ਦੋ ਰੋਜ਼ਾ ਸਿੱਖ ਚੇਤਨਾ ਕਾਨਫਰੰਸ 15 ਜੁਲਾਈ ਤੋਂ

ਦੋ ਰੋਜ਼ਾ ਸਿੱਖ ਚੇਤਨਾ ਕਾਨਫਰੰਸ 15 ਜੁਲਾਈ ਤੋਂ

ਸਿੱਖ ਵਿਦਵਾਨ ਸਿਆਟਲ ‘ਚ ਵਿਚਾਰਣਗੇ ਭਖ਼ਦੇ ਧਾਰਮਿਕ ਮਸਲੇ
ਸਿਆਟਲ/ਬਿਊਰੋ ਨਿਊਜ਼:
ਸਿਆਟਲ ‘ਚ ਦੋ ਰੋਜ਼ਾ ਸਿੱਖ ਚੇਤਨਾ ਕਾਨਫਰੰਸ 15 ਜੁਲਾਈ ਤੋਂ ਕਰਵਾਈ ਜਾ ਰਹੀ ਹੈ ਜਿਸ ‘ਚ ਦੇਸ਼ ਵਿਦੇਸ਼ ਤੋਂ ਆਏ ਵਿਦਵਾਨ ਸਿੱਖ ਪੰਥ ਨੂੰ ਦਰਪੇਸ਼ ਅਹਿਮ ਅਤੇ ਭਖ਼ਦੇ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕਰਨਗੇ।
ਸਰਗਰਮ ਸਿੱਖ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਬਕਾ ਮੈਂਬਰ ਤਰਲੋਚਨ ਸਿੰਘ ਦੁਪਾਲਪੁਰ ਵਲੋਂ ਦਿੱਤੀ ਲਿਖਤੀ ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰਗੁਰਦੁਆਰਾ ਪ੍ਰਬੰਧਕ ਕਮੇਟੀ ਜੈਸੀਆਂ ਸਿੱਖ ਪੰਥ ਦੀਆਂ ਕੇਂਦਰੀ ਸੰਸਥਾਵਾਂ ਬੇਸ਼ੱਕ ਬਾਦਲ ਪਰਿਵਾਰ ਅਤੇ ਕੁਝ ਸੰਪਰਦਾਈ ਡੇਰੇਦਾਰਾਂ ਦੇ ਸਿਆਸੀ ਮੰਤਵਾਂ ਵਾਲੇ ਗਠਜੋੜ ਦੀ ਜਕੜ ਵਿਚ ਹੋਣ ਕਰਕੇ ਸਿੱਖ ਸਿਧਾਂਤ ਅਤੇ ਸਿੱਖ ਪਹਿਚਾਣ ਦੀ ਵਿੱਲਖਣਤਾ ‘ਤੇ ਪਹਿਰਾ ਦੇਣ ਦੀ ਥਾਂ ਇਨ੍ਹਾਂ ਨੂੰ ਗੰਧਲਾ ਕਰਨ ਦੇ ਰਾਹ ਪਈਆਂ ਹੋਈਆਂ ਹਨ ਪਰ ਪ੍ਰਵਾਸੀ ਸਿੱਖਾਂ ਵਿਚ ਉਕਤ ਅਧੋਗਤੀ ਦੇ ਖਿਲਾਫ਼ ਜਾਗਰੂਕਤਾ ਅਤੇ ਧਰਮ ਪ੍ਰਤੀ ਚੇਤਨਤਾ ਦਾ ਜੋਸ਼ ਠਾਠਾਂ ਮਾਰਦਾ ਦਿਖਾਈ ਦਿੰਦਾ ਹੈ। ਸਿਆਸੀ ਗਿਣਤੀਆਂ ਮਿਣਤੀਆਂ ਦੀ ਲੋੜ ਮੁਤਾਬਕ ਜਦੋਂ ਤੋਂ ਬਾਦਲ ਪਰਿਵਾਰ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਦਾ ਖਾਤਮਾ ਕਰਵਾਇਆ ਗਿਆ ਹੈ ਉਦੋਂ ਤੋਂ ਹੀ ਪ੍ਰਵਾਸੀ ਸਿੱਖ ਜਥੇਬੰਦੀਆਂ ਰੋਹ ਭਰਪੂਰ ਚਿੰਤਾ ਕਾਰਨ ਕੌਮੀ ਚੇਤਨਾ ਲਈ ਸਰਗਰਮੀਆਂ ਵਧਾ ਰਹੀਆਂ ਹਨ।
ਇਸੇ ਭਾਵਨਾ ਤਹਿਤ ਹੁਣ ਸਿਆਟਲ ਦੇ ਕੈਂਟ ਇਲਾਕੇ ਵਿਚ ਦੋ ਦਿਨਾਂ ਅੰਤਰਰਾਸ਼ਟਰੀ ਸਿੱਖ ਚੇਤਨਾ ਕਾਨਫਰੰਸ 15-16 ਜੁਲਾਈ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬ ਉੱਚਤਾ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਦੀ ਰਖਵਾਲੀ ਤੱਤ-ਗੁਰਮਤਿ ਪ੍ਰਚਾਰ-ਪਸਾਰ ਨੂੰ ਡੇਰਾਬਾਦ ਦੀਆਂ ਚੁਣੌਤੀਆਂ, ਪੰਥ ਦੀਆਂ ਕੇਂਦਰੀ ਸੰਸਥਾਵਾਂ ਜਥੇਬੰਦੀਆਂ ਨੂੰ ਸਿਆਸੀ ਗੁਲਾਮੀ ਤੋਂ ਮੁਕਤ ਕਰਾਉਣ, ਮੂਲ ਨਾਨਕਸ਼ਾਹੀ ਕੈਲੰਡਰ ਦੀ ਮੁੜ ਬਹਾਲੀ ਅਤੇ ਪ੍ਰਵਾਸੀ ਸਿੱਖਾਂ ਦੇ ਕੁਝ ਸਥਾਨਕ ਧਾਰਮਿਕ ਸਮਾਜਿਕ ਮਸਲਿਆਂ ਬਾਬਤ ਵਿਚਾਰ ਗੋਸ਼ਟੀਆਂ ਹੋਣਗੀਆਂ।
ਇਨ੍ਹਾਂ ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸੱਚਾ ਮਾਰਗ ਦੀ ਪ੍ਰਬੰਧਕ ਕਮੇਟੀ ਅਤੇ ਯੂਨਾਈਟਿਡ ਸਿੱਖ ਨੇਸ਼ਨ ਦੇ ਸੇਵਾਦਾਰਾਂ ਨੇ ਦਸਿਆ ਕਿ ਪਹਿਲੇ ਦਿਨ 15 ਜੁਲਾਈ ਸ਼ਨੀਵਾਰ ਨੂੰ ਕੈਂਟ ਕਾਨਫਰੰਸ ਸੈਂਟਰ ਵਿਖੇ ਸਵੇਰੇ 9:00 ਵਜੇ ਤੋਂ ਸ਼ਾਮ 6:00 ਵਜੇ ਤੱਕ ਮੁੱਖ ਸੈਮੀਨਾਰ ਹੋਵੇਗਾ ਅਤੇ 16 ਜੁਲਾਈ ਐਤਵਾਰ ਦਾ ਸਮਾਗਮ ਗੁਰਦੁਆਰਾ ਸੱਚਾ ਮਾਰਗ ਐਬਰਨ, ਸਿਆਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਵਿਚ ਸਵਰੇ 11:00 ਵਜੇ ਤੋ੬ ਬਾਅਦ ਦੁਪਹਿਰ 2:00 ਵਜੇ ਤੱਕ ਚੱਲੇਗਾ।
ਇਨ੍ਹਾਂ ਸਮਾਗਮਾਂ ਵਿਚ ਡਾ. ਗੁਰਦਰਸ਼ਨ ਸਿੰਘ ਢਿੱਲੋਂ ਸਾਬਕਾ ਮੁਖੀ ਇਤਿਹਾਸ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪਾਲ ਸਿੰਘ ਪੁਰੇਵਾਲ ਨਾਨਕਸ਼ਾਹੀ ਕੈਲੰਡਰ ਦੇ ਰਚਨਾਕਾਰ, ਗੁਰਦੇਵ ਸਿੰਘ ਸੱਧੇਵਾਲੀਆ ਸੰਪਾਦਕ ‘ਖਬਰਕਾਰ’ ਮੈਗਜ਼ੀਨ, ਬੀਬੀ ਜਸਵੀਰ ਕੌਰ Àਹਾਇਉ ਸਟੇਟ, ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਐਸ ਜੀ ਪੀ ਸੀ, ਹਰਜਿੰਦਰ ਸਿੰਘ ਸਭਰਾ ਤੇ ਸ਼ਿਵਤੇਗ ਸਿੰਘ ਦੋਵੇਂ ਕਥਾ ਵਾਚਕ, ਸਰਬਜੀਤ ਸਿੰਘ ਭੂਗੋਲ ਤੇ ਖਗੋਲ ਸ਼ਾਸਤਰੀ, ਡਾ. ਇੰਦਰਜੀਤ ਸਿੰਘ ਭੀਮ ਰਾਉ ਅੰਬੇਦਕਰ ਸਿੱਖ ਫਾਊਂਡੇਸ਼ਨ ਵਾਲੇ ਅਤੇ ਭਾਈ ਜਸਵੰਤ ਸਿੰਘ ਹੋਠੀ ਮੁਖੀ ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਪ੍ਰਸਿੱਧ ਬੁਲਾਰੇ ਆਪਣੇ ਵਿਚਾਰ ਰੱਖਣਗੇ।
ਪ੍ਰਬੰਧਕਾਂ ਅਨੁਸਾਰ ਸਮੁੱਚੇ ਸਮਾਗਮਾਂ ਨੂੰ ਲਾਈਵ ਟੈਲੀਕਾਸਟ ਕਰਨ ਦਾ ਬੰਦੋਬਸਤ ਕੀਤਾ ਜਾ ਰਿਹਾ ਹੈ। ਸਾਰੇ ਪ੍ਰੋਗਰਾਮਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਦੋਵੇਂ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ।