ਯੁਵੀ ਤੇ ਧੋਨੀ ਦੀ ਜੋੜੀ ਨੇ ਇੰਗਲੈਂਡ ਨੂੰ 15 ਦੌੜਾਂ ਨਾਲ ਕੀਤਾ ਚਿੱਤ

ਯੁਵੀ ਤੇ ਧੋਨੀ ਦੀ ਜੋੜੀ ਨੇ ਇੰਗਲੈਂਡ ਨੂੰ 15 ਦੌੜਾਂ ਨਾਲ ਕੀਤਾ ਚਿੱਤ

ਕਟਕ/ਬਿਊਰੋ ਨਿਊਜ਼ :
ਭਾਰਤ ਨੇ ਇਥੇ ਯੁਵਰਾਜ ਸਿੰਘ(150) ਤੇ ਮਹਿੰਦਰ ਸਿੰਘ ਧੋਨੀ(134) ਦੇ ਸੈਂਕੜਿਆਂ ਦੀ ਬਦੌਲਤ ਦੂਜੇ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਇੰਗਲੈਂਡ ਨੂੰ 15 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ 2-0 ਦੀ ਜੇਤੂ ਲੀਡ ਲੈ ਲਈ ਹੈ। ਭਾਰਤ ਵੱਲੋਂ ਦਿੱਤੇ 381 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮਹਿਮਾਨ ਟੀਮ ਨਿਰਧਾਰਿਤ 50 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਨਾਲ 366 ਦੌੜਾਂ ਹੀ ਬਣਾ ਸਕੀ। ਇੰਗਲੈਂਡ ਲਈ ਕਪਤਾਨ ਇਓਨ ਮੋਰਗਨ ਨੇ 102 ਦੌੜਾਂ ਦੀ ਜੁਝਾਰੂ ਪਾਰੀ ਖੇਡੀ, ਪਰ ਆਖਰੀ ਪਲਾਂ ਵਿਚ ਰਨ ਆਊਟ ਹੋਣ ਕਰਕੇ ਟੀਮ ਦੀ ਜਿੱਤ ਦੀਆਂ ਆਸਾਂ ਨੂੰ ਵੱਡਾ ਝਟਕਾ ਲੱਗਾ। ਹੋਰਨਾਂ ਬੱਲੇਬਾਜ਼ਾਂ ਵਿੱਚ ਸਲਾਮੀ ਬੱਲੇਬਾਜ਼ ਜੇਸਨ ਰੌਇ ਨੇ 82 ਜਦਕਿ ਜੋਅ ਰੂਟ ਨੇ ਨੀਮ ਸੈਂਕੜਾ ਜੜਦਿਆਂ 54 ਦੌੜਾਂ ਬਣਾਈਆਂ। ਮੋਈਨ ਅਲੀ ਨੇ ਹੇਠਲੇ ਕ੍ਰਮ ਵਿੱਚ 55 ਦੌੜਾਂ ਦਾ ਯੋਗਦਾਨ ਪਾਇਆ ਜਦਕਿ ਲਿਯਾਮ ਪਲੰਕੇਟ ਤੇ ਡੇਵਿਡ ਵਿਲੀ ਕ੍ਰਮਵਾਰ 26 ਤੇ 5 ਦੌੜਾਂ ਨਾਲ ਨਾਬਾਦ ਰਹੇ। ਭਾਰਤ ਵੱਲੋਂ ਰਵੀਚੰਦਰਨ ਅਸ਼ਵਿਨ ਤਿੰਨ ਵਿਕਟਾਂ ਲੈ ਕੇ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ ਜਦਕਿ ਜਸਪ੍ਰੀਤ ਬਮਰਾਹ ਨੇ ਦੋ ਅਤੇ ਰਵਿੰਦਰ ਜਡੇਜਾ ਤੇ ਭੁਵਨੇਸ਼ਵਰ ਕੁਮਾਰ ਨੇ ਇਕ ਇਕ ਵਿਕਟ ਲਈ। ਯੁਵਰਾਜ ਨੂੰ 150 ਦੌੜਾਂ ਬਣਾਉਣ ਬਦਲੇ ‘ਮੈਨ ਆਫ਼ ਦਿ ਮੈਚ’ ਐਲਾਨਿਆ ਗਿਆ। ਲੜੀ ਦਾ ਤੀਜਾ ਮੈਚ 22 ਜਨਵਰੀ ਨੂੰ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ‘ਤੇ ਖੇਡਿਆ ਜਾਵੇਗਾ।
ਇਸ ਤੋਂ ਪਹਿਲਾਂ ਯੁਵਰਾਜ ਸਿੰਘ ਤੇ ਮਹਿੰਦਰ ਸਿੰਘ ਧੋਨੀ ਸਥਾਨਕ ਬਾਰਾਬਾਤੀ ਸਟੇਡੀਅਮ ਵਿੱਚ ਆਪਣੇ ਪੁਰਾਣੇ ਰੰਗ ਵਿਚ ਨਜ਼ਰ ਆਏ। ਦੋਵਾਂ ਵੱਲੋਂ ਜੜੇ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਸ਼ੁਰੂਆਤੀ ਝਟਕਿਆਂ ਤੋਂ ਉਭਰਦਿਆਂ ਇੰਗਲੈਂਡ ਖ਼ਿਲਾਫ਼ ਦੂਜੇ ਇਕ ਰੋਜ਼ਾ ਮੁਕਾਬਲੇ ਵਿੱਚ ਛੇ ਵਿਕਟਾਂ ਦੇ ਨੁਕਸਾਨ ਨਾਲ 381 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਯੁਵਰਾਜ ਨੇ 150 ਦੌੜਾਂ ਦੀ ਪਾਰੀ ਖੇਡੀ, ਜੋ ਉਸ ਦੇ ਕਰੀਅਰ ਦਾ ਸਰਵੋਤਮ ਸਕੋਰ ਹੈ। ਧੋਨੀ ਨੇ ਸ਼ੁਰੂਆਤ ਵਿਚ ਯੁਵੀ ਦੇ ਸਹਿਯੋਗੀ ਦੀ ਭੂਮਿਕਾ ਨਿਭਾਈ, ਪਰ ਮਗਰੋਂ ਉਸ ਨੇ ਆਪਣਾ ਅਸਲੀ ਜਲਵਾ ਵਿਖਾਉਂਦਿਆਂ 134 ਤੇਜ਼ ਤਰਾਰ ਦੌੜਾਂ ਬਣਾਈਆਂ। ਦੋਵਾਂ ਨੇ ਚੌਥੇ ਵਿਕਟ ਲਈ ਰਿਕਾਰਡ 256 ਦੌੜਾਂ ਦੀ ਭਾਈਵਾਲੀ ਕੀਤੀ। ਯੁਵਰਾਜ ਨੇ ਆਪਣੀ ਪਾਰੀ ਦੌਰਾਨ 127 ਗੇਂਦਾਂ ਖੇਡੀਆਂ ਤੇ 21 ਚੌਕੇ ਤੇ ਤਿੰਨ ਛੱਕੇ ਲਾਏ। ਇਸ ਪਾਰੀ ਦੌਰਾਨ ਉਹ ਇੰਗਲੈਂਡ ਖ਼ਿਲਾਫ਼ ਸਭ ਤੋਂ ਵੱਧ 1478 ਦੌੜਾਂ ਬਣਾਉਣ ਵਾਲਾ ਭਾਰਤੀ ਬੱਲੇਬਾਜ਼ ਵੀ ਬਣ ਗਿਆ। ਯੁਵੀ ਨੇ ਸਚਿਨ ਤੇਂਦੁਲਕਰ ਦੇ 1455 ਦੌੜਾਂ ਦੇ ਰਿਕਾਰਡ ਨੂੰ ਮਾਤ ਪਾਈ। ਉਧਰ ਧੋਨੀ ਨੇ ਵੀ ਕਪਤਾਨੀ ਛੱਡਣ ਤੋਂ ਬਾਅਦ ਪਹਿਲੀ ਸੈਂਕੜੇ ਵਾਲੀ ਪਾਰੀ ਖੇਡੀ, ਉਂਜ ਇਹ ਧੋਨੀ ਦੇ ਕਰੀਅਰ ਦਾ 10ਵਾਂ ਸੈਂਕੜਾ ਹੈ। ਭਾਰਤ ਨੇ ਆਖਰੀ ਦਸ ਓਵਰਾਂ ਵਿੱਚ 120 ਦੌੜਾਂ ਬਣਾਈਆਂ। ਹੇਠਲੇ ਕ੍ਰਮ ਵਿੱਚ ਪਹਿਲੇ ਮੈਚ ਦੇ ਨਾਇਕ ਰਹੇ ਕੇਦਾਰ ਜਾਧਵ ਨੇ ਦਸ ਗੇਂਦਾਂ ‘ਤੇ 22 ਤੇ ਹਾਰਦਿਕ ਪੰਡਿਆ ਨੇ ਨੌਂ ਗੇਂਦਾਂ ‘ਤੇ 19 ਜਦਕਿ ਰਵਿੰਦਰ ਜਡੇਜਾ ਨੇ ਅੱਠ ਗੇਂਦਾਂ ‘ਤੇ ਨਾਬਾਦ 18 ਦੌੜਾਂ ਦਾ ਯੋਗਦਾਨ ਪਾਇਆ।
ਉਂਜ ਇੰਗਲੈਂਡ ਵੱਲੋਂ ਦਿੱਤੇ ਸੱਦੇ ‘ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਟੀਮ ਨੇ ਪਹਿਲੇ ਪੰਜ ਓਵਰਾਂ ਵਿੱਚ ਦੋਵਾਂ ਸਲਾਮੀ ਬੱਲੇਬਾਜ਼ਾਂ ਕੇ.ਐਲ.ਰਾਹੁਲ (5) ਤੇ ਸ਼ਿਖਰ ਧਵਨ (11) ਤੇ ਬਿਹਤਰੀਨ ਲੈਅ ਵਿੱਚ ਚੱਲ ਰਹੇ ਕਪਤਾਨ ਵਿਰਾਟ ਕੋਹਲੀ (5) ਦੀਆਂ ਵਿਕਟਾਂ ਗੁਆ ਦਿੱਤੀਆਂ। ਤਿੰਨਾਂ ਨੂੰ ਕ੍ਰਿਸ ਵੋਕਸ ਨੇ ਆਪਣਾ ਸ਼ਿਕਾਰ ਬਣਾਇਆ। 25 ਦੇ ਸਕੋਰ ਤਕ ਪੁੱਜਦਿਆਂ ਕਪਤਾਨ ਵਿਰਾਟ ਕੋਹਲੀ ਸਮੇਤ ਤਿੰਨ ਅਹਿਮ ਵਿਕਟਾਂ ਗੁਆ ਲਈਆਂ। ਇਸ ਮਗਰੋਂ ਯੁਵਰਾਜ ਤੇ ਧੋਨੀ ਨੇ ਭਾਰਤੀ ਪਾਰੀ ਨੂੰ ਸੰਭਾਲਿਆ ਤੇ ਟੀਮ ਸਕੋਰ ਨੂੰ 350 ਤੋਂ ਪਾਰ ਪਹੁੰਚਾਉਣ ਵਿੱਚ ਸਫ਼ਲ ਰਹੀ। ਇੰਗਲੈਂਡ ਲਈ ਵੋਕਸ ਨੇ ਚਾਰ ਜਦਕਿ ਦੋ ਵਿਕਟਾਂ ਪਲੰਕੇਟ ਨੂੰ ਮਿਲੀਆਂ।
ਯੁਵਰਾਜ ਸਿੰਘ ਨੇ ਇੰਗਲੈਂਡ ਖ਼ਿਲਾਫ਼ 150 ਦੌੜਾਂ ਦੀ ਪਾਰੀ ਨੂੰ ਆਪਣੇ 16 ਸਾਲ ਦੇ ਕੌਮਾਂਤਰੀ ਕਰੀਅਰ ਦੀ ਸਰਵੋਤਮ ਪਾਰੀ ਕਰਾਰ ਦਿੱਤਾ ਹੈ। ਯੁਵਰਾਜ ਨੇ ਕਿਹਾ, ‘ਸ਼ਾਇਦ ਇਹ ਮੇਰੀ ਸਰਵੋਤਮ ਪਾਰੀਆਂ ਵਿਚੋਂ ਇਕ ਹੈ। ਪਿਛਲੀ ਵਾਰ ਮੈਂ 2011 ਵਿਸ਼ਵ ਕੱਪ ਦੌਰਾਨ ਸੈਂਕੜਾ ਜੜਿਆ ਸੀ। ਮੈਂ ਆਪਣੀ ਪਾਰੀ ਤੋਂ ਖ਼ੁਸ਼ ਹਾਂ।’ ਧੋਨੀ ਦੀ ਤਾਰੀਫ਼ ਕਰਦਿਆਂ ਯੁਵੀ ਨੇ ਸਾਬਕਾ ਕਪਤਾਨ ਨੂੰ ਸਨਸਨੀਖੇਜ਼ ਕਪਤਾਨ ਦੱਸਿਆ। ਯੁਵਰਾਜ ਨੇ ਕਿਹਾ ਕਿ ਜਦੋਂ ਮਾਹੀ (ਧੋਨੀ) ‘ਤੇ ਕਪਤਾਨੀ ਦਾ ਬੋਝ ਨਹੀਂ ਹੁੰਦਾ ਤਾਂ ਉਹ ਖੁੱਲ੍ਹ ਕੇ ਬੱਲੇਬਾਜ਼ੀ ਕਰਦਾ ਹੈ ਤੇ ਧੋਨੀ ਦੀ ਪਾਰੀ ਨੇ ਇਹ ਸਾਬਤ ਕਰ ਦਿੱਤਾ ਹੈ।