋਗੇਸ਼ਵਰੀ, ਕਲਾਨਗਰ ਅਤੇ ਮਾਹਿਮ ਤੋਂ ਪ੍ਰਦਰਸ਼ਨ ਸ਼ੁਰੂ ਕੀਤੇ। ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਸਵੇਰੇ ਹੀ ਪੱਛਮੀ ਐਕਸਪ੍ਰੈੱਸ ਹਾਈਵੇਅ ਨੂੰ ਠੱਪ ਕਰ ਦਿੱਤਾ ਸੀ ਪਰ ਪੁਲੀਸ ਨੇ ਉਨ੍ਹਾਂ ਨੂੰ ਮੌਕੇ ਤੋਂ ਭਜਾ ਦਿੱਤਾ। ਪੂਰਬੀ ਐਕਸਪ੍ਰੈੱਸ ਹਾਈਵੇਅ ਪੰਜ ਘੰਟਿਆਂ ਤਕ ਜਾਮ ਰਿਹਾ। ਪ੍ਰਦਰਸ਼ਨਕਾਰੀਆਂ ਨੇ ਬੈੱਸਟ ਦੀਆਂ 50 ਬੱਸਾਂ ਨੂੰ ਨੁਕਾਸਨਿਆ ਜਿਸ ‘ਚ ਚਾਰ ਡਰਾਈਵਰ ਜ਼ਖ਼ਮੀ ਹੋ ਗਏ। ਨਵੀ ਮੁੰਬਈ, ਥਾਣੇ, ਔਰੰਗਾਬਾਦ, ਪੁਣੇ, ਨਾਂਦੇੜ, ਪਾਰਬਣੀ, ਵਾਸ਼ਿਮ, ਅਕੋਲਾ, ਸਿੰਧੂਦੁਰਗ, ਰਾਇਗੜ, ਕੋਲ੍ਹਾਪੁਰ ਤੋਂ ਵੀ ਸੜਕਾਂ ਜਾਮ ਕਰਨ, ਪੱਥਰਾਅ ਅਤੇ ਜਾਇਦਾਦ ਨੁਕਸਾਨ ਪਹੁੰਚਾਉਣ ਦੀਆਂ ਰਿਪੋਰਟਾਂ ਮਿਲੀਆਂ ਹਨ। ਪ੍ਰਦਰਸ਼ਨਾਂ ਨੂੰ ਦੇਖਦਿਆਂ ਪੁਲੀਸ ਨੇ ਟਰੈਫਿਕ ਨੂੰ ਹੋਰ ਰਸਤਿਆਂ ਵੱਲ ਮੋੜ ਦਿੱਤਾ ਤਾਂ ਜੋ ਆਵਾਜਾਈ ਸੁਚਾਰੂ ਢੰਗ ਨਾਲ ਚਲਦੀ ਰਹੇ। ਮੁੰਬਈ ਪੁਲੀਸ ਨੇ ਕੱਲ ਤੋਂ ਹੁਣ ਤਕ 150 ਤੋਂ ਵੱਧ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਸੀ। ਪੁਣੇ ‘ਚ ‘ਸਕਲ ਮਰਾਠਾ ਕਰਾਂਤੀ ਮੋਰਚਾ’ ਨੇ ਸ਼ਾਂਤੀ ਅਤੇ ਸਦਭਾਵਨਾ ਦੀ ਅਪੀਲ ਕਰਦਿਆਂ ਵੱਖ ਵੱਖ ਭਾਈਚਾਰਿਆਂ ‘ਚ ਤਰੇੜ ਪਾਉਣ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਪੁਣੇ ‘ਚ ਹਿੰਸਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਬੰਬੇ ਹਾਈ ਕੋਰਟ ਦਾ ਰੁਖ ਕਰਕੇ ਮੌਜੂਦਾ ਜੱਜ ਤੋਂ ਭੀਮ ਕੋਰੇਗਾਓਂ ‘ਚ ਹੋਈ ਹਿੰਸਾ ਦੀ ਜਾਂਚ ਕਰਵਾਉਣ ਦੀ ਮੰਗ ਕਰੇਗੀ।

ਦੋ ਹਿੰਦੂ ਆਗੂਆਂ ਦੀ ਗ੍ਰਿਫ਼ਤਾਰ ਮੰਗੀ
ਮਹਾਰਾਸ਼ਟਰ ਬੰਦ ਦਾ ਸੱਦਾ ਵਾਪਸ ਲੈਂਦਿਆਂ ਸ੍ਰੀ ਪ੍ਰਕਾਸ਼ ਅੰਬਦੇਕਰ ਨੇ ਦੋਸ਼ ਲਾਇਆ ਕਿ ਪੁਣੇ ਜ਼ਿਲ੍ਹੇ ਦੇ ਭੀਮ ਕੋਰੇਗਾਓਂ ‘ਚ ਹੋਈ ਹਿੰਸਾ ਪਿੱਛੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਸੰਭਾਜੀ ਭਿੜੇ ਅਤੇ ਮਿਲਿੰਦ ਏਕਬੋਤੇ ਦਾ ਹੱਥ ਹੈ ਅਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਮੁੰਬਈ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਵਾਂਗ ਕੇਸ ਚਲਾਇਆ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਬੰਦ ‘ਚ ਸੂਬੇ ਦੀ 50 ਫ਼ੀਸਦੀ ਆਬਾਦੀ ਨੇ ਹਿੱਸਾ ਲਿਆ ਅਤੇ ਦਲਿਤਾਂ ਦੇ ਨਾਲ ਹੀ ਓਬੀਸੀ ਨੇ ਵੀ ਰੋਸ ਜ਼ਾਹਰ ਕੀਤਾ।
ਮਾਮਲੇ ਦੀ ਸੰਸਦ ‘ਚ ਗੂੰਜ
ਨਵੀਂ ਦਿੱਲੀ : ਮਹਾਰਾਸ਼ਟਰ ‘ਚ ਜਾਤ ਆਧਾਰਿਤ ਹਿੰਸਾ ਦਾ ਮਾਮਲਾ ਅੱਜ ਸੰਸਦ ‘ਚ ਵੀ ਗੂੰਜਿਆ। ਵਿਰੋਧੀ ਧਿਰਾਂ ਨੇ ਇਸ ਮਾਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖਾਮੋਸੀ ਦੀ ਨਿਖੇਧੀ ਕੀਤੀ। ਉਧਰ, ਕਾਂਗਰਸ ਵੱਲੋਂ ਲਾਏ ਗਏ ਦੋਸ਼ਾਂ ਦਾ ਆਰਐਸਐਸ ਨੇ ਖੰਡਨ ਕੀਤਾ ਹੈ। ਲੋਕ ਸਭਾ ‘ਚ ਕਾਂਗਰਸ ਆਗੂ ਮਲਿਕਅਰਜੁਨ ਖੜਗੇ ਨੇ ਦੋਸ਼ ਲਾਇਆ ਕਿ ਆਰਐਸਐਸ ਅਤੇ ਕੁਝ ਕੱਟੜ ਹਿੰਦੂਤਵ ਜਥੇਬੰਦੀਆਂ ਦਾ ਹਿੰਸਾ ਪਿੱਛੇ ਹੱਥ ਹੈ। ਉਨ੍ਹਾਂ ਮੰਗ ਕੀਤੀ ਕਿ ਸੁਪਰੀਮ ਕੋਰਟ ਦੇ ਜੱਜ ਤੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ। ਭਾਜਪਾ ਮੈਂਬਰਾਂ ਵੱਲੋਂ ਜਦੋਂ ਉਨ੍ਹਾਂ ਦੇ ਬਿਆਨ ਦਾ ਵਿਰੋਧ ਕੀਤਾ ਗਿਆ ਤਾਂ ਖਫ਼ਾ ਨਜ਼ਰ ਆਏ ਖੜਗੇ ਨੇ ਕੁਝ ਕਾਗਜ਼ ਫਾੜ ਦਿੱਤੇ। ਉਨ੍ਹਾਂ ਕਿਹਾ ਕਿ ਦਲਿਤਾਂ ਦੇ ਮੁੱਦੇ ‘ਤੇ ‘ਮੌਨੀ ਬਾਬਾ’ (ਪ੍ਰਧਾਨ ਮੰਤਰੀ) ਖਾਮੋਸ਼ ਕਿਉਂ ਹਨ? ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਦੋਸ਼ ਲਾਇਆ ਕਿ ਕਾਂਗਰਸ ਇਸ ਮੁੱਦੇ ‘ਤੇ ਸਿਆਸਤ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ‘ਤੇ ਕਾਂਗਰਸ ਮੈਂਬਰ ਸਦਨ ਦੇ ਵਿਚਕਾਰ ਆ ਗਏ ਅਤੇ ‘ਬਾਬਾਸਾਹੇਬ ਅੰਬੇਦਕਰ ਦਾ ਅਪਮਾਨ ਨਾ ਕਰੋ, ਮੁਲਕ ਨੂੰ ਵੰਡਣ ਦੀ ਕੋਸ਼ਿਸ਼ ਨਾ ਕਰੋ ਅਤੇ ਪ੍ਰਧਾਨ ਮੰਤਰੀ ਬੋਲੋ’ ਜਿਹੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਉਧਰ, ਰਾਜ ਸਭਾ ‘ਚ  ਕਾਂਗਰਸ ਅਤੇ ਬਸਪਾ ਸਮੇਤ ਹੋਰ ਪਾਰਟੀਆਂ ਵੱਲੋਂ ਹਿੰਸਾ ‘ਤੇ ਬਹਿਸ ਦੀ ਮੰਗ ਕਰਕੇ ਕਾਫੀ ਹੰਗਾਮਾ ਹੋਇਆ। ਬਸਪਾ ਮੈਂਬਰ ਸਤੀਸ਼ ਚੰਦਰ ਮਿਸ਼ਰਾ ਨੇ ਕਿਹਾ ਕਿ ਮਹਾਰਾਸ਼ਟਰ ‘ਚ ਸ਼ਾਂਤ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਦੋਸ਼ ਲਾਇਆ ਕਿ ਸੂਬਾ ਸਰਕਾਰ ਨੇ ਇਸ ਪਿੱਛੇ ਸਾਜ਼ਿਸ਼ ਘੜੀ ਹੈ। ਉਧਰ, ਕਾਂਗਰਸ ਵੱਲੋਂ ਮਹਾਰਾਸ਼ਟਰ ‘ਚ ਹਿੰਸਾ ਲਈ ਆਰਐਸਐਸ ਨੂੰ ਦੋਸ਼ੀ ਠਹਿਰਾਏ ਜਾਣ ‘ਤੇ ਆਰਐਸਐਸ ਦੇ ਤਰਜਮਾਨ ਮਨਮੋਹਨ ਵੈਦਿਆ ਨੇ ਕਿਹਾ ਕਿ ‘ਭਾਰਤ ਤੋੜੋ ਬ੍ਰਿਗੇਡ’ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ‘ਚ ਭਾਰਤ ਦੇ ਟੋਟੇ ਕਰਨ ਦੇ ਨਾਅਰੇ ਲਾਏ ਸਨ ਅਤੇ ਹੁਣ ਉਹ ਅਜਿਹੀਆਂ ਵਾਰਦਾਤਾਂ ਨਾਲ ਮੁਲਕ ਨੂੰ ਧਰਮ ਅਤੇ ਜਾਤ ਦੇ ਆਧਾਰ ‘ਤੇ ਵੰਡਣਾ ਚਾਹੁੰਦੇ ਹਨ।